ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨੂੰਨ ’ਚ ਰੰਗਿਆ ਰੰਗਕਰਮੀ ਗੁਰਵਿੰਦਰ ਸਿੰਘ

10:19 AM Aug 22, 2020 IST

ਡਾ. ਸਾਹਿਬ ਸਿੰਘ

Advertisement

ਕਰੋਨਾ ਵਾਇਰਸ ਦੇ ਖ਼ੌਫ਼ ਕਾਰਨ ਜਦੋਂ ਲੁਕਾਈ ਦਰਵਾਜ਼ਿਆਂ ਪਿੱਛੇ ਬੰਦ ਹੋ ਗਈ ਤਾਂ ਰੰਗਮੰਚ ਵੀ ਪ੍ਰਭਾਵਿਤ ਹੋਇਆ। ਦਰਸ਼ਕਾਂ ਅਤੇ ਸਟੇਜ ਤੋਂ ਲਗਾਤਾਰ ਦੂਰੀ ਨਿਰਾਸ਼ ਕਰ ਰਹੀ ਹੈ। ਪਰ ਇਹੀ ਉਹ ਸਮਾਂ ਹੈ ਜਦੋਂ ਕੁਝ ਸੁਪਨਸਾਜ਼ਾਂ ਨੇ ਵੱਖਰੀ ਤਰਜ਼ ਦਾ ਕੋਈ ਕੰਮ ਕਰਨ ਦੀ ਠਾਣ ਲਈ। ਅਜਿਹਾ ਕਰਨ ਲਈ ਜਨੂੰਨ ਵੀ ਲੋੜੀਂਦਾ ਸੀ, ਤਕਨੀਕੀ ਮੁਹਾਰਤ ਵੀ, ਅਤੇ ਸਲੀਕੇਦਾਰ ਮਿਲਾਪੜਾ ਸੁਭਾਅ ਵੀ! ਗੁਰਵਿੰਦਰ ਸਿੰਘ ਕੋਲ ਇਹ ਸਭ ਕੁਝ ਹੈ। 1984 ਤੋਂ ਸ਼ੁਰੂ ਹੋਇਆ ਮੰਚ ਸਫ਼ਰ ਹੁਣ ਤਕ ਕਈ ਪੌੜੀਆਂ ਚੜ੍ਹ ਉਤਰ ਚੁੱਕਾ ਹੈ ਤੇ ਇਸ ਸਫ਼ਰ ਦੀ ਉੱਘੜਵੀਂ ਰੰਗਤ ਜਨੂੰਨ ਨਾਲ ਭਰੀ ਹੋਈ ਹੈ। ਮਿਲਾਪੜੇ ਸੁਭਾਅ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਉਸ ਨੇ ਪਹਿਲਾਂ ਅੰਤਰਰਾਸ਼ਟਰੀ ਵਰਚੁਅਲ ਰੰਗਮੰਚ ਉਤਸਵ ਰਚਾਇਆ ਤਾਂ ਡਾ. ਆਤਮਜੀਤ, ਬੰਸੀ ਕੌਲ, ਨੀਲਮ ਮਾਨ ਸਿੰਘ ਚੌਧਰੀ, ਸ਼ਾਹਿਦ ਨਦੀਮ, ਰਾਮ ਗੋਪਾਲ ਬਜਾਜ, ਇਕਬਾਲ ਮਾਹਲ ਤਕ ਨੂੰ ਇਸਦਾ ਹਿੱਸਾ ਬਣਾ ਲਿਆ। ਇਹ ਉਤਸਵ ਇਕਵੰਜਾ ਦਿਨ ਤਕ ਚੱਲਿਆ। ਉਸ ਦੇ ਗਰੁੱਪ ਬੋਹੇਮੀਅਨਜ਼ ਵੱਲੋਂ ਰਚਾਏ ਇਸ ਉਤਸਵ ਦੌਰਾਨ ਹਰ ਰੋਜ਼ ਸ਼ਾਮ ਅੱਠ ਵਜੇ ਬਹੁਤ ਸਾਰੇ ਰੰਗਕਰਮੀ ਅਤੇ ਰੰਗਮੰਚ ਪ੍ਰੇਮੀ ਫੇਸਬੁੱਕ ’ਤੇ ਲਾਈਵ ਹੋ ਜਾਂਦੇ। ਇਸ ਦੌਰਾਨ ਕਰੀਬ ਅੱਧੇ ਘੰਟੇ ਦੀ ਰੰਗਮੰਚ ਪੇਸ਼ਕਾਰੀ ਹੁੰਦੀ। ਇਸ ਪੇਸ਼ਕਾਰੀ ਦੌਰਾਨ ਫੇਸਬੁੱਕ ’ਤੇ ਜੁੜੇ ਲੋਕ ਪੇਸ਼ਕਾਰੀ ਬਾਰੇ ਆਪਣੇ ਪ੍ਰਭਾਵ ਅਤੇ ਸਵਾਲ ਦਰਜ ਕਰ ਦਿੰਦੇ। ਉਸ ਤੋਂ ਬਾਅਦ ਸੰਚਾਲਕ ਉਸ ਪੇਸ਼ਕਾਰ ਨਾਲ ਸੰਵਾਦ ਸਿਰਜਦਾ ਤੇ ਉਸ ਦੇ ਰੰਗਮੰਚੀ ਅੰਦਾਜ਼ ਬਾਰੇ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰਦਾ। ਤਕਰੀਬਨ ਡੇਢ ਘੰਟਾ ਚੱਲਣ ਵਾਲਾ ਇਹ ਕਾਰਜ ਹਰ ਰੋਜ਼ ਦੀ ਸ਼ਾਮ ਖਿੱਚ ਦਾ ਕੇਂਦਰ ਬਣਦਾ ਤੇ ਇਸ ਦੇ ਪਿੱਛੇ ਬੈਠਾ ਗੁਰਵਿੰਦਰ ਸਿੰਘ ਇੱਕਵੰਜਾ ਦਿਨ, ਚੌਵੀ ਘੰਟੇ ਸਰਗਰਮ ਰਹਿੰਦਾ। ਕਦੀ ਉਹ ਕਿਸੇ ਆਸਟਰੇਲੀਆ ਨਿਊਜ਼ੀਲੈਂਡ ਵੱਸਦੇ ਰੰਗਕਰਮੀ ਨਾਲ ਰਾਬਤਾ ਸਾਧ ਰਿਹਾ ਹੁੰਦਾ, ਕਦੀ ਕੈਨੇਡਾ ਅਮਰੀਕਾ, ਕਦੀ ਵਾਘਿਉਂ ਪਾਰ ਮੁਹੱਬਤ ਦੀ ਸੱਦ ਮਾਰਦਾ! ਤੇ ਕਦੀ ਹਿੰਦੋਸਤਾਨ ਦੇ ਵੱਖ ਵੱਖ ਸ਼ਹਿਰਾਂ ਨੂੰ ਇਕ ਲੜੀ ’ਚ ਪਰੋਂਦਾ। ਇੰਨੇ ਦਿਨ ਨਾ ਉਹ ਥੱਕਿਆ, ਨਾ ਅੱਕਿਆ। ਇੱਕੀ ਜੂਨ ਤੋਂ ਦਸ ਅਗਸਤ ਤਕ ਨਿਰਵਿਘਨ ਉਤਸਵ  ਚੱਲਦਾ ਰਿਹਾ। 1975-76 ਦੀ ਗੱਲ ਐ। ਗੁਰਵਿੰਦਰ ਉਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੰਧਰ ’ਚ ਪੜ੍ਹਦਾ ਸੀ। ਜਮਾਤ ਸੀ ਚੌਥੀ-ਪੰਜਵੀਂ। ਜਦੋਂ ਪੜ੍ਹਾਈ ਦੀ ਸਮਾਂ ਸਾਰਣੀ ’ਚ ਵਿਹਲ ਦੇ ਪਲ ਆਉਂਦੇ ਤਾਂ ਅਧਿਆਪਕ ਉਸ ਨੂੰ ਕੁਝ ਸੁਣਾਉਣ ਲਈ ਕਹਿੰਦਾ। ਉਹ ਕੋਈ ਚੁਟਕਲਾ, ਗੀਤ, ਕਵਿਤਾ ਸੁਣਾ ਦਿੰਦਾ। ਸੰਨ ’77 ਚੜ੍ਹਿਆ, ਗੁਰਵਿੰਦਰ ਛੇਵੀਂ ’ਚ ਜਾ ਪਹੁੰਚਿਆ। ਉਸ ਨੂੰ ਸਵੇਰ ਦੀ ਬਾਲ ਸਭਾ ’ਚ ਅੱਜ ਦੀ ਤਾਜ਼ਾ ਖ਼ਬਰ ਸੁਣਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਤੇ ਉਹ ਬੜੇ ਠਹਿਰਾਓ ਨਾਲ ਖ਼ਬਰ ਸੁਣਾਉਂਦਾ ਕਿ ਮੁਲਕ ਵਿਚ ਐਮਰਜੈਂਸੀ ਲੱਗ ਗਈ ਹੈ। ਗੁਰਵਿੰਦਰ ਨੂੰ ਉਦੋਂ ਕੀ ਪਤਾ ਸੀ ਕਿ ਐਮਰਜੈਂਸੀ ਕੀ ਹੁੰਦੀ ਹੈ? ਪਰ ਟੇਢੇ ਸਮਿਆਂ ਦੀ ਟੇਢੀ ਰਗ ਪਛਾਨਣ ਤੇ ਜ਼ਿੰਦਾ ਰਹਿਣ ਲਈ ਸਾਹ ਲੈਣ ਦਾ ਸਬਕ ਇਹ ਬਾਲਕ ਸਿੱਖ ਗਿਆ ਸੀ। ਉਸੇ ਸਬਕ ਦਾ ਨਤੀਜਾ ਅੱਜ ਮੁਸ਼ਕਲ ਸਮਿਆਂ ਵਿਚ ਰਚਾਏ ਇੱਕਵੰਜਾ ਦਿਨ ਦੇ ਉਤਸਵ ਦੇ ਰੂਪ ਵਿਚ ਸਾਹਮਣੇ ਆਇਆ ਹੈ। ਗੱਲ ਇੱਥੇ ਹੀ ਨਾ ਰੁਕੀ। ਸੰਨ ਚੁਰਾਸੀ ਆ ਚੜ੍ਹਿਆ। ਗੁਰਵਿੰਦਰ ਬਾਰ੍ਹਵੀਂ ਪਾਸ ਕਰ ਉਸ ਵਿੱਦਿਆ ਮੰਦਿਰ ਤੋਂ ਰੁਖ਼ਸਤੀ ਲੈਣ ਲਈ ਤਿਆਰ ਹੋ ਰਿਹਾ ਸੀ। ਉੱਧਰ ਅੱਜ ਦੀ ਤਾਜ਼ਾ ਖ਼ਬਰ ਵਰ੍ਹਿਆਂ ਤੋਂ ਦਿੱਲੀ ਰਹਿ ਰਹੇ ਇਕ ਤਬਕੇ ਦੀ ਰੁਖ਼ਸਤੀ ਦਾ ਬਿਆਨੀਆਂ ਸਿਰਜ ਰਹੀ ਸੀ। ਗੁਰਵਿੰਦਰ ਤਿਆਰ ਸੀ। ਉਹ ਭਗਤ ਸਿੰਘ ਬਣ ਗਿਆ। ਵਿਦਾਇਗੀ ਸਮਾਰੋਹ ਲਈ ਸ਼ਹੀਦ ਦਾ ਇਕ ਮਾਨੋਲਾਗ ਤਿਆਰ ਕਰ ਲਿਆ। ਮਾਪਿਆਂ, ਦੋਸਤਾਂ ਦੀ ਮਦਦ ਨਾਲ ਕੈਦੀਆਂ ਵਾਲੀ ਕਾਲੀ ਚਿੱਟੀ ਪੋਸ਼ਾਕ ਤਿਆਰ ਕੀਤੀ। ਪੁਸ਼ਾਕ ਢੁੱਕਵੀਂ ਲੱਗੇ, ਬਾਲਟੀ ’ਚ ਨੀਲ ਘੋਲ ਲਿਆ ਤੇ ਪੁਸ਼ਾਕ ਨੀਲੇ ਪਾਣੀ ਦੇ ਸਪੁਰਦ ਕਰ ਦਿੱਤੀ। ਭਗਤ ਸਿੰਘ ਵਿਸ਼ਾਲ ਪਾਣੀਆਂ ’ਚ ਇਸ਼ਨਾਨ ਕਰ ਰਿਹਾ ਸੀ। ਗੁਰਵਿੰਦਰ ਉਸ ਦਿਨ ਫਬਿਆ ਸੀ। ਉਸ ਬੁਲੰਦ ਆਵਾਜ਼ ਵਿਚ ਬੋਲਿਆ, ‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ!’ ਇਕ ਪਾਸੇ ਘੱਲੂਘਾਰਾ ਵਾਪਰਨ ਲਈ ਜ਼ਮੀਨ ਤਿਆਰ ਹੋ ਰਹੀ ਸੀ, ਦੂਜੇ ਪਾਸੇ ਇਕ ਰੰਗਕਰਮੀ ਭਗਤ ਸਿੰਘ ਦਾ ਚੋਲ਼ਾ ਪਾ ਸਰਫਰੋਸ਼ ਬਣ ਰਿਹਾ ਸੀ। ਗੁਰਵਿੰਦਰ ਦਾ ਸਫ਼ਰ ਸੌਖਾ ਨਹੀਂ ਸੀ। ਉਹ ਸਾਧਾਰਨ ਪਰਿਵਾਰ ਤੋਂ ਹੈ। ਸਾਧਾਰਨ ਪਰਿਵਾਰਾਂ ਦਾ ਸੰਘਰਸ਼ ਸਾਧਾਰਨ ਨਹੀਂ ਹੁੰਦਾ! 

ਉਹ ਡੀਏਵੀ ਕਾਲਜ ਜਲੰਧਰ ਦਾ ਵੱਡਾ ਗੇਟ ਟੱਪ  ਨਾਨ ਮੈਡੀਕਲ ਦਾ ਵਿਦਿਆਰਥੀ ਬਣ ਮਹਾਂਸ਼ਿਆਂ ਦੇ ਦਰਬਾਰ ਪਹੁੰਚ ਗਿਆ। ਘਰਦਿਆਂ ਇੰਜਨੀਅਰ ਬਣਨ ਭੇਜਿਆ ਸੀ, ਪਰ ਗੁਰਵਿੰਦਰ ਉਸ ਕੁੜਤੇ ਦਾ ਕੀ ਕਰੇ, ਜਿਸ ਨੂੰ ਉਸਨੇ ਬੜੇ ਚਾਵਾਂ ਨਾਲ ਨੀਲ  ਦਿੱਤਾ ਸੀ। ਇਕ ਦਿਨ ਕਾਲਜ ਦੇ ਵਰਾਂਡੇ ’ਚੋਂ ਲੰਘਦਿਆਂ ਅਚਾਨਕ ਉਸਦੀ ਨਜ਼ਰ ਬਲੈਕ ਬੋਰਡ ’ਤੇ ਲੱਗੀ ਇਕ ਸੂਚਨਾ ਨਾਲ ਟਕਰਾ ਗਈ। ਨਾਟਕ ਲਈ ਕਲਾਕਾਰਾਂ ਦੀ ਚੋਣ ਹੋਣੀ ਸੀ। ਉਹ ਜਾ ਪਹੁੰਚਿਆ  ਆਡੀਟੋਰੀਅਮ ’ਚ। ਸੰਵਾਦ ਮਿਲਿਆ। ਰੱਟਾ ਲਾਇਆ।  ਵਾਰੀ ਆਈ ਤਾਂ ਸਾਹਮਣੇ ਬੈਠੇ ਕਿੰਨੇ ਸਾਰੇ ਸਿਰ ਵੇਖ ਲੱਤਾਂ ਕੰਬਣ ਲੱਗੀਆਂ। ਉਹ ਬੌਂਦਲ ਗਿਆ। ਪਰ ਅਚਾਨਕ ਤੀਸਰੇ ਨੇਤਰ ਨੇ ਦਸਤਕ ਦਿੱਤੀ। ਦਿਮਾਗ਼ ਨੇ ਸਮਝਾਇਆ,‘ਗੁਰਵਿੰਦਰ ਸਿੰਘ, ਤੇਰਾ ਉਚਾਰਨ ਤਾਂ ਇੱਥੇ ਬੈਠੇ ਕਈਆਂ ਤੋਂ ਸਹੀ ਹੈ।’ ਉਸਨੇ ਪੜ੍ਹ ਕੇ ਸੰਵਾਦ ਬੋਲਿਆ। ਉਸ ਨੂੰ ਚੁਣ ਲਿਆ ਗਿਆ। ਰੰਗਮੰਚ ਦੀ ਚੇਟਕ ਲੱਗੀ। ਬੀਐੱਸਸੀ ਲੜਖੜਾ ਗਈ। ਕਲਾਕਾਰੀ ਗਰਮਾ ਗਈ, ਪਰ ਉਸਨੇ ਪੀਜੀਡੀਸੀ, ਐੱਮਐੱਸਸੀ, ਐੱਮਸੀਏ ਕੀਤੀ। ਉਹ ਰੰਗਮੰਚ ਦਾ ਕੰਬਲ ਉਤਾਰਨਾ ਵੀ ਚਾਹੁੰਦਾ ਤਾਂ ਕੰਬਲ ਹੋਰ ਜ਼ੋਰ ਨਾਲ ਉਸ ਨੂੰ ਘੁੱਟ ਲੈਂਦਾ। ਫਿਰ ਉਹ ਬਾਹਰਲੇ ਗਰੁੱਪਾਂ ਨਾਲ ਨਾਟਕ ਕਰਨ ਲੱਗ ਪਿਆ। 1999 ’ਚ ਅੰਮ੍ਰਿਤਸਰ ਇਕ ਵਰਕਸ਼ਾਪ ਲੱਗੀ। ਪ੍ਰਬੰਧ ਸੰਗੀਤ ਨਾਟਕ ਅਕਾਦਮੀ ਵੱਲੋਂ ਸੀ। ਸੰਚਾਲਕ  ਡਾ. ਆਤਮਜੀਤ ਸਨ। ਉਸਨੇ ਸੰਗਦਿਆਂ ਸੰਗਦਿਆਂ ਫਾਰਮ ਭਰ ਦਿੱਤਾ। ਜਦੋਂ ਇੰਟਰਵਿਊ ਲਈ ਗਿਆ ਤਾਂ ਅਚਾਨਕ ਇਕ ਸਵਾਦਲਾ ਦ੍ਰਿਸ਼ ਉਸਦੇ ਸਾਹਮਣੇ ਆ ਖੜੋਇਆ। ਫਾਰਮ ਉੱਤੇ ਤਿੰਨ ਆਪਸ਼ਨ ਸਨ- ਫ਼ਿਲਮ, ਟੈਲੀਵਿਜ਼ਨ ਜਾਂ ਰੰਗਮੰਚ। ਡਾ. ਆਤਮਜੀਤ ਉਸਦਾ ਫਾਰਮ ਫੜ ਰੰਗਮੰਚ ਦਿੱਗਜਾਂ ਦੇ ਸਾਹਮਣੇ ਜਾ ਖੜ੍ਹਿਆ ਤੇ ਉਸਨੇ ਪੜ੍ਹਿਆ,‘ਇਹ ਇਕ ਮੁੰਡਾ ਹੈ ਗੁਰਵਿੰਦਰ ਸਿੰਘ। ਇਸਨੇ ਲਿਖਿਆ ਹੈ- ਪਹਿਲੀ ਆਪਸ਼ਨ ਰੰਗਮੰਚ, ਦੂਜੀ ਆਪਸ਼ਨ ਰੰਗਮੰਚ, ਤੀਜੀ ਆਪਸ਼ਨ ਰੰਗਮੰਚ!’ ਗੁਰਵਿੰਦਰ ਹੌਸਲਾ ਫੜ ਗਿਆ। 

Advertisement

ਇਸ ਵਰਕਸ਼ਾਪ ’ਚ ਰੰਗਮੰਚ ਮਹਾਰਥੀਆਂ ਦੀ ਸੰਗਤ ’ਚ ਉਸਨੇ ਰੰਗਮੰਚ ਦੀਆਂ ਬਾਰੀਕੀਆਂ ਸਮਝੀਆਂ। ਆਪਣੇ ਜਨੂੰਨ ਦੀਆਂ ਬੇਤਰਤੀਬ ਨੁੱਕਰਾਂ ਭੰਨੀਆਂ, ਤਰਾਸ਼ੀਆਂ, ਮੁੜ ਸਿਰਜੀਆਂ। ਇਸ ਵਰਕਸ਼ਾਪ ਦੇ ਅਗਲੇ ਪੜਾਅ ’ਚ ਦਿੱਲੀ ਪਹੁੰਚ ਗਿਆ। ਨਵੀਂ ਦੁਨੀਆਂ ਨੇ ਦਸਤਕ ਦਿੱਤੀ। ਬੰਸੀ ਕੌਲ, ਰਤਨ ਥੀਆਮ, ਪਣੀਕਰ, ਸਤਿਆਦੇਵ ਦੂਬੇ ਦੀ ਸੰਗਤ ਮਾਣੀ। ਤਿੰਨ ਮਹੀਨੇ ਦੀ ਸਿਖਲਾਈ ਉਸ ਲਈ ਰੰਗਮੰਚ ਦੀਆਂ ਬੂਹੇ ਬਾਰੀਆਂ ਖੋਲ੍ਹਦੀ ਗਈ। ਇਸ ਵਰਕਸ਼ਾਪ ਤੋਂ ਬਾਅਦ ਉਸ ਨੂੰ ਸੰਗੀਤ ਨਾਟਕ ਅਕਾਦਮੀ ਦੇ ਪੰਜਾਹ ਸਾਲਾ ਜਸ਼ਨੀ ਰੰਗਮੰਚ ਉਤਸਵ ਵਿਚ ਕਮਾਨੀ ਆਡੀਟੋਰੀਅਮ ’ਚ ਹੋਣ ਵਾਲੀਆਂ ਪੇਸ਼ਕਾਰੀਆਂ ਦਾ ਕੁਆਰਡੀਨੇਟਰ ਬਣਾ ਦਿੱਤਾ ਗਿਆ। ਉੱਥੇ ਜ਼ੋਰਾ ਸਹਿਗਲ, ਅਮਰੀਸ਼ ਪੁਰੀ, ਸ਼ਬਾਨਾ ਆਜ਼ਮੀ, ਜਾਵੇਦ ਅਖ਼ਤਰ, ਰਤਨ ਥਿਆਮ ਦੀਆਂ ਰਿਹਰਸਲਾਂ ਲਈ ਪ੍ਰਬੰਧ ਕਰਦਾ। ਉਨ੍ਹਾਂ ਦਿੱਗਜਾਂ ਨੂੰ ਰਿਹਰਸਲ ਕਰਦਿਆਂ ਦੇਖਦਾ। ਅਮਰੀਸ਼ ਪੁਰੀ ਜਦੋਂ ‘ਡੇਢ  ਇੰਚ ਉੱਪਰ’ ਦੀ ਰਿਹਰਸਲ ਲਈ ਰਾਤ ਗਿਆਰਾਂ ਵਜੇ ਪਹੁੰਚਦਾ ਤਾਂ ਗੁਰਵਿੰਦਰ ਟਿਕਟਿਕੀ ਲਾ ਕੇ ਦੇਖਦਾ ਰਹਿੰਦਾ। 

ਗੁਰਵਿੰਦਰ ਦੀ ਤਰਜ਼ ਵੱਖਰੀ ਹੋ ਗਈ। ਹੁਣ ਜਲੰਧਰ ਆਪਣਾ ਗਰੁੱਪ ਬਣਾਇਆ। ਨਾਂ ਰੱਖਿਆ- ‘ਬੋਹੇਮੀਅਨਜ਼’ ਅਰਥਾਤ ਕੁਝ ਵੱਖਰਾ। ਰੰਗਮੰਚ ਉਤਸਵ ਵਿਉਂਤੇ। ਸੱਤ ਸੱਤ ਦਿਨ ਉਤਸਵ ਚੱਲਦਾ, ਪਰ ਸਥਾਨ ਬਦਲਦਾ ਰਹਿੰਦਾ। ਉਸਨੇ ਮੰਟੋ ਨੂੰ ਖੇਡਿਆ। ਖ਼ੁਦ ਦੇ ਲਿਖੇ ਨਾਟਕ ਵੀ ਖੇਡੇ ਤੇ ਹੁਣ ਇੱਕਵੰਜਾ ਦਿਨ ਦਾ ਉਤਸਵ ਰਚਾ ਕੇ ਇਤਿਹਾਸ ਸਿਰਜ ਦਿੱਤਾ। ਡੀਏਵੀ ਕਾਲਜ ’ਚ ਜਦ ਪਹਿਲਾ ਨਾਟਕ ਕੀਤਾ ਸੀ ਤਾਂ  ਨਿਰਦੇਸ਼ਕ ਇਕ ਸੀਨੀਅਰ ਕਲਾਕਾਰ ਨੂੰ ਰੋਜ਼ ‘ਨਮਸਕਾਰ’ ਦਾ ਉੱਚਾਰਨ ਸਮਝਾਉਂਦਾ, ਪਰ ਕਲਾਕਾਰ ‘ਨੱਮਸਕਾਰ’ ਹੀ ਬੋਲਦਾ। ਗੁਰਵਿੰਦਰ ਨੂੰ ਫ਼ਰਕ ਸਮਝ ਨਾ ਆਉਂਦਾ ਤੇ  ਉਹ ਹੱਸ ਛੱਡਦਾ। ਅੱਜ ਜਦੋਂ ਗੁਰਵਿੰਦਰ ਛੱਤੀ ਸਾਲ ਦੇ ਰੰਗਮੰਚੀ ਸਫ਼ਰ ਤੋਂ ਬੜਾ ਕੁਝ ਸਿੱਖ ਕੇ ਤੇ ਵੱਡੇ ਸੁਪਨੇ ਆਪਣੇ ਸੀਨੇ ਪਾਲੀ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ ਤਾਂ ਉਹ ਨਮਸਕਾਰ ਦਾ ਅਸਲੀ ਉੱਚਾਰਨ ਜਾਣਦਾ ਹੈ। ਤੇ ਇਹ ਵੀ ਸਮਝਦਾ ਹੈ ਕਿ ਗ਼ਲਤ ਉਚਾਰਨ ਕਿਵੇਂ ਅਰਥਾਂ ਦਾ ਅਨਰਥ ਕਰ ਸਕਦਾ ਹੈ। ਉਸ ਦੇ ਜਨੂੰਨ ਦੀ ਭੱਠੀ ’ਚ ਅਜੇ ਬੜਾ ਸੇਕ ਹੈ। ਰੰਗਮੰਚ ਲਈ ਵੱਡੇ ਸੁਪਨੇ ਦੇਖਦਾ ਹੈ। ਉਸ ਦੀਆਂ ਆਸਾਂ ਨੂੰ ਬੂਰ ਪਏਗਾ ਕਿਉਂਕਿ ਉਸਦਾ ਜਨੂੰਨ ਸੋਝੀ ਨਾਲ ਗਲਵੱਕੜੀ ਪਾ ਕੇ ਚੱਲਦਾ ਹੈ। 

ਸੰਪਰਕ : 9888011096

Advertisement
Tags :
ਸਿੰਘਗੁਰਵਿੰਦਰਜਨੂੰਨਰੰਗਕਰਮੀਰੰਗਿਆ