ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਤੇਗ ਬਹਾਦਰ ਜੀ
ਗੁਰੂ ਨਾਨਕ ਦੇਵ ਨੇ ਬਿਨਾਂ ਕਿਸੇ ਡਰ, ਭੈਅ ਦੇ ਬਾਬਰ ਦੀ ਫੌਜ ਨੂੰ ‘ਪਾਪ ਦੀ ਜੰਞ’ ਕਹਿ ਕੇ ਵੰਗਾਰਿਆ, ਸੁੱਤੇ ਹੋਏ ਲੋਕਾਂ ਨੂੰ ਹਲੂਣਿਆ ਅਤੇ ਜ਼ੁਲਮ ਖਿਲਾਫ਼ ਲੜਨ ਲਈ ਕਿਹਾ। ਇਸੇ ਰਸਤੇ ’ਤੇ ਚੱਲਦਿਆਂ ਨਾਨਕ ਦੇ ਘਰ ਦੇ ਨੌਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਖੀ ਲੋਕਾਂ ਦੀ ਬਾਂਹ ਫੜੀ ਅਤੇ ‘ਸੀਸੁ ਦੀਆ ਪਰੁ ਸਿਰਰੁ ਨ ਦੀਆ’ ਦੇ ਮਹਾਂਵਾਕ ਨੂੰ ਦ੍ਰਿੜ੍ਹ ਕਰਦਿਆਂ ਆਪਣਾ ਸਭ ਕੁੱਝ ਲੋਕਾਂ ਲਈ ਵਾਰ ਦਿੱਤਾ ਅਤੇ ਇਸ ਘਟਨਾ ਨੇ ਲੋਕਾਂ ਅੰਦਰ ਇੱਕ ਨਵੀਂ ਰੂਹ ਜਾਗ੍ਰਿਤ ਕੀਤੀ, ਜੋ 1699 ਦੀ ਵਿਸਾਖੀ ਨੂੰ ਇੱਕ ਨਵਾਂ ਰੂਪ ਅਖਤਿਆਰ ਕਰਕੇ ‘ਖਾਲਸਾ ਪੰਥ’ ਦੇ ਰੂਪ ਵਿੱਚ ਪ੍ਰਗਟ ਹੋਈ।
ਗੁਰੂ ਤੇਗ ਬਹਾਦਰ ਦਾ ਜਨਮ ਅਪਰੈਲ 1621 ਨੂੰ ਅੰਮ੍ਰਿਤਸਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਘਰ ਹੋਇਆ। ਗੁਰੂ ਸਾਹਿਬ ਦਾ ਬਚਪਨ ਦਾ ਨਾਂ ਤਿਆਗ ਮੱਲ ਸੀ। ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਜੌਹਰ ਦੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਉਨ੍ਹਾਂ ਦਾ ਨਾਂ (ਗੁਰੂ) ਤੇਗ ਬਹਾਦਰ ਰੱਖਿਆ। ਉਹ ਸੱਚੇ ਦਿਲੋਂ ਰੱਬ ਨੂੰ ਧਿਆਉਂਦੇ ਅਤੇ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖਦੇ ਸਨ। ਇਹੀ ਕਾਰਨ ਸੀ ਕਿ ਮੱਖਣ ਸ਼ਾਹ ਲੁਬਾਣਾ ਨੂੰ ਅਸਲੀ ਗੁਰੂ ਦਾ ਅਹਿਸਾਸ ਹੋਇਆ ਸੀ। ਜਦੋਂ ਗੁਰੂ ਸਾਹਿਬ ਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਸ ਵੇਲੇ ਧੀਰਮੱਲੀਆਂ ਅਤੇ ਕਈ ਭੇਖੀਆਂ ਨੇ ਮੰਜੀਆਂ ਸਥਾਪਤ ਕਰ ਲਈਆਂ ਅਤੇ ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ। ਜਦੋਂ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਲੱਗੇ ਤਾਂ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਸੰਗਤ ਦੀ ਵਾਗਡੋਰ ਸੰਭਾਲਣ ਵਾਲਾ ਕੌਣ ਹੈ, ਤਾਂ ਗੁਰੂ ਸਾਹਿਬ ਨੇ ਬਾਬੇ ਬਕਾਲੇ ਵੱਲ ਇਸ਼ਾਰਾ ਕੀਤਾ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਸਨ। ਬਾਬੇ ਬਕਾਲੇ ਦਾ ਨਾਂ ਸੁਣਦਿਆਂ ਹੀ ਕਈ ਪਾਖੰਡੀਆਂ ਨੇ ਆਪਣੇ ਡੇਰੇ ਬਾਬੇ ਬਕਾਲੇ ਲਾ ਲਏ। ਇਹ ਤਾਂ ਮੱਖਣ ਸ਼ਾਹ ਲੁਬਾਣਾ ਸੀ, ਜਿਸ ਨੂੰ ਅਹਿਸਾਸ ਹੋਇਆ ਕਿ ਅਸਲੀ ਗੁਰੂ ਤਾਂ ਗੁਰੂ ਤੇਗ ਬਹਾਦਰ ਜੀ ਹਨ ਅਤੇ ਉਸ ਨੇ ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਦਾ ਹੋਕਾ ਲਾਇਆ। ਜਿਸ ਵੇਲੇ ਗੁਰੂ ਸਾਹਿਬ ਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਨ੍ਹਾਂ ਦੀ ਉਮਰ ਲਗਪਗ 44 ਸਾਲ ਦੀ ਸੀ। ਗੁਰਿਆਈ ਪ੍ਰਾਪਤ ਕਰਨ ਮਗਰੋਂ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਪਰ ਹਰ ਜੀ ਮੀਣੇ ਨੇ ਦਰਬਾਰ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ। ਗੁਰੂ ਸਾਹਿਬ ਨੇ ਦਰੱਖਤ ਹੇਠ ਦੀਵਾਨ ਸਜਾਇਆ ਅਤੇ ਕੀਰਤਨ ਕੀਤਾ, ਜਿਸ ਥਾਂ ਅੱਜਕੱਲ੍ਹ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨੇੜੇ ਗੁਰਦੁਆਰਾ ਥੜਾ ਸਾਹਿਬ ਸੁਸ਼ੋਭਿਤ ਹੈ।
ਧੀਰ ਮੱਲ ਕੋਲੋਂ ਗੁਰੂ ਜੀ ਦੀ ਸ਼ੋਭਾ ਜਰੀ ਨਾ ਗਈ ਅਤੇ ਉਸ ਨੇ ਗੁਰੂ ਜੀ ਨੂੰ ਮਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬ ਇੱਕ ਸ਼ਾਂਤ ਚਿੱਤ ਇਨਸਾਨ ਸਨ। ਉਹ ਨਹੀਂ ਸਨ ਚਾਹੁੰਦੇ ਕਿ ਧੀਰ ਮੱਲੀਆਂ ਨਾਲ ਨਿੱਤ ਦੇ ਲੜਾਈ-ਝਗੜੇ ਹੁੰਦੇ ਰਹਿਣ। ਇਸ ਕਰਕੇ ਗੁਰੂ ਸਾਹਿਬ ਕੀਰਤਪੁਰ ਸਾਹਿਬ ਆ ਗਏ। ਇੱਥੇ ਆ ਕੇ ਉਨ੍ਹਾਂ ਬਿਲਾਸਪੁਰ ਦੇ ਰਾਜੇ ਭੀਮ ਚੰਦ ਤੋਂ ਜ਼ਮੀਨ ਲੈ ਕੇ ਆਪਣੇ ਮਾਤਾ ਜੀ ਦੇ ਨਾਂ ’ਤੇ ਚੱਕ ਨਾਨਕੀ ਨਾਂ ਦਾ ਨਗਰ ਵਸਾਇਆ, ਜਿਸ ਨੂੰ ਬਾਅਦ ਵਿੱਚ ਆਨੰਦਪੁਰ ਸਾਹਿਬ ਆਖਿਆ ਜਾਣ ਲੱਗਾ।
ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਗੁਰੂ ਸਾਹਿਬ ਸੈਫਾਬਾਦ, ਕੈਥਲ, ਪਿਹੋਵਾ, ਕਰਨਖੇੜਾ, ਕੁਰੂਕਸ਼ੇਤਰ, ਮਥੁਰਾ ਹੁੰਦੇ ਹੋਏ ਆਗਰੇ ਮਾਈ ਜੱਸੀ ਕੋਲ ਜਾ ਪਹੁੰਚੇ, ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਮਾਈ ਥਾਣ ਸੁਸ਼ੋਭਿਤ ਹੈ। ਆਗਰੇ ਤੋਂ ਬਾਅਦ ਇਲਾਹਾਬਾਦ, ਬਨਾਰਸ ਹੁੰਦੇ ਹੋਏ ਗੁਰੂ ਸਾਹਿਬ ਚਾਰ ਮਹੀਨੇ ਪਟਨੇ ਠਹਿਰੇ। ਆਪਣੇ ਪਰਿਵਾਰ ਨੂੰ ਪਟਨੇ ਛੱਡ ਕੇ ਉਹ ਅਗਲੀ ਯਾਤਰਾ ’ਤੇ ਤੁਰ ਗਏ। ਜਦੋਂ ਗੋਬਿੰਦ ਰਾਏ ਦਾ ਜਨਮ ਹੋਇਆ ਤਾਂ ਉਹ ਅਸਾਮ ਵੱਲ ਗਏ ਹੋਏ ਸਨ। ਜਨਮ ਤੋਂ ਕਰੀਬ ਅੱਠ ਮਹੀਨਿਆਂ ਬਾਅਦ ਉਨ੍ਹਾਂ ਨੇ ਪੁੱਤਰ ਦੇ ਦਰਸ਼ਨ ਕੀਤੇ। ਜਦੋਂ ਗੁਰੂ ਸਾਹਿਬ ਅਸਾਮ ਵਿੱਚ ਸਨ ਤਾਂ ਲੋਕ ਇੱਧਰ ਔਰੰਗਜ਼ੇਬ ਦੀ ਨੀਤੀ ਤੋਂ ਬਹੁਤ ਤੰਗ ਸਨ। ਸੋ ਅਜਿਹੇ ਸਮੇਂ ਗੁਰੂ ਜੀ ਆਪਣੇ ਲੋਕਾਂ ਵਿੱਚ ਰਹਿਣਾ ਚਾਹੁੰਦੇ ਸਨ। ਇਸ ਮਗਰੋਂ ਗੁਰੂ ਸਾਹਿਬ ਅਸਾਮ ਤੋਂ ਵਾਪਸ ਪਟਨੇ ਪਹੁੰਚੇ। ਪੁੱਤਰ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਆਨੰਦਪੁਰ ਸਾਹਿਬ ਆ ਗਏ। ਕੁੱਝ ਚਿਰ ਪਿੱਛੋਂ ਸਾਰਾ ਪਰਿਵਾਰ ਵੀ ਆਨੰਦਪੁਰ ਸਾਹਿਬ ਬੁਲਾ ਲਿਆ।
ਆਨੰਦਪੁਰ ਸਾਹਿਬ ਵਿੱਚ ਹੀ ਉਨ੍ਹਾਂ ਬਾਲਕ ਗੋਬਿੰਦ ਰਾਏ ਨੂੰ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ। ਇੱਕ ਦਿਨ ਆਨੰਦਪੁਰ ਸਾਹਿਬ ਵਿੱਚ ਹੀ ਮਟਨ ਦੇ ਬ੍ਰਾਹਮਣ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਪਹੁੰਚੇ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੀ ਜ਼ੁਲਮਾਂ ਦੀ ਸਾਰੀ ਹਡਬੀਤੀ ਸੁਣਾਈ। ਇਹ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ। ਉਸ ਵੇਲੇ ਬਾਲ ਗੋਬਿੰਦ ਰਾਏ, ਜਿਨ੍ਹਾਂ ਦੀ ਉਮਰ ਕੇਵਲ ਨੌਂ ਸਾਲ ਸੀ, ਕੋਲ ਖੜ੍ਹੇ ਸਨ। ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ, ‘ਪਿਤਾ ਜੀ ਚੁੱਪ ਕਿਉਂ ਹੋ ਗਏ?’ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਇਨ੍ਹਾਂ ਦੀ ਰਾਖੀ ਲਈ ਕਿਸੇ ਮਹਾਪੁਰਖ ਦੀ ਕੁਰਬਾਨੀ ਦੀ ਲੋੜ ਹੈ ਤਾਂ ਬਾਲ ਗੋਬਿੰਦ ਨੇ ਕਿਹਾ, ‘ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਹੋਰ ਕੌਣ ਹੋ ਸਕਦਾ ਹੈ?’ ਆਪਣੇ ਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਬ੍ਰਾਹਮਣਾਂ ਨੂੰ ਕਿਹਾ, ‘ਜਾਓ ਅਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਸਾਡਾ ਗੁਰੂ ਧਰਮ ਬਦਲ ਲਵੇ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ।’ ਜਦੋਂ ਇਸ ਗੱਲ ਦਾ ਪਤਾ ਔਰੰਗਜ਼ੇਬ ਨੂੰ ਲੱਗਿਆ ਤਾਂ ਉਸ ਨੇ ਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਗੁਰੂ ਸਾਹਿਬ ਸ਼ਾਂਤ ਚਿੱਤ ਨਿਮਰਤਾ ਨਾਲ ਭਰਪੂਰ ਇਨਸਾਨ ਤਾਂ ਸਨ ਪਰ ਉਹ ਦੂਜਿਆਂ ’ਤੇ ਹੁੰਦੇ ਨਾਜਾਇਜ਼ ਧੱਕੇ ਨੂੰ ਬਰਦਾਸ਼ਤ ਨਹੀਂ ਸਨ ਕਰ ਸਕਦੇ। ਭਾਵੇਂ ਉਨ੍ਹਾਂ ਨੇ ਆਪ ਤਾਂ ਜਨੇਊ ਨਹੀਂ ਪਾਇਆ ਸੀ ਪਰ ਉਹ ਕਿਸੇ ਦਾ ਜਨੇਊ ਉਤਰਦਾ ਦੇਖਣਾ ਵੀ ਪਸੰਦ ਨਹੀਂ ਸਨ ਕਰਦੇ। ਉਹ ਇਸ ਗੱਲ ’ਤੇ ਵਿਸ਼ਵਾਸ ਕਰਦੇ ਸਨ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
(ਪੰਨਾ 1427)
ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਲਾਹੌਰ ਦੇ ਗਵਰਨਰ ਨੂੰ ਭੇਜਿਆ ਗਿਆ। ਲਾਹੌਰ ਦੇ ਗਵਰਨਰ ਨੇ ਉਹੀ ਹੁਕਮ ਸਰਹਿੰਦ ਦੇ ਫ਼ੌਜਦਾਰ ਦਿਲਾਵਰ ਖਾਂ ਨੂੰ ਦਿੱਤਾ ਅਤੇ ਦਿਲਾਵਰ ਖਾਂ ਨੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖਾਨ ਕੋਲ ਪਹੁੰਚਾਇਆ। ਨਾਲ ਹੀ ਇਸ ਗੱਲ ਨੂੰ ਆਮ ਲੋਕਾਂ ਕੋਲੋਂ ਲੁਕਾ ਕੇ ਰੱਖਣ ਦੀ ਹਦਾਇਤ ਕੀਤੀ ਗਈ। ਇੱਕ ਦਿਨ ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਬਾਹਰ ਜਾਣ ਲਈ ਰੋਪੜ ਦੇ ਨੇੜੇ ਪਿੰਡ ਮਲਕਪੁਰ ਰੰਘੜਾਂ ਵਿੱਚ ਰਾਤ ਠਹਿਰੇ ਤਾਂ ਸੂਹੀਏ ਨੇ ਇਹ ਖਬਰ ਰੋਪੜ ਦੇ ਕੋਤਵਾਲ ਨੂੰ ਦਿੱਤੀ। ‘ਦਸਮੇਸ਼ ਪ੍ਰਕਾਸ਼’ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸਬੰਧੀ ਲਿਖਿਆ ਹੈ ਕਿ ਉਨ੍ਹਾਂ ਆਪ ਦਿੱਲੀ ਵਿੱਚ ਜਾ ਕੇ ਗ੍ਰਿਫਤਾਰੀ ਦਿੱਤੀ ਸੀ। ‘ਸ੍ਰੀ ਸੋਢੀ ਚਮਤਕਾਰ’ ਵਿੱਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਆਗਰੇ ਵਿੱਚ ਦੱਸੀ ਗਈ ਹੈ। ਡਾ. ਗੰਡਾ ਸਿੰਘ ਅਤੇ ਪ੍ਰਿੰ. ਤੇਜਾ ਸਿੰਘ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਰੋਪੜ ਲਾਗੇ ਮਲਕਪੁਰ ਰੰਘੜਾਂ ’ਚ ਦੱਸੀ ਹੈ। ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਲਿਆਂਦਾ ਗਿਆ। ਇਥੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਵਿਚ ਔਰੰਗਜ਼ੇਬ ਅੱਗੇ ਪੇਸ਼ ਕੀਤਾ ਗਿਆ। ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਗੁਰੂ ਸਾਹਿਬ ਆਪਣੇ ਇਰਾਦੇ ’ਤੇ ਦ੍ਰਿੜ੍ਹ ਰਹੇ। ਗੁਰੂ ਸਾਹਿਬ ਨੂੰ ਧਮਕਾਉਣ ਲਈ ਪਹਿਲਾਂ ਉਨ੍ਹਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਦੋ ਥੰਮਾਂ ਨਾਲ ਬੰਨ੍ਹ ਕੇ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ’ਚ ਉਬਾਲਿਆ ਗਿਆ ਅਤੇ ਭਾਈ ਸਤੀ ਦਾਸ ਨੂੰ ਜਿਉਂਦਿਆਂ ਨੂੰ ਰੂੰ ’ਚ ਲਪੇਟ ਕੇ ਅੱਗ ਲਾ ਦਿੱਤੀ। ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਉਹ ਅਡੋਲ ਰਹੇ ਅਤੇ ਅਕਾਲਪੁਰਖ ਦਾ ਸਿਮਰਨ ਕਰਦੇ ਰਹੇ। ਅੰਤ ਘੜੀ ਆ ਗਈ ਸ਼ਹੀਦ ਹੋਣ ਦੀ। ਕਾਜੀ ਸ਼ੇਖਲ ਇਸਲਾਮ ਦੇ ਫਤਵੇ ਅਤੇ ਸ਼ਾਹੀ ਮਨਜ਼ੂਰੀ ਨਾਲ ਗੁਰੂ ਜੀ ਨੂੰ 1675 ਈ: ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਇਸ ਸ਼ਹੀਦੀ ਸਾਕੇ ਦਾ ਵਰਨਣ ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿੱਤ੍ਰ ਨਾਟਕ’ ਵਿੱਚ ਇਸ ਤਰ੍ਹਾਂ ਕੀਤਾ ਹੈ:
ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ।।
ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ।।
ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ।।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ॥
ਸ਼ਹਾਦਤ ਤੋਂ ਬਾਅਦ ਗੁਰੂ ਜੀ ਦਾ ਸੀਸ ਭਾਈ ਜੈਤਾ ਸੀ ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਲੈ ਆਏ। ਗੁਰੂ ਜੀ ਨੇ ਉਸ ਨੂੰ ਰੰਘਰੇਟੇ ਗੁਰੂ ਕੇ ਬੇਟੇ ਦੇ ਵਰ ਨਾਲ ਨਿਵਾਜਿਆ। ਗੁਰੂ ਜੀ ਦੇ ਧੜ ਦਾ ਸਸਕਾਰ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ। ਇਸ ਥਾਂ ’ਤੇ ਅੱਜ-ਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ।
ਸੰਪਰਕ: 98146-99446