ਗਿਆਨਵਾਪੀ: ਹਾਈ ਕੋਰਟ ਵੱਲੋਂ ਮਸਜਿਦ ਕਮੇਟੀ ਨੂੰ ਤੁਰੰਤ ਰਾਹਤ ਦੇਣ ਤੋਂ ਨਾਂਹ
ਪ੍ਰਯਾਗਰਾਜ, 2 ਫਰਵਰੀ
ਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਦੇ ਕੰਪਲੈਕਸ ’ਚ ਸਥਿਤ ਤਹਿਖਾਨੇ ’ਚ ਪੂਜਾ ਦੀ ਇਜਾਜ਼ਤ ਦੇਣ ਵਾਲੇ ਵਾਰਾਨਸੀ ਅਦਾਲਤ ਦੇ ਹੁਕਮਾਂ ਖ਼ਿਲਾਫ਼ ਦਾਇਰ ਅਪੀਲ ’ਤੇ ਮਸਜਿਦ ਕਮੇਟੀ ਤੁਰੰਤ ਕੋਈ ਰਾਹਤ ਦੇਣ ਤੋਂ ਅੱਜ ਇਨਕਾਰ ਕਰ ਦਿੱਤਾ ਹੈ। ਗਿਆਨਵਾਪੀ ਮਸਜਿਦ ਦਾ ਪ੍ਰਬੰਧਨ ਕਰਨ ਵਾਲੀ ਅੰਜੂਮਨ ਇੰਤਜ਼ਾਮੀਆ ਮਸਜਿਦ ਕਮੇਟੀ ਨੇ ਵਾਰਾਨਸੀ ਦੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ ’ਚ ਅਪੀਲ ਦਾਇਰ ਕੀਤੀ ਹੈ।
ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਮਸਜਿਦ ਕਮੇਟੀ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਪਾਸ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਛੇ ਫਰਵਰੀ ਨੂੰ ਹੋਵੇਗੀ। ਅਦਾਲਤ ਨੇ ਹਾਲਾਂਕਿ ਤਹਿਖਾਨੇ ’ਚ ਪੂਜਾ ਰੋਕਣ ਸਬੰਧੀ ਕੋਈ ਹੁਕਮ ਪਾਸ ਨਹੀਂ ਕੀਤਾ ਹੈ। ਇੰਤਜ਼ਾਮੀਆ ਕਮੇਟੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਸਐੱਫਏ ਨਕਵੀ ਨੇ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਬਹੁਤ ਜਲਦਬਾਜ਼ੀ ਨਾਲ ਇਹ ਫ਼ੈਸਲਾ ਲਿਆ ਹੈ ਅਤੇ ਉਸ ਦੇ ਜੱਜ ਸੇਵਾਮੁਕਤ ਹੋਣ ਵਾਲੇ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜੱਜ ਨੇ ਹੁਕਮ ਪਾਸ ਕਰਦੇ ਸਮੇਂ ਉਨ੍ਹਾਂ ਦੇ ਦਸਤਾਵੇਜ਼ਾਂ ’ਤੇ ਵਿਚਾਰ ਨਹੀਂ ਕੀਤਾ। ਹਿੰਦੂ ਧਿਰ ਵੱਲੋਂ ਪੇਸ਼ ਹੋਏ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਕਿਹਾ ਕਿ ਪੂਜਾ ਦੀ ਇਜਾਜ਼ਤ ਦੇਣ ਨਾਲ ਦੂਜੀ ਧਿਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਪਹਿਲਾਂ ਵੀ ਪੂਜਾ ਹੁੰਦੀ ਰਹੀ ਸੀ ਜਿਸ ’ਤੇ ਦਸੰਬਰ 1993 ’ਚ ਰੋਕ ਲਗਾ ਦਿੱਤੀ ਗਈ ਸੀ। ਇਸੇ ਵਿਚਾਲੇ ਉੱਤਰ ਪ੍ਰਦੇਸ਼ ਦੇ ਐਡਵੋਕੇਟ ਜਨਰਲ ਨੇ ਹਲਫਨਾਮਾ ਦਾਇਰ ਕਰਕੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ 31 ਜਨਵਰੀ ਦੇ ਵਾਰਾਨਸੀ ਦੀ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖੇਗਾ। -ਪੀਟੀਆਈ
ਵਾਰਾਨਸੀ ਅਦਾਲਤ ਨੇ ਕਾਹਲੀ ਨਾਲ ਫ਼ੈਸਲਾ ਲਿਆ: ਮੁਸਲਿਮ ਬੋਰਡ
ਨਵੀਂ ਦਿੱਲੀ/ਵਾਰਾਨਸੀ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਨੇ ਅੱਜ ਦਾਅਵਾ ਕੀਤਾ ਕਿ ਵਾਰਾਨਸੀ ਦੀ ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਮਸਜਿਦ ਦੇ ਤਹਿਖਾਨੇ ’ਚ ਹਿੰਦੂਆਂ ਨੂੰ ਪੂਜਾ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕਾਹਲੀ ਨਾਲ ਕੀਤਾ ਹੈ ਅਤੇ ਕਿਹਾ ਕਿ ਉਹ ਇਸ ਮਾਮਲੇ ’ਚ ਇਨਸਾਫ ਲੈਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਦੂਜੇ ਪਾਸੇ ਅਦਾਲਤ ਵੱਲੋਂ ਹਿੰਦੂ ਧਿਰ ਨੂੰ ਪੂਜਾ ਦੀ ਇਜਾਜ਼ਤ ਦਿੱਤੇ ਜਾਣ ਮਗਰੋਂ ਅੱਜ ਗਿਆਨਵਾਪੀ ਮਸਜਿਦ ਦੇ ਕੰਪਲੈਕਸ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਨ ਢੰਗ ਨਾਲ ਨਮਾਜ਼ ਅਦਾ ਕੀਤੀ ਗਈ। ਅੱਜ ਇੰਨੀ ਵੱਡੀ ਗਿਣਤੀ ’ਚ ਲੋਕ ਇੱਥੇ ਨਮਾਜ਼ ਲਈ ਪਹੁੰਚ ਗਏ ਪੁਲੀਸ ਨੂੰ ਉਨ੍ਹਾਂ ਨੂੰ ਵਾਪਸ ਭੇਜਣਾ ਪਿਆ। ਜੁਮੇ ਦੀ ਨਮਾਜ਼ ਮੌਕੇ ਅੱਜ ਜ਼ਿਲ੍ਹੇ ’ਚ ਹਾਈ ਅਲਰਟ ਐਲਾਨਿਆ ਗਿਆ ਸੀ। ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧਨ ਕੀਤੇ ਗਏ ਸਨ। ਉੱਧਰ ਮਸਜਿਦ ਦੀ ਇੰਤਜ਼ਾਮੀਆ ਕਮੇਟੀ ਨੇ ਅਦਾਲਤੀ ਹੁਕਮਾਂ ਤੋਂ ਬਾਅਦ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਕਾਰਨ ਅੱਜ ਮੁਸਲਿਮ ਬਹੁ ਗਿਣਤੀ ਇਲਾਕਿਆਂ ’ਚ ਦੁਕਾਨਾਂ ਬੰਦ ਰਹੀਆਂ। -ਪੀਟੀਆਈ