For the best experience, open
https://m.punjabitribuneonline.com
on your mobile browser.
Advertisement

ਗੁਟੇਰੇਜ਼ ਨੇ ਗਾਜ਼ਾ ’ਚ ਜੰਗਬੰਦੀ ਦੀ ਅਪੀਲ ਲਈ ਯੂਐੱਨ ਚਾਰਟਰ ਦੀ ਵਿਸ਼ੇਸ਼ ਧਾਰਾ ਦੀ ਵਰਤੋਂ ਕੀਤੀ

08:05 AM Dec 08, 2023 IST
ਗੁਟੇਰੇਜ਼ ਨੇ ਗਾਜ਼ਾ ’ਚ ਜੰਗਬੰਦੀ ਦੀ ਅਪੀਲ ਲਈ ਯੂਐੱਨ ਚਾਰਟਰ ਦੀ ਵਿਸ਼ੇਸ਼ ਧਾਰਾ ਦੀ ਵਰਤੋਂ ਕੀਤੀ
Advertisement

ਸੰਯੁਕਤ ਰਾਸ਼ਟਰ, 7 ਦਸੰਬਰ
ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਇਜ਼ਰਾਈਲ-ਹਮਾਸ ਜੰਗਬੰਦੀ ਲਈ ਸਲਾਮਤੀ ਕੌਂਸਲ ਨੂੰ ਅਪੀਲ ਕਰਨ ਵਾਸਤੇ ਯੂਐੱਨ ਚਾਰਟਰ ਦੀ ਇਕ ਵਿਸ਼ੇਸ਼ ਧਾਰਾ 99 ਦੀ ਵਰਤੋਂ ਕੀਤੀ ਹੈ। ਉਨ੍ਹਾਂ ਮੁਤਾਬਕ ਜੰਗ ਦੇ ਫਲਸਤੀਨੀਆਂ ’ਤੇ ਅਤੇ ਖ਼ਿੱਤੇ ’ਚ ਸ਼ਾਂਤੀ ਲਈ ਮਾੜੇ ਪ੍ਰਭਾਵ ਪੈ ਸਕਦੇ ਹਨ। ਗੁਟੇਰੇਜ਼ ਨੇ ਦਸੰਬਰ ਮਹੀਨੇ ਦੇ ਸਲਾਮਤੀ ਕੌਂਸਲ ਦੇ ਪ੍ਰਧਾਨ ਜੋਸ ਜੇਵੀਅਰ ਡੀ ਲਾ ਗਾਸਕਾ ਲੋਪੇਜ਼ ਡੋਮਿਨਗੁਏਜ਼ ਨੂੰ ਧਾਰਾ 99 ਤਹਿਤ ਪੱਤਰ ਲਿਖਿਆ ਹੈ। ਇਸ ਧਾਰਾ ਦੀ ਵਰਤੋਂ ਆਖਰੀ ਵਾਰ 3 ਦਸੰਬਰ, 1971 ’ਚ ਉਸ ਸਮੇਂ ਦੇ ਸਕੱਤਰ ਜਨਰਲ ਯੂ ਥਾਂਟ ਨੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਦੇ ਹਾਲਾਤ ਲਈ ਕੀਤੀ ਸੀ। ਭਾਰਤ ਨੇ ਪਾਕਿਸਤਾਨ ਖ਼ਿਲਾਫ਼ 1971 ’ਚ ਜੰਗ ਜਿੱਤੀ ਸੀ ਜਿਸ ਮਗਰੋਂ ਬੰਗਲਾਦੇਸ਼ ਬਣਿਆ ਸੀ। ਗੁਟੇਰੇਜ਼ ਨੇ 2017 ’ਚ ਸੰਯੁਕਤ ਰਾਸ਼ਟਰ ਦਾ ਸਕੱਤਰ ਜਨਰਲ ਬਣਨ ਮਗਰੋਂ ਚਾਰਟਰ ਦੀ ਧਾਰਾ 99 ਦੀ ਪਹਿਲੀ ਵਾਰ ਵਰਤੋਂ ਕੀਤੀ ਹੈ। ਧਾਰਾ 99 ਤਹਿਤ ਕਿਹਾ ਗਿਆ ਹੈ ਕਿ ਸਕੱਤਰ ਜਨਰਲ ਨੂੰ ਜਦੋਂ ਜਾਪੇ ਕਿ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਹੈ ਤਾਂ ਉਹ ਸੁਰੱਖਿਆ ਕੌਂਸਲ ਦਾ ਇਸ ਮੁੱਦੇ ਵੱਲ ਧਿਆਨ ਖਿੱਚ ਸਕਦਾ ਹੈ। ਗੁਟੇਰੇਜ਼ ਨੇ ਪੱਤਰ ’ਚ ਕਿਹਾ ਕਿ ਗਾਜ਼ਾ ’ਚ ਅੱਠ ਹਫ਼ਤੇ ਤੋਂ ਵਧ ਸਮੇਂ ਤੱਕ ਜੰਗ ਨਾਲ ਭਾਰੀ ਤਬਾਹੀ ਮਚੀ ਹੋਈ ਹੈ। ਉਨ੍ਹਾਂ ਸਲਾਮਤੀ ਕੌਂਸਲ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਮਾਨਵੀ ਤਬਾਹੀ ਨੂੰ ਰੋਕਣ ਦੇ ਉਪਰਾਲੇ ਕਰਨ ਅਤੇ ਫੌਰੀ ਜੰਗਬੰਦੀ ਐਲਾਨੀ ਜਾਵੇ। ਗੁਟੇਰੇਜ਼ ਦੀ ਤਰਜਮਾਨ ਸਟੀਫ਼ਨ ਦੁਜਾਰਿਕ ਨੇ ਕਿਹਾ ਕਿ ਸਕੱਤਰ ਜਨਰਲ ਨੇ ਬਹੁਤ ਹੀ ਵਧੀਆ ਕਦਮ ਚੁੱਕਿਆ ਹੈ ਅਤੇ ਕੌਮਾਂਤਰੀ ਭਾਈਚਾਰਾ ਫਲਸਤੀਨੀਆਂ ਦੇ ਪੱਖ ’ਚ ਜ਼ਰੂਰ ਕੋਈ ਢੁੱਕਵਾਂ ਫ਼ੈਸਲਾ ਲਵੇਗਾ। -ਪੀਟੀਆਈ

Advertisement

ਗੁਟੇਰੇਜ਼ ਦਾ ਕਾਰਜਕਾਲ ਆਲਮੀ ਸ਼ਾਂਤੀ ਲਈ ਖ਼ਤਰਾ: ਇਜ਼ਰਾਈਲ

ਯੇਰੂਸ਼ਲੱਮ: ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਵੱਲੋਂ ਗਾਜ਼ਾ ’ਚ ਜੰਗਬੰਦੀ ਲਈ ਵਿਸ਼ੇਸ਼ ਧਾਰਾ ਦੀ ਵਰਤੋਂ ਕਰਨ ਤੋਂ ਔਖੇ ਹੋਏ ਇਜ਼ਰਾਈਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਆਲਮੀ ਸ਼ਾਂਤੀ ਲਈ ਖ਼ਤਰਾ ਹੈ। ਇਜ਼ਰਾਇਲੀ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਕਿਹਾ ਕਿ ਗੁਟੇਰੇਜ਼ ਦਾ ਕਦਮ ਹਮਾਸ ਦਹਿਸ਼ਤੀ ਗੁੱਟ ਦੀ ਸਹਾਇਤਾ ਕਰਨ ਦੇ ਬਰਾਬਰ ਹੈ ਅਤੇ ਉਨ੍ਹਾਂ ਦਾ ਫ਼ੈਸਲਾ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹੋਏ ਵਹਿਸ਼ੀ ਹਮਲੇ ਦੀ ਤਾਈਦ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਜੋ ਵੀ ਆਲਮੀ ਸ਼ਾਂਤੀ ਦੀ ਹਮਾਇਤ ਕਰਦਾ ਹੈ, ਉਸ ਨੂੰ ਗਾਜ਼ਾ ਨੂੰ ਹਮਾਸ ਤੋਂ ਮੁਕਤ ਕਰਾਉਣ ਲਈ ਹਮਾਇਤ ਦੇਣੀ ਚਾਹੀਦੀ ਹੈ। -ਪੀਟੀਆਈ

Advertisement
Author Image

Advertisement
Advertisement
×