ਗੁਰੂ ਤੇਗ ਬਹਾਦਰ ਜੀ ਦੀ ਪੂਰਬ ਦੀ ਯਾਤਰਾ
ਬਹਾਦਰ ਸਿੰਘ ਗੋਸਲ
ਸਿੱਖ ਇਤਿਹਾਸ ਦਾ ਅਧਿਐਨ ਕੀਤਿਆਂ ਇਹ ਗੱਲ ਤਾਂ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਕਿਸੇ ਵੀ ਗੁਰੂ ਨੇ ਹਿੰਦੁਸਤਾਨ ਦੀ ਇੰਨੀ ਲੰਬੀ ਪ੍ਰਚਾਰ ਯਾਤਰਾ ਨਹੀਂ ਸੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਰਾਹੀਂ ਬਹੁਤ ਲੰਬੀਆਂ-ਲੰਬੀਆਂ ਯਾਤਰਾਵਾਂ ਕੀਤੀਆਂ। ਭਾਵੇਂ ਛੇਵੇਂ ਗੁਰੂ ਜੀ ਵੀ ਪੂਰਬ ਵਿੱਚ ਪੀਲੀਭੀਤ ਤੱਕ ਗਏ ਪਰ ਉਨ੍ਹਾਂ ਦਾ ਮਕਸਦ ਦੋਖੀਆਂ ਨੂੰ ਸਜ਼ਾ ਦੇਣਾ ਸੀ। 31 ਜੁਲਾਈ ਸੰਨ 1658 ਨੂੰ ਔਰੰਗਜ਼ੇਬ ਤਖ਼ਤ ’ਤੇ ਬੈਠਾ ਸੀ ਤਾਂ ਉਸ ਨੇ ਹਿੰਦੂਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ, ਜਿਸ ਕਰਕੇ ਨੌਵੇਂ ਪਾਤਸ਼ਾਹ ਨੇ ਜ਼ੁਲਮ ਵਿਰੁੱਧ ਅਤੇ ਸਿੱਖੀ ਦੇ ਪ੍ਰਚਾਰ ਲਈ ਪ੍ਰਚਾਰ ਦੌਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।
ਇਸ ਮੰਤਵ ਲਈ ਉਹ ਆਪਣੇ ਪਰਿਵਾਰ ਅਤੇ ਕੁੱਝ ਸਿੱਖਾਂ ਸਮੇਤ 15 ਮੱਘਰ ਸੰਮਤ 1723 ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਪਏ। ਸਭ ਤੋਂ ਪਹਿਲਾਂ ਉਹ ਘਨੌਲੀ ਗਏ ਅਤੇ ਫਿਰ ਰੋਪੜ ਪਹੁੰਚੇ। ਫਿਰ ਬਹਾਦਰਗੜ੍ਹ ਇਕ ਬਹੁਤ ਹੀ ਭਲੇ ਇਨਸਾਨ ਸੈਫਦੀਨ ਦੇ ਬਾਗ ਵਿੱਚ ਪਹੁੰਚ ਗਏ। ਉਸ ਨੇ ਗੁਰੂ ਜੀ ਦਾ ਸਤਿਕਾਰ ਅਤੇ ਸੇਵਾ ਕਰਦੇ ਹੋਏ ਲੰਗਰ ਲਈ ਭਾਂਡੇ, ਤੰਬੂ, ਰਾਸ਼ਨ ਅਤੇ ਗੁਰੂ ਜੀ ਲਈ ਵਧੀਆ ਘੋੜਾ ਅਤੇ ਮਾਤਾ ਜੀ ਦੀ ਸਵਾਰੀ ਲਈ ਰੱਥ ਦਿੱਤਾ। ਪ੍ਰਿੰਸੀਪਲ ਸਤਿਬੀਰ ਸਿੰਘ ਆਪਣੀ ਪੁਸਤਕ ‘ਸਾਡਾ ਇਤਿਹਾਸ’ ਵਿੱਚ ਲਿਖਦੇ ਹਨ ਕਿ ਬਹਾਦਰਗੜ੍ਹ ਤੋਂ ਗੁਰੂ ਜੀ ਚਾਲੇ ਪਾ ਕੇ ਦਾਦੂਮਾਜਰਾ, ਨੌਲੱਖਾ, ਲੰਗਾ, ਮੁਲੋਵਾਲ, ਫਰਵਾਹੀ, ਹੰਢਾਇਆ, ਭੱਲੇਹਰ, ਖੀਵਾ ਅਤੇ ਫਿਰ ਭਿੱਖੀ ਪਹੁੰਚੇ। ਰਾਹ ਵਿੱਚ ਉਹ ਸਮਾਜ ਸੇਵਾ ਦੇ ਕੰਮਾਂ ਅਤੇ ਧਰਮ ਪ੍ਰਚਾਰ ਵਿੱਚ ਲੱਗੇ ਰਹੇ। ਜਿਨ੍ਹਾਂ ਪਿੰਡਾਂ ’ਚ ਪਾਣੀ ਦੀ ਸਮੱਸਿਆ ਸੀ, ਉੱਥੇ ਠੰਢੇ ਜਲ ਲਈ ਖੂਹ ਪੁਟਵਾਏ। ਭਿੱਖੀ ਤੋਂ ਗੁਰੂ ਜੀ ਖਿਆਲਾ, ਮੌੜ, ਮਾਈਸਰ ਖਾਨਾ ਅਤੇ ਫਿਰ ਸਾਬੋ ਦੀ ਤਲਵੰਡੀ ਪਹੁੰਚੇ, ਜੋ ਬਾਅਦ ਵਿੱਚ ਸਿੱਖੀ ਦਾ ਪ੍ਰਮੁੱਖ ਕੇਂਦਰ ਬਣਿਆ। ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਸੰਨ 1705 ਈ: ਵਿੱਚ ਆਏ ਸਨ। ਬਾਅਦ ਵਿੱਚ ਇਹ ਅਸਥਾਨ ਦਮਦਮਾ ਸਾਹਿਬ ਕਰਕੇ ਪ੍ਰਸਿੱਧ ਹੋਇਆ।
ਗੁਰੂ ਤੇਗ ਬਹਾਦਰ ਜੀ ਦਮਦਮਾ ਸਾਹਿਬ ਕੁਝ ਦਿਨ ਰੁਕ ਕੇ ਧਰਮ ਦਾ ਕੋਟ, ਗੋਬਿੰਦਪੁਰਾ, ਸੰਘੇੜੀ ਅਤੇ ਗਰਨਾ ਤੋਂ ਹੁੰਦੇ ਹੋਏ ਧਮਧਾਣ ਜਾ ਪਹੁੰਚੇ। ਇਸ ਇਲਾਕੇ ਵਿੱਚ ਨੌਵੇਂ ਪਾਤਸ਼ਾਹ ਨੇ ‘ਆਲਸ ਛੱਡੋ, ਉਦਮ ਕਰੋ, ਕਾਮਯਾਬੀ ਤੁਹਾਡੇ ਪੈਰ ਚੁੰਮੇਗੀ’ ਦਾ ਉਪਦੇਸ਼ ਦਿੱਤਾ। ਧਮਧਾਣ ਵਿੱਚ ਹੀ ਇੱਕ ਸਿੱਖ, ਜੋ ਪਾਣੀ ਦੀ ਅਥਾਹ ਸੇਵਾ ਕਰਦਾ ਸੀ, ਉਸ ਨੂੰ ਮੀਂਹ ਸਾਹਿਬ ਦਾ ਖਿਤਾਬ ਬਖ਼ਸ਼ਿਆ। ਅੱਜ ਵੀ ਉਨ੍ਹਾਂ ਦੀ ਯਾਦਗਾਰ ਧਮਧਾਣ ਵਿੱਚ ਬਣੀ ਹੋਈ ਹੈ। ਫਿਰ ਗੁਰੂ ਜੀ ਰੋਹਤਕ ਅਤੇ ਕਰਨਾਲ ਜ਼ਿਲ੍ਹਿਆਂ ਦੇ ਬਾਂਗਰ ਦੇ ਇਲਾਕੇ ਵਿੱਚ ਪਿੰਡ ਖਰਕ, ਖੱਟਕੜ ਟੌਕਰੀ ਹੋ ਕੇ ਕੈਂਥਲ ਪਹੁੰਚ ਗਏ। ਉੱਥੋਂ ਗੁਰੂ ਜੀ ਥਾਨੇਸਰ ਤੋਂ ਹੁੰਦੇ ਹੋਏ ਸੂਰਜ ਗ੍ਰਹਿਣ ਸਮੇਂ ਕੁਰੂਕਸ਼ੇਤਰ ਜਾ ਪਧਾਰੇ। ਪ੍ਰੋ. ਕਰਤਾਰ ਸਿੰਘ ਐਮ.ਏ. ਲਿਖਦੇ ਹਨ ਕਿ ਧਰਮ ਉਪਦੇਸ਼ ਦਿੰਦੇ ਹੋਏ ਗੁਰੂ ਜੀ ਨੇ ਬਾਨੀ-ਬਦਰਪੁਰ ਪਹੁੰਚ ਕੇ ਲੋਕਾਂ ਨੂੰ ਖੂਹ ਲਾਉਣ ਲਈ ਧਨ ਦਿੱਤਾ ਅਤੇ ਫਿਰ ਜਮਨਾ ਪਾਰ ਹੋ ਕੇ ਪੂਰਬ ਵੱਲ ਨੂੰ ਚੱਲ ਪਏ। ਰਸਤੇ ਵਿੱਚ ਲੋਕ ਬੜੇ ਹੀ ਉਤਸ਼ਾਹ ਨਾਲ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਕਿਉਂਕਿ ਗੁਰੂ ਜੀ ਖੂਹ, ਤਲਾਬ ਲਗਾਉਣ ਵਰਗੇ ਲੋਕ ਭਲਾਈ ਦੇ ਕਾਰਜਾਂ ਲਈ ਲੋਕਾਂ ਨੂੰ ਉਤਸ਼ਾਹਿਤ ਕਰਦੇ ਸਨ। ਇੱਥੇ ਹੀ ਸਿੱਖ ਇਤਿਹਾਸ ਦੇ ਰਚੇਤਾ ਪ੍ਰੋ. ਕਰਤਾਰ ਸਿੰਘ ਐਮ.ਏ. ਲਿਖਦੇ ਹਨ ਕਿ ਸਰਕਾਰ ਉਨ੍ਹਾਂ ਦੀਆਂ ਕਾਰਵਾਈਆਂ ਤੋਂ ਡਰਨ ਲੱਗੀ ਅਤੇ ਸ਼ਿਕਾਇਤਾਂ ਮਿਲਣ ’ਤੇ ਔਰੰਗਜ਼ੇਬ ਦੇ ਹੁਕਮ ਨਾਲ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਰਾਜਾ ਰਾਮ ਸਿੰਘ ਦੀ ਬਾਦਸ਼ਾਹ ਨੂੰ ਸਲਾਹ ’ਤੇ ਗੁਰੂ ਜੀ ਨੂੰ ਜ਼ਮਾਨਤ ਦੇ ਕੇ ਮਾਮਲਾ ਖ਼ਤਮ ਹੋਇਆ।
ਇਸ ਘਟਨਾ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਫ਼ਰ ਨੂੰ ਪੂਰਬ ਵੱਲ ਜਾਰੀ ਰੱਖਿਆ ਅਤੇ ਮਥੁਰਾ ਪਹੁੰਚ ਗਏ, ਜਿੱਥੇ ਉਨ੍ਹਾਂ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਦਾ ਸੰਗਤ ਨੂੰ ਉਪਦੇਸ਼ ਦਿੱਤਾ ਅਤੇ ਆਗਰੇ ਪਹੁੰਚ ਕੇ ਮਾਈ ਥਾਨ ਦੇ ਘਰ ਟਿਕਾਣਾ ਕੀਤਾ। ਆਗਰਾ ਤੋਂ ਕਾਨਪੁਰ ਹੁੰਦੇ ਹੋਏ ਪ੍ਰਸਿੱਧ ਅਸਥਾਨ ਅਲਾਹਬਾਦ ਪਹੁੰਚ ਗਏ। ਪ੍ਰੋ. ਕਰਤਾਰ ਸਿੰਘ ਐਮ.ਏ. ਲਿਖਦੇ ਹਨ ਕਿ ਅਲਾਹਾਬਾਦ ਵਿੱਚ ਵੱਡੀ ਘਟਨਾ ਵਾਪਰੀ। ਗੁਰੂ ਜੀ ਦਾ ਵਿਆਹ ਹੋਇਆਂ 27 ਕੁ ਸਾਲ ਹੋ ਚੁੱਕੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਚਿੱਤਰ ਨਾਟਕ ਵਿੱਚ ਇਸ ਬਾਰੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦਾ ਪ੍ਰਕਾਸ਼ ਤ੍ਰਿਬੈਣੀ ਦੇ ਅਸਥਾਨ ’ਤੇ ਹੋਇਆ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ਲਿਖਦੇ ਹਨ ਕਿ ਅਲਾਹਾਬਾਦ ਦੇ ਸਥਾਨ ’ਤੇ ਗੁਰੂ ਜੀ ਇੱਕ ਮਹੀਨਾ ਠਹਿਰੇ ਅਤੇ ਫਿਰ ਬਨਾਰਸ ਹੁੰਦੇ ਹੋਏ, ਪਟਨੇ ਜਾਂਦਿਆਂ ਰਸਤੇ ਵਿੱਚ ਕਰਮ ਨਾਸ਼ ਨਦੀ ਪਾਰ ਕਰਕੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਸਾਵਧਾਨ ਕੀਤਾ। ਗਯਾ ਤੋਂ ਮਈ ਸੰਨ 1666 ਨੂੰ ਉਹ ਪਟਨਾ ਪਹੁੰਚੇ। ਫਿਰ ਮਾਤਾ ਗੁਜਰੀ ਜੀ ਨੂੰ ਪਟਨੇ ਰਹਿਣ ਦੀ ਆਗਿਆ ਦੇ ਕੇ ਉਨ੍ਹਾਂ ਬੰਗਾਲ ਵੱਲ ਦਾ ਦੌਰਾ ਆਰੰਭ ਦਿੱਤਾ। ਮਾਤਾ ਜੀ ਨੇ ਸਾਲਸ ਰਾਇ ਜੌਹਰੀ ਦੇ ਘਰ ਟਿਕਾਣਾ ਕੀਤਾ ਅਤੇ ਗੁਰੂ ਜੀ ਢਾਕਾ ਪਹੁੰਚ ਗਏ।
ਢਾਕੇ ਵਿੱਚ ਹੀ ਭਾਈ ਮੇਹਰ ਚੰਦ ਅਤੇ ਭਾਈ ਕਲਿਆਣ ਚੰਦ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਖ਼ਬਰ ਲੈ ਕੇ ਨੌਵੇਂ ਗੁਰੂ ਜੀ ਕੋਲ ਪੁੱਜੇ ਤਾਂ ਨੌਵੇਂ ਪਾਤਸ਼ਾਹ ਨੇ ਪਟਨਾ ਦੀ ਸੰਗਤ ਦੇ ਨਾਂ ਹੁਕਮਨਾਮਾ ਲਿਖਿਆ, ਜਿਸ ਵਿੱਚ ਸਰਬੱਤ ਸੰਗਤ ਦਾ ਧੰਨਵਾਦ ਅਤੇ ਪਰਿਵਾਰ ਦੀ ਸੇਵਾ ਸੰਭਾਲ ਦੀ ਤਾਕੀਦ ਕੀਤੀ, ਕਿਉਂਕਿ ਗੁਰੂ ਜੀ ਨੇ ਅਜੇ ਹੋਰ ਸਮੇਂ ਲਈ ਅਸਾਮ ਜਾਣਾ ਸੀ। ਜਿਉਂ ਹੀ ਗੁਰੂ ਜੀ ਅਸਾਮ ਦੇ ਖੇਤਰ ਵਿੱਚ ਯਾਤਰਾ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਰਾਜਾ ਰਾਮ ਸਿੰਘ ਵੱਡੀ ਫ਼ੌਜ ਲੈ ਕੇ ਅਸਾਮ ’ਤੇ ਚੜ੍ਹਾਈ ਕਰਨ ਆ ਰਿਹਾ ਹੈ। ਪ੍ਰਿੰ. ਸਤਿਬੀਰ ਸਿੰਘ ਲਿਖਦੇ ਹਨ ਕਿ ਰਾਜਾ ਰਾਮ ਸਿੰਘ ਫਰਵਰੀ 1669 ਨੂੰ ਰੰਗਾਮਾਟੀ ਪਹੁੰਚਿਆ। ਇਸ ਇਲਾਕੇ ਨੂੰ ਕਾਮ ਰੂਪ ਦੇਸ਼ ਵੀ ਕਿਹਾ ਜਾਂਦਾ ਹੈ ਪਰ ਗੁਰੂ ਤੇਗ ਬਹਾਦਰ ਜੀ ਨੇ ਵਿੱਚ ਪੈ ਕੇ ਜੰਗ ਰੁਕਵਾ ਦਿੱਤੀ।
ਭਾਵੇਂ ਗੁਰੂ ਜੀ ਨੇ ਅਸਾਮ ਵਿਚ ਅਜੇ ਹੋਰ ਥਾਵਾਂ ’ਤੇ ਜਾਣਾ ਸੀ ਪਰ ਉਨ੍ਹਾਂ ਨੂੰ ਔਰੰਗਜ਼ੇਬ ਦੀ ਧਾਰਮਿਕ ਨੀਤੀਆਂ ਦੀਆਂ ਖ਼ਬਰਾਂ ਮਿਲਣ ਲੱਗੀਆਂ। ਔਰੰਗਜ਼ੇਬ ਨੇ ਸਾਰੇ ਹਿੰਦੁਸਤਾਨ ਲਈ ਇੱਕ ਨਵਾਂ ਹੁਕਮ ਜਾਰੀ ਕੀਤਾ ਕਿ ਸਭ ਪਾਠਸ਼ਾਲਾਵਾਂ ਅਤੇ ਮੰਦਿਰ ਢਾਹ ਦਿੱਤੇ ਜਾਣ ਅਤੇ ਹਿੰਦੂ ਸੱਭਿਅਤਾ ਦੇ ਚਿੰਨ੍ਹ ਮਿਟਾ ਦਿੱਤੇ ਜਾਣ, ਜਿਸ ਕਾਰਨ ਹਿੰਦੂ ਘਬਰਾ ਗਏ। ਉਨ੍ਹਾਂ ਦਾ ਮੰਨਣਾ ਸੀ ਕਿ ਗੁਰੂ ਜੀ ਦਾ ਔਰਗਜ਼ੇਬ ਦੀ ਸਖ਼ਤੀ ਸਮੇਂ ਪੰਜਾਬ ਵਿੱਚ ਹੋਣਾ ਜ਼ਰੂਰੀ ਹੈ। ਇਸ ਲਈ ਉਹ ਪਟਨਾ ਵਿੱਚ (ਗੁਰੂ) ਗੋਬਿੰਦ ਰਾਇ ਨੂੰ ਮਿਲ ਕੇ ਸਿੱਧੇ ਪੰਜਾਬ ਪਹੁੰਚ ਗਏ ਤਾਂ ਗੁਰੂ ਜੀ ਨੇ ਪੰਜਾਬ ਆ ਕੇ ਦੇਖਿਆ ਕਿ ਪੰਜਾਬ ਦੇ ਲੋਕ ਵੀ ਦਹਿਸ਼ਤ ਵਿੱਚ ਹਨ। ਗੁਰੂ ਜੀ ਦੇ ਆਉਣ ਨਾਲ ਸਿੱਖਾਂ ਵਿੱਚ ਤਾਂ ਠੱਲ੍ਹ ਪੈ ਗਈ ਪਰ ਗੁਰੂ ਜੀ ਮਹਿਸੂਸ ਕਰਦੇ ਸਨ ਕਿ ਇਸ ਲਈ ਕਿਸੇ ਠੋਸ-ਢੁਕਵੇਂ ਹੱਲ ਦੀ ਲੋੜ ਹੈ।
ਗੁਰੂ ਤੇਗ ਬਹਾਦਰ ਜੀ ਨੇ ਪਟਨਾ ਤੋਂ ਬਾਲ ਗੋਬਿੰਦ ਅਤੇ ਪਰਿਵਾਰ ਨੂੰ ਪੰਜਾਬ ਬੁਲਾ ਲਿਆ। ਬਾਲ ਗੋਬਿੰਦ ਨੂੰ ਭਾਂਤ-ਭਾਂਤ ਦੀ ਸਿੱਖਿਆ ਦੇ ਕੇ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕੀਤਾ। ਜਦੋਂ ਕਸ਼ਮੀਰੀ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਮਈ 1675ਈ: ਨੂੰ ਸ੍ਰੀ ਆਨੰਦਪੁਰ ਸਾਹਿਬ ਆਏ ਤਾਂ ਗੁਰੂ ਜੀ ਨੇ ਜ਼ੁਲਮਾਂ ਦੀ ਜੜ੍ਹ ਪੁੱਟਣ ਲਈ ਸ਼ਹਾਦਤ ਦਾ ਫ਼ੈਸਲਾ ਕਰ ਲਿਆ ਅਤੇ ਦਿੱਲੀ ਜਾ ਕੇ ਆਪਣੇ ਆਪ ਨੂੰ ਸ਼ਹਾਦਤ ਲਈ ਪੇਸ਼ ਕੀਤਾ। ਇਸ ਤਰ੍ਹਾਂ 11ਨਵੰੰਬਰ 1675 ਈ: ਨੂੰ ਚਾਂਦਨੀ ਚੌਕ ਦਿੱਲੀ ਵਿੱਚ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਸੰਪਰਕ: 98764-52223