ਗੁਰੂ ਨਾਨਕ ਸਕੂਲ ਨੇ ਜਿੱਤੀ ਓਵਰਆਲ ਟਰਾਫ਼ੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਕਤੂਬਰ
ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿੱਚ ਸਹੋਦਿਆ ਸਕੂਲ ਕੰਪਲੈਕਸ ਸੈਂਟਰਲ ਜ਼ੋਨ ਗਰੁੱਪ ਡਾਂਸ (ਫੋਕ) ਮੁਕਾਬਲਾ ਕਰਵਾਇਆ ਗਿਆ। ਓਵਰਆਲ ਟਰਾਫੀ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਬੀਆਰਐੱਸ ਨਗਰ ਸਕੂਲ ਨੇ ਜਿੱਤੀ। ਇਸ ਸਮਾਗਮ ਵਿੱਚ ਅਸਿਸਟੈਂਟ ਕਮਿਸ਼ਨਰ ਆਕਰਸ਼ੀ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪੰਜਾਬੀ ਸਾਹਿਤ ਅਕਾਡਮੀ ਦੇ ਕਨਵੀਨਰ ਸੁਰਿੰਦਰ ਕੈਲੇ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਜ. ਗੁਰਵਿੰਦਰ ਸਿੰਘ ਸਰਨਾ ਅਤੇ ਮੈਨੇਜਰ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕੀਤੀ। ਸਮਾਗਮ ਦਾ ਆਰੰਭ ਸ਼ਬਦ ਗਾਇਨ ਨਾਲ ਹੋਇਆ। ਪ੍ਰਿੰਸੀਪਲ ਗੁਰਮੰਤ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 14 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ।
ਇਸ ਮੌਕੇ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਬੀਆਰਐੱਸ ਨਗਰ ਨੇ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ, ਸੁਭਾਸ਼ ਨਗਰ ਦੇ ਗਰੀਨ ਲੈਂਡ ਕਾਨਵੈਂਟ ਸਕੂਲ ਨੇ ਪਹਿਲੀ ਰਨਰਅੱਪ ਜਦਕਿ ਫੇਜ਼-2 ਦੁਗਰੀ ਦੇ ਗਰੀਨ ਲੈਂਡ ਸਕੂਲ ਨੇ ਦੂਜੀ ਰਨਰਅੱਪ ਟਰਾਫ਼ੀ ਜਿੱਤੀ। ਇਸ ਮੌਕੇ ਰੇਨੂੂੰ ਸ਼ਰਮਾ ਤੇ ਪੁਲਕਿਤ ਜੈਨ ਨੇ ਜੱਜਾਂ ਦੀ ਭੂਮਿਕਾ ਨਿਭਾਈ।