ਸਾਫ਼ਟਬਾਲ ’ਚ ਗੁਰੂ ਨਾਨਕ ਸਕੂਲ ਢੋਲੇਵਾਲ ਦੀ ਟੀਮ ਅੱਵਲ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਸਤੰਬਰ
ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਲੁਧਿਆਣਾ ਦੇ ਵੱਖ ਵੱਖ ਮੈਦਾਨਾਂ ਵਿੱਚ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਅੱਜ ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ ਤੇ ਵੇਟਲਿਫਟਿੰਗ ਦੇ ਰੌਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਗਿਆ ਕਿ ਨੈੱਟਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ -21 ਗਰੁੱਪ ਵਿੱਚ ਸਰਕਾਰੀ ਸੀਨੀ. ਸੈਕੰਡਰੀ ਸਕੂਲ ਭੈਣੀ ਬੜਿੰਗਾਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਫਟਬਾਲ ਅੰਡਰ-14 ਲੜਕਿਆਂ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਟੀਮ ਨੇ ਬੀ.ਸੀ.ਐਮ. ਸਕੂਲ ਫੋਕਲ ਪੁਆਇੰਟ ਦੀ ਟੀਮ ਨੂੰ 7-3 ਦੇ ਫਰਕ ਨਾਲ ਤੇ ਡੀ.ਜੀ.ਐਸ.ਜੀ. ਸਕੂਲ ਸ਼ਿਮਲਾਪੁਰੀ ਦੀ ਟੀਮ ਨੇ ਕੋਚਿੰਗ ਸੈਂਟਰ ਮੱਲ੍ਹਾ ਦੀ ਟੀਮ ਨੂੰ 12-1 ਨਾਲ ਹਰਾਇਆ। ਲੜਕੇ ਅੰਡਰ-17 ਵਰਗ ਵਿੱਚ ਬੀ.ਸੀ.ਐਮ. ਸਕੂਲ ਫੋਕਲ ਪੁਆਇੰਟ ਦੀ ਟੀਮ ਨੇ ਐਸਪੀਐਸ ਸਰਕਾਰੀ ਸਕੂਲ ਗਿੱਲ ਦੀ ਟੀਮ ਨੂੰ 5-1 ਦੇ ਫਰਕ ਨਾਲ ਹਰਾਇਆ।