ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾੜ੍ਹ ਦੀ ਝੜੀ ਨੇ ਜਲ-ਥਲ ਕੀਤਾ ਉੱਤਰੀ ਭਾਰਤ

07:19 AM Jul 09, 2023 IST
ਬਠਿੰਡਾ ਦੀ ਪਾਵਰ ਹਾਊਸ ਰੋਡ ’ਤੇ ਜਮ੍ਹਾਂ ਹੋਏ ਮੀਂਹ ਦੇ ਪਾਣੀ ’ਚੋਂ ਲੰਘਦੇ ਲੋਕ ਤੇ ਸੋਲਨ ਦੇ ਪਿੰਡ ਡੋਚੀ ’ਚ ਮੀਂਹ ਕਾਰਨ ਨੁਕਸਾਨਿਆ ਗਿਆ ਘਰ।

ਆਤਿਸ਼ ਗੁਪਤਾ
ਚੰਡੀਗੜ੍ਹ, 8 ਜੁਲਾਈ
ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਮੌਨਸੂਨ ਸਰਗਰਮ ਹੋ ਗਿਆ ਹੈ। ਇਕ ਪਾਸੇ ਲਗਾਤਾਰ ਪੈ ਰਹੇ ਮੀਂਹ ਨਾਲ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ, ਪਰ ਦੂਜੇ ਬੰਨ੍ਹੇ ਥਾਂ-ਥਾਂ ਪਾਣੀ ਭਰਨ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਉੱਤਰੀ ਭਾਰਤ ਵਿੱਚ ਅਗਲੇ ਚਾਰ-ਪੰਜ ਦਿਨ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਦੋ-ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ਵੀ ਜ਼ਿਆਦਾਤਰ ਸ਼ਹਿਰਾਂ ਵਿੱਚ ਸਵੇਰ ਤੋਂ ਮੀਂਹ ਜਾਰੀ ਰਿਹਾ ਹੈ। ਮੀਂਹ ਕਰਕੇ ਸੂਬੇ ਦੇ ਬਰਸਾਤੀ ਨਾਲੇ, ਚੋਅ ਤੇ ਦਰਿਆਵਾਂ ਵਿੱਚ ਵੀ ਪਾਣੀ ਚੜ੍ਹ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ ਜਿਸ ਕਾਰਨ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ। ਕਈ ਥਾਵਾਂ ’ਤੇ ਦਰੱਖਤ ਵੀ ਟੁੱਟੇ ਪਰ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਸਮ ਵਿਭਾਗ ਨੇ 9 ਤੇ 10 ਜੁਲਾਈ ਨੂੰ ਵੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਫਿਰੋਜ਼ਪੁਰ, ਗੁਰਦਾਸਪੁਰ, ਚੰਡੀਗੜ੍ਹ, ਲੁਧਿਆਣਾ, ਰੋਪੜ, ਨਵਾਂ ਸ਼ਹਿਰ ਸਣੇ ਹੋਰ ਵੀ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਰਕੇ ਪਾਣੀ ਭਰ ਗਿਆ ਹੈ।

Advertisement

ਬਠਿੰਡਾ ਸ਼ਹਿਰ ਵਿੱਚ ਭਾਰੀ ਮੀਂਹ ਮਗਰੋਂ ਸੜਕਾਂ ’ਤੇ ਭਰੇ ਪਾਣੀ ਵਿੱਚ ਡੁੱਬੇ ਹੋਏ ਵਾਹਨ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ’ਚ 108 ਐੱਮਐੱਮ, ਚੰਡੀਗੜ੍ਹ ’ਚ 70 ਐੱਮਐੱਮ, ਪਠਾਨਕੋਟ ’ਚ 46 ਐੱਮਐੱਮ, ਅੰਮ੍ਰਿਤਸਰ ’ਚ 20 ਐੱਮਐੱਮ, ਲੁਧਿਆਣਾ ’ਚ 24 ਐੱਮਐੱਮ, ਪਟਿਆਲਾ ’ਚ 10 ਐੱਮਐੱਮ, ਫਰੀਦਕੋਟ ’ਚ 11.5 ਐੱਮਐੱਮ, ਫਤਹਿਗੜ੍ਹ ਸਾਹਿਬ ’ਚ 16 ਐੱਮਐੱਮ, ਗੁਰਦਾਸਪੁਰ ’ਚ 38.5 ਐੱਮਐੱਮ, ਜਲੰਧਰ ’ਚ 8.5 ਐੱਮਐੱਮ, ਰੋਪੜ ’ਚ 39.5 ਐੱਮਐੱਮ, ਨਵਾਂ ਸ਼ਹਿਰ ’ਚ 29 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਮੁਹਾਲੀ, ਮੁਕਤਸਰ, ਸੰਗਰੂਰ ਸਣੇ ਹੋਰਨਾਂ ਸ਼ਹਿਰਾਂ ਵਿੱਚ ਵੀ ਮੀਂਹ ਪਿਆ ਹੈ। ਮੀਂਹ ਪੈਣ ਦੇ ਨਾਲ ਹੀ ਸੂਬੇ ’ਚ ਤਾਪਮਾਨ ਵੀ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ, ਜਿਸ ਕਰਕੇ ਜ਼ਿਆਦਾਤਰ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ’ਚ ਇਕ-ਦੋ ਡਿਗਰੀ ਸੈਲਸੀਅਸ ਦਾ ਹੀ ਫਰਕ ਹੈ।

ਜੰਮੂ ਵਿੱਚ ਭਾਰੀ ਮੀਂਹ ਤੋਂ ਬਾਅਦ ਢਿੱਗਾਂ ਡਿੱਗਣ ਕਾਰਨ ਨੁਕਸਾਨਿਆ ਜੰਮੂ-ਸ੍ਰੀਨਗਰ ਕੌਮੀ ਮਾਰਗ। -ਫੋਟੋਆਂ: ਪਵਨ ਕੁਮਾਰ ਤੇ ਪੀਟੀਆਈ

ਜੰਮੂ-ਸ੍ਰੀਨਗਰ ਹਾਈਵੇਅ ਦਾ ਵੱਡਾ ਹਿੱਸਾ ਰੁੜ੍ਹਿਆ
ਚੰਡੀਗੜ੍ਹ: ਭਾਰੀ ਮੀਂਹ ਦੇ ਮੱਦੇਨਜ਼ਰ ਜੰਮੂ-ਸ੍ਰੀਨਗਰ ਹਾਈਵੇਅ ਦਾ ਵੱਡਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ। ਕੌਮੀ ਹਾਈਵੇਅ ’ਤੇ ਦੋ ਸੁਰੰਗਾਂ ਨੂੰ ਜੋੜਦੀ ਸੜਕ ਢਿੱਗਾਂ ਡਿੱਗਣ ਕਾਰਨ ਧਸ ਗਈ। ਫਿਲਹਾਲ ਇਸ ਮਾਰਗ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਭਾਰੀ ਮੀਂਹ ਕਾਰਨ ਰਾਮਬਨ ਜ਼ਿਲ੍ਹੇ ਦੇ ਕਈ ਖੇਤਰਾਂ ਦਾ ਸੰਪਰਕ ਆਪਸ ਵਿੱਚ ਟੁੱਟ ਗਿਆ। ਇੰਜ ਹੀ ਸਾਰੀ ਰਾਤ ਭਾਰੀ ਮੀਂਹ ਪੈਣ ਕਾਰਨ ਮੁਗਲ ਰੋਡ ’ਤੇ ਵੀ ਢਿੱਗਾਂ ਡਿੱਗ ਗਈਆਂ ਹਨ। -ਟਨਸ

Advertisement

ਹਿਮਾਚਲ ਦੇ ਸੱਤ ਜ਼ਿਲ੍ਹਿਆਂ ’ਚ ਰੈੱਡ ਅਲਰਟ ਜਾਰੀ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਦਾ ਹੋਇਆ ਬਿਆਸ ਦਰਿਆ। -ਫੋਟੋ: ਪੀਟੀਆਈ

ਨਵੀਂ ਿਦੱਲੀ: ਮੌਸਮ ਵਿਭਾਗ ਨੇ ਹਿਮਾਚਲ ਦੇ ਸੱਤ ਜ਼ਿਲ੍ਹਿਆਂ ਵਿੱਚ ‘ਰੈੱਡ’ ਅਲਰਟ ਜਾਰੀ ਕੀਤਾ ਹੈ। ਸੋਲਨ ਜ਼ਿਲ੍ਹੇ ਦੇ ਕਸੌਲੀ ਵਿੱਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗ ਗਈਆਂ ਤੇ ਡੋਚੀ ਪਿੰਡ ’ਚ ਉਸਾਰੀ ਅਧੀਨ ਤਿੰਨ ਘਰ ਨੁਕਸਾਨੇ ਗਏ। ਇਨ੍ਹਾਂ ਇਮਾਰਤ ਵਿੱਚੋਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੌਸਮ ਵਿਭਾਗ ਮੁਤਾਬਿਕ ਚੰਬਾ, ਕਾਂਗੜਾ, ਕੁੱਲੂ, ਮੰਡੀ, ਊਨਾ, ਹਮੀਰਪੁਰ ਤੇ ਬਿਲਾਸਪੁਰ ਜ਼ਿਲ੍ਹਿਆਂ ਦੇ ਬਾਹਰਵਾਰ ਪੈਂਦੀਆਂ ਥਾਵਾਂ ’ਤੇ ਭਾਰੀ ਮੀਂਹ ਪਵੇਗਾ। ਸ਼ਿਮਲਾ, ਸਿਰਮੌਰ, ਸੋਲਨ ਅਤੇ ਲਾਹੌਲ ਤੇ ਸਪਿਤੀ ’ਚ ਅੱਠ ਤੇ ਨੌਂ ਜੁਲਾਈ ਨੂੰ ਮੋਹਲੇਧਾਰ ਮੀਂਹ ਪੈਣ ਸਬੰਧੀ ‘ਆਰੇਂਜ’ ਅਲਰਟ ਜਾਰੀ ਕੀਤਾ ਗਿਆ ਹੈ।

ਦਿੱਲੀ ਵਿੱਚ ਮੋਹਲੇਧਾਰ ਮੀਂਹ; ਆਵਾਜਾਈ ਪ੍ਰਬੰਧ ਲੀਹੋਂ ਲੱਥੇ
ਨਵੀਂ ਦਿੱਲੀ: ਇੱਥੋਂ ਦੇ ਵੱਖ-ਵੱਖ ਖੇਤਰਾਂ ਵਿੱਚ ਮੌਨਸੂਨ ਸੀਜ਼ਨ ਦਾ ਪਹਿਲਾ ਭਰਵਾਂ ਮੀਂਹ ਪਿਆ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਅਤੇ ਆਵਾਜਾਈ ਪ੍ਰਬੰਧ ਲੀਹੋ ਲੱਥ ਗਿਆ। ਘੰਟਿਆਂਬੱਧੀ ਵਾਹਨ ਜਾਮ ਵਿੱਚ ਫਸੇ ਰਹੇ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਉਤਰੀ ਭਾਰਤ ਵਿੱਚ ਅਗਲੇ ਚਾਰ ਪੰਜ ਦਿਨ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਸਰਗਰਮ ਹੋਈ ਮੌਨਸੂਨ ਦਾ ਪ੍ਰਭਾਵ ਹੋਰ ਸੂਬਿਆਂ ਵਿੱਚ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਲੋਕਾਂ ਨੂੰ ਭਾਰੀ ਮੀਂਹ ਤੋਂ ਬਚਣ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ। ਵਿਭਾਗ ਵੱਲੋਂ ਜੰਮੂ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ ਤੇ ਪੱਛਮੀ ਉਤਰ ਪ੍ਰਦੇਸ਼ ਵਿੱਚ ਅੱਠ ਤੇ ਨੌਂ ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਇੱਕ ਟਵੀਟ ਕਰ ਕੇ ਦੱਸਿਆ ਕਿ ਦਿੱਲੀ ਅਤੇ ਐੱਨਸੀਆਰ ਵਿੱਚ ਆਉਂਦੇ ਦਿਨ ਵੀ ਕਈ ਥਾਈਂ ਹਲਕੇ ਤੋਂ ਦਰਮਿਆਨਾ ਮੀਂਹ ਜਾਰੀ ਰਹੇਗਾ। -ਏਐਨਆਈ/ਪੀਟੀਆਈ

ਮੌਸਮ ਖਰਾਬ ਹੋਣ ਕਾਰਨ ਅਮਰਨਾਥ ਯਾਤਰਾ ਦੂਜੇ ਦਿਨ ਵੀ ਬੰਦ ਰਹੀ
ਜੰਮੂ/ਸ੍ਰੀਨਗਰ: ਮੀਂਹ ਤੇ ਢਿੱਗਾਂ ਡਿੱਗਣ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਲਗਾਤਾਰ ਦੂਜੇ ਦਿਨ ਬੰਦ ਰਹੀ। ਇਸ ਕਾਰਨ ਗੁਫਾ ਵੱਲ ਜਾਂਦੇ ਹਜ਼ਾਰਾਂ ਸ਼ਰਧਾਲੂ ਜੰਮੂ ਸਣੇ ਵੱਖ ਵੱਖ ਥਾਵਾਂ ’ਤੇ ਫਸ ਗਏ ਹਨ। ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਸ਼ਰਧਾਲੂਆਂ ਨੂੰ ਭਰੋਸਾ ਦਿਵਾਇਆ ਕਿ ਸੀਨੀਅਰ ਅਧਿਕਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਉਹ ਘਬਰਾਉਣ ਨਾ ਤੇ ਅਧਿਕਾਰੀਆਂ ਵੱਲੋਂ ਸਮੇਂ ਸਮੇਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ। -ਪੀਟੀਆਈ

 

 

Advertisement
Tags :
Heavy RainOrange Alertਉੱਤਰੀਹਾੜ੍ਹਕੀਤਾਜਲ-ਥਲਭਾਰਤ: