ਗਿਆਸਪੁਰਾ ਨੇ ਪਾਇਲ ਦੀ ਮੰਡੀ ’ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ
ਦੇਵਿੰਦਰ ਸਿੰਘ ਜੱਗੀ
ਪਾਇਲ, 9 ਅਕਤੂਬਰ
ਇੱਥੇ ਦਾਣਾ ਮੰਡੀ ਵਿੱਚ ਝੋਨੇ ਦੀ ਫ਼ਸਲ ਦੀ ਖਰੀਦ ਦਾ ਉਦਘਾਟਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕਿਸਾਨ ਅਮਨਦੀਪ ਸਿੰਘ ਵਾਸੀ ਅਲੂਣਾ ਦੀ ਢੇਰੀ ਦਾ ਭਾਅ ਲਾ ਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਸ੍ਰੀ ਗਿਆਸਪੁਰਾ ਨੇ ਕਿਹਾ ਕਿ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਦਾਣਾ ਮੰਡੀਆਂ ’ਚੋਂ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ, ਕਿਸਾਨਾਂ ਨੂੰ ਮੰਡੀਆਂ ’ਚ ਰੁਲਣ ਨਹੀਂ ਦਿੱਤਾ ਜਾਵੇਗਾ ਅਤੇ ਝੋਨੇ ਦੀ ਫਸਲ ਦੀ ਅਦਾਇਗੀ ਤੁਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ। ਚੇਅਰਮੈਨ ਬੂਟਾ ਸਿੰਘ ਰਾਣੋਂ ਨੇ ਕਿਹਾ ਕਿ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਐੱਸਡੀਐੱਮ ਪ੍ਰਦੀਪ ਸਿੰਘ ਬੈਂਸ ਨੇ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਆੜ੍ਹਤੀਆਂ ਨੂੰ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਧਾਨ ਬਿੱਟੂ ਪੁਰੀ, ਆੜ੍ਹਤੀ ਏ ਪੀ ਜੱਲਾ, ਪੀਏ ਮਨਜੀਤ ਸਿੰਘ ਡੀਸੀ, ਸੁਖਵਿੰਦਰ ਸਿੰਘ ਸੁੱਖੀ ਚੀਮਾ, ਗਿੰਨੀ ਸੋਨੀ, ਪ੍ਰਵੀਨ ਕੁਮਾਰ ਹਾਜ਼ਰ ਸਨ। ਇਸ ਮੌਕੇ ਆੜ੍ਹਤ ਐਸੋਸੀਏਸ਼ਨ ਵੱਲੋਂ ਵਿਧਾਇਕ ਗਿਆਸਪੁਰਾ, ਐੱਸਡੀਐੱਮ ਪਾਇਲ ਤੇ ਚੇਅਰਮੈਨ ਰਾਣੋਂ ਨੂੰ ਸਿਰੋਪੇ ਵੀ ਦਿੱਤੇ ਗਏ।