ਗੁਰੂ ਸਿੰਘ ਸਭਾ ਵੱਲੋਂ ਰਾਹੁਲ ਗਾਂਧੀ ਦੇ ਬਿਆਨ ਦੀ ਹਮਾਇਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਸਿੱਖਾਂ ਦੇ ਇਸ ਦਾਅਵੇ ਦੀ ਹਮਾਇਤ ਕਰਨ ਲਈ ਸਵਾਗਤ ਕੀਤਾ ਹੈ ਕਿ ਉਨ੍ਹਾਂ ਨੂੰ ਅਤੇ ਹੋਰ ਸਾਰੀਆਂ ਘੱਟ ਗਿਣਤੀਆਂ ਨੂੰ ਆਪਣੇ ਧਰਮਾਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਦਾ ਅਟੱਲ ਅਧਿਕਾਰ ਹੈ। ਆਜ਼ਾਦ ਭਾਰਤ ਵਿੱਚ ਭਾਸ਼ਾਈ ਅਤੇ ਸੱਭਿਆਚਾਰਕ ਦਾ ਉਨ੍ਹਾਂ ਨੂੰ ਅਧਿਕਾਰ ਹੈ।
ਇੱਥੇ ਪ੍ਰੈਸ ਕਲੱਬ ਆਫ਼ ਇੰਡੀਆ ਵਿੱਚ ਪੱਤਰਕਾਰ ਜਸਪਾਲ ਸਿੰਘ ਸਿੱਧੂ, ਲੇਖਕ ਰਾਜਵਿੰਦਰ ਸਿੰਘ ਰਾਹੀ, ਡਾ. ਪਿਆਰਾ ਲਾਲ ਗਰਗ (ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਸਾਬਕਾ ਰਜਿਸਟਰਾਰ), ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਖੁਸ਼ਹਾਲ ਸਿੰਘ, ਹਰਿੰਦਰ ਸਿੰਘ ਯੂਐੱਸਏ ਅਤੇ ਗੁਰਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਕਿ ਰਾਹੁਲ ਗਾਂਧੀ ਦੇ ਐਲਾਨ ਨੇ ਕਈ ਵਿਚਾਰਾਂ ਦੀ ਨੁਮਾਇੰਦਗੀ ਕੀਤੀ। ਸ੍ਰੀ ਗਾਂਧੀ ਦਾ ਬਿਆਨ ਭਾਰਤੀ ਬਹੁ-ਪੱਖੀ ਵਿਚਾਰਾਂ ਦਾ ਸਮੂਹ ਦੱਸ ਕੇ ਆਰਐੱਸਐੱਸ ਵੱਲੋਂ ਭਾਰਤ ਨੂੰ ਇਕ ਵਿਚਾਰਧਾਰਾ ਵਾਲੀ ਕੌਮ ਪੇਸ਼ ਕਰਨ ਨੂੰ ਰੱਦ ਕਰਦਾ ਹੈ। ਆਰਐੱਸਐੱਸ ਦੇਸ਼ ਨੂੰ ਇੱਕ ਇਕਾਈ ਹੀ ਮੰਨਦੀ ਹੈ ਜੋ 20ਵੀਂ ਸਦੀ ਦੇ ਆਰੰਭ ਤੋਂ ਹਿੰਦੂਤਵ ਵਿਚਾਰਧਾਰਾ ਦੇ ਅਧਾਰ ਵਜੋਂ ਕੰਮ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਹੀ ਦਿਸ਼ਾ ਚੁਣੀ ਹੈ, ਜੋ ਭਾਰਤੀ ਰਾਜਨੀਤੀ ਵਿੱਚ ਹੁਣ ਤੱਕ ਗਾਇਬ ਹੈ, ਜੋ ਨਿਸ਼ਚਿਤ ਤੌਰ ’ਤੇ ਨਫ਼ਰਤ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਚੱਲ ਰਹੀ ਰਾਜਨੀਤੀ ਨੂੰ ਇੱਕ ਹੱਦ ਤੱਕ ਰੋਕ ਦੇਵੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ 1980ਵਿਆਂ ਵਿੱਚ ਸਿੱਖਾਂ ਅਤੇ ਪੰਜਾਬ ਪ੍ਰਤੀ ਆਪਣੀ ਪਾਰਟੀ ਦੀਆਂ ਨੀਤੀਆਂ ਨੂੰ ਇੱਕ ਤਰ੍ਹਾਂ ਨਾਲ ਖੁਲ੍ਹੇਆਮ ਨਕਾਰਿਆ ਅਤੇ ਆਲੋਚਨਾ ਕੀਤੀ।