ਗੁਰੂ ਨਾਨਕ ਸਾਹਿਬ ਤੇ ਔਰਤ-ਮਰਦ ਦੀ ਬਰਾਬਰੀ
ਦਲਜੀਤ ਸਿੰਘ ਰਤਨ
ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਅਕਸਰ ਦੁਹਰਾਏ ਜਾਂਦੇ ਹਨ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ’, ਪਰ ਇਹ ਗੱਲ ਧਿਆਨ ਵਿਚ ਘੱਟ ਹੀ ਆਉਂਦੀ ਹੈ ਕਿ ਔਰਤ-ਮਰਦ ਦੇ ਰਿਸ਼ਤੇ ਬਾਰੇ ਗੁਰਮਤਿ ਨੇ ਇਸ ਧਾਰਨਾ ਤੋਂ ਵੀ ਕਿਤੇ ਅੱਗੇ ਜਾ ਕੇ ਬੜੀ ਗੰਭੀਰ ਚਰਚਾ ਕੀਤੀ ਹੈ। ਗੁਰਮਤਿ ਨੇ ਔਰਤ-ਮਰਦ ਦੇ ਕੁਦਰਤੀ ਰਿਸ਼ਤੇ ਦੀ, ਹੁਣ ਤੱਕ ਦੀ ਸਭ ਤੋਂ ਖੂਬਸੂਰਤ ਵਿਆਖਿਆ ਕੀਤੀ ਹੈ। ਗੁਰਮਤਿ ਅਨੁਸਾਰ ਔਰਤ-ਮਰਦ ਨਾ ਸਿਰਫ ਇਕ ਦੂਜੇ ਦੇ ਬਰਾਬਰ ਹਨ ਸਗੋਂ ਦੋਵੇਂ ਇਕ-ਦੂਜੇ ਦੇ ਅਰਧ-ਸਰੀਰੀ ਭਾਵ ਇਕ-ਦੂਜੇ ਦੇ ਪੂਰਕ ਹਨ। ਕੁਦਰਤੀ ਨੇਮਾਂ ਅਨੁਸਾਰ ਔਰਤ-ਮਰਦ ਦੇ ਰਿਸ਼ਤੇ ਤੋਂ ਬਗੈਰ ਮਨੁੱਖੀ ਨਸਲ ਅੱਗੇ ਨਹੀਂ ਤੋਰੀ ਜਾ ਸਕਦੀ। ਇਸ ਲਈ ਔਰਤ-ਮਰਦ ਇਕ-ਦੂਜੇ ਤੋਂ ਆਜ਼ਾਦ ਨਹੀਂ, ਜਿਵੇਂ ਕਿ ਪੱਛਮੀ ਸਭਿਆਚਾਰ ਪ੍ਰਚਾਰਦਾ ਹੈ। ਬਲਕਿ ਇਹ ਦੋਵੇਂ ਹੋਂਦਾਂ ਇਕ-ਦੂਜੇ ਦੀਆਂ ਪੂਰਕ ਹਨ। ਭਾਵ ਇਕ-ਦੂਜੇ ਤੋਂ ਬਗੈਰ ਦੋਵੇਂ ਅਧੂਰੇ ਹਨ।
ਗੁਰੂ ਸਾਹਿਬ ਨੇ ਔਰਤ ਮਰਦ ਦੇ ਰਿਸ਼ਤੇ ਨੂੰ ਉਸ ਅਨੁਭਵੀ ਸਿਖਰ ਉਤੇ ਪਹੁੰਚਾਇਆ ਹੈ ਜਿਥੇ ਅਜੇ ਤੱਕ ਕਿਸੇ ਫਿਲਾਸਫਰ ਜਾਂ ਧਰਮ ਗੁਰੂ ਨੇ ਕਿਆਸਿਆ ਵੀ ਨਹੀਂ। ਕਮਾਲ ਦੀ ਗੱਲ ਇਹ ਹੈ ਕਿ ਇਹ ਸਿਖਰ ਹੁਣ ਤਕ ਦੇ ਹੋਏ ਪੂਰੇ ਸਮਾਜੀ ਤੇ ਸਭਿਆਚਾਰਕ ਵਿਕਾਸ ਦਾ ਸਿੱਟਾ ਹੈ ਅਤੇ ਭਵਿੱਖ ਦਾ ਖੂਬਸੂਰਤ ਸਮਾਜ ਅਜਿਹਾ ਹੋਣਾ ਤਹਿ ਹੈ।
ਗੁਰੂ ਸਾਹਿਬ ਦਾ ਫੁਰਮਾਨ ਹੈ:
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ
(ਗੁਰੂ ਗ੍ਰੰਥ ਸਾਹਿਬ, ਪੰਨਾ 788)
ਔਰਤ ਮਰਦ ਦੀ ਬਰਾਬਰੀ ਦੀ ਹਮਾਇਤ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਨੇ ਦੋਹਾਂ ਨੂੰ ਇਕ-ਦੂਜੇ ਦੇ ਪੂਰਕ ਮੰਨਿਆ ਹੈ। ਔਰਤ-ਮਰਦ ਦਾ ਰਿਸ਼ਤਾ ਦੋ ਵੱਖ-ਵੱਖ ਸਰੀਰਾਂ ਦਾ ਨਹੀਂ ਸਗੋਂ ਇਸ ਤੋਂ ਕਿਤੇ ਵੱਡਾ ਆਤਮਿਕ ਰਿਸ਼ਤਾ ਹੈ। ਜਿਸ ਰਿਸ਼ਤੇ ਵਿਚ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਔਰਤ-ਮਰਦ ਦੇ ਰਿਸ਼ਤੇ ਬਾਰੇ ਗੁਰੂ ਸਾਹਿਬ ਦੀ ਇਹ ਧਾਰਨਾ ਅੱਜ ਦੇ ਰਾਜਸੀ-ਸਮਾਜੀ ਮਾਹੌਲ ਵਿਚ ਖਾਸ ਤੌਰ ਉਤੇ ਮਹੱਤਵਪੂਰਨ ਹੈ। ਬ੍ਰਾਹਮਣਵਾਦ ਨੇ ਜੇ ਔਰਤ ਮਰਦ ਨੂੰ ਦੇਹ ਦੀ ਹੋਂਦ ਤਕ ਸੁੰਗੇੜ ਦਿੱਤਾ ਸੀ ਤਾਂ ਪੱਛਮੀ ਸਭਿਆਚਾਰ ਦੇ ਬਾਜ਼ਾਰੀਕਰਨ ਨੇ ਔਰਤ-ਮਰਦ ਦੇ ਰਿਸ਼ਤੇ ਨੂੰ ਕੁਝ ਕੁ ਅੰਗਾਂ ਤੱਕ ਸੀਮਤ ਕਰ ਦਿਤਾ ਹੈ। ਮਨੁੱਖੀ ਰਿਸ਼ਤਿਆਂ ਦੇ ਇਸ ਬਾਜ਼ਾਰੀਕਰਨ ਨੇ ਔਰਤ-ਮਰਦ ਦੇ ਰਿਸ਼ਤਿਆਂ ਵਿਚ ਜ਼ਹਿਰ ਘੋਲ ਦਿੱਤੀ ਹੈ।
ਹਜ਼ਾਰਾਂ ਸਾਲਾਂ ਵਿਚ ਹੰਢਾਏ ਅਨੁਭਵੀ ਅਮਲ ਤੋਂ ਬਾਅਦ ਹੀ ਬੰਦੇ ਨੂੰ ਸਮਝ ਆਈ ਕਿ ਔਰਤ-ਮਰਦ ਦਾ ਰਿਸ਼ਤਾ ਬਾਕੀ ਸਾਰੇ ਰਿਸ਼ਤਿਆਂ ਦੀ ਖੂਬਸੂਰਤੀ ਦਾ ਆਧਾਰ ਹੈ। ਦੋਵੇਂ ਮਿਲ ਕੇ ਇਕ ਮਨੁੱਖੀ ਇਕਾਈ ਬਣਦੇ ਹਨ। ਮਨੁੱਖੀ ਨਸਲ ਚੱਲਦੀ ਰੱਖਣ ਲਈ ਇਨ੍ਹਾਂ ਦੋਹਾਂ ਦਾ ਮਿਲਣ ਅਤਿ ਜ਼ਰੂਰੀ ਹੈ। ਦੋਵੇਂ ਇਕ-ਦੂਜੇ ਬਿਨਾਂ ਅਧੂਰੇ ਹਨ ਪਰ ਕਿਉਂਕਿ ਬੱਚੇ ਨੂੰ ਜਨਮ ਮਾਂ ਦਿੰਦੀ ਹੈ, ਇਸ ਲਈ ਸਮਾਜੀ ਤੌਰ ਉਤੇ ਔਰਤ ਦੀ ਅਹਿਮੀਅਤ ਮਰਦ ਨਾਲੋਂ ਵੱਧ ਹੈ। ਇਹ ਸਮਝ ਆਉਣ ਤੋਂ ਬਾਅਦ ਹੀ ਅਨੁਭਵ ਹੋਇਆ ਕਿ ਇਕ ਔਰਤ ਅਤੇ ਇਕ ਮਰਦ ਦਾ ਸਥਾਈ ਰਿਸ਼ਤਾ ਪਰਿਵਾਰ ਦੀ ਸਥਿਰਤਾ ਲਈ ਜ਼ਿਆਦਾ ਗੁਣਕਾਰੀ ਹੈ। ਇਸ ਰਿਸ਼ਤੇ ਵਾਸਤੇ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਭਾਈਵਾਲ ਹੋਣ ਲਈ ਵਧੇਰੇ ਸੰਵੇਦਨਸ਼ੀਲਤਾ ਦੀ ਲੋੜ ਹੈ। ਸੰਵੇਦਨਸ਼ੀਲਤਾ ਲਈ ਦੋਹਾਂ ਦੇ ਬੌਧਿਕ ਵਿਕਾਸ ਦੀ ਜ਼ਰੂਰਤ ਹੈ। ਔਰਤ-ਮਰਦ ਦੇ ਰਿਸ਼ਤੇ ਦੀ ਖੂਬਸੂਰਤੀ ਦਾ ਆਧਾਰ ਸਰੀਰਕ ਨਾਲੋਂ ਆਤਮਿਕ ਜ਼ਿਆਦਾ ਹੈ। ਭਾਵੇਂ ਇਹ ਰਿਸ਼ਤਾ ਸਰੀਰੀ ਵੀ ਹੈ ਪਰ ਇਨ੍ਹਾਂ ਰਿਸ਼ਤਿਆਂ ਵਿਚ ਖੂਬਸੂਰਤੀ ਭਰਨ ਲਈ ਦੋਹਾਂ ਦੇ ਆਤਮਿਕ ਤੇ ਸਭਿਆਚਾਰਕ ਵਿਕਾਸ ਦੀ ਲੋੜ ਹੈ।
ਅਜੋਕੇ ਰਾਜਪ੍ਰਬੰਧ ਦੀ ਬੁਨਿਆਦ ਪੁਰਸ਼ ਪ੍ਰਧਾਨ ਸਮਾਜ ਹੈ। ਇਹ ਬੁਨਿਆਦ ਬ੍ਰਾਹਮਣਵਾਦੀ ਭਰਮਜਾਲ ਅਤੇ ਪੈਸੇ ਉਤੇ ਟਿਕੀ ਹੋਈ ਹੈ। ਨਿੱਜੀ ਜਾਇਦਾਦ ਅਤੇ ਇਸ ਦੇ ਪ੍ਰਗਟ ਰੂਪ ਪੈਸੇ ਉਤੇ ਮੁਕੰਮਲ ਮਨੁੱਖੀ ਨਿਰਭਰਤਾ ਕਾਰਨ ਬਣੀ ਮਨੁਖੀ ਸੋਚ ਅਤੇ ਇਸ ਸੋਚ ਕਾਰਨ ਬਣੇ ਸਾਰੇ ਮਨੁੱਖੀ-ਸਮਾਜੀ ਰਿਸ਼ਤੇ, ਇਸ ਪੁਰਸ਼ ਪ੍ਰਧਾਨ ਸਮਾਜ ਦਾ ਪ੍ਰਗਟ ਰੂਪ ਹਨ। ਪੈਸੇ ਦਾ ਗਲਬਾ ਅਤੇ ਪੁਰਸ਼ ਪ੍ਰਧਾਨ ਸੋਚ, ਇਕੋ ਹੀ ਸਮਾਜੀ ਪ੍ਰਬੰਧ ਦੀਆਂ ਦੋ ਕੜੀਆਂ ਹਨ। ਇਨ੍ਹਾਂ ਕੜੀਆਂ ਨੂੰ ਤੋੜੇ ਬਗੈਰ ਗੁਰੂ ਸਾਹਿਬ ਦੇ ਕਿਆਸੇ ਔਰਤ-ਮਰਦ ਦੀ ਬਰਾਬਰੀ ਤੇ ਇਕ-ਦੂਜੇ ਦੇ ਪੂਰਕ ਹੋਣ ਦੇ ਰਿਸ਼ਤੇ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ।
ਗੁਰੂ ਸਾਹਿਬ ਤਾਂ ਇਸ ਤੋਂ ਵੀ ਵਡਾ ਕੁਦਰਤੀ ਸਚ ਬਿਆਨ ਕਰਦੇ ਹਨ:
ਭੰਡਹੁ ਹੀ ਭੰਡ ਉਪਜੈ ਭੰਡੈ ਬਾਝ ਨ ਕੋਇ
ਨਾਨਕ ਭੰਡਹਿ ਬਾਹਰਾ ਸਾਹਿਬ ਸਚਾ ਸੋਇ
(ਗੁਰੂ ਗ੍ਰੰਥ ਸਾਹਿਬ, ਪੰਨਾ 473)
ਭਾਵ ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ ਅਤੇ ਔਰਤ ਤੋਂ ਬਿਨਾਂ ਕੋਈ ਮਨੁੱਖੀ ਜੀਵਨ ਕਿਆਸਿਆ ਵੀ ਨਹੀਂ ਜਾ ਸਕਦਾ। ਸਿਰਫ ਇਕ ਵੱਡਾ ਸੱਚ ਕਰਤਾ ਹੀ ਇਸ ਵਰਤਾਰੇ ਤੋਂ ਬਾਹਰ ਹੈ। ਭਾਵ ਇਹ ਇਕ ਕੁਦਰਤੀ ਸੱਚ ਹੈ, ਕਿ ਔਰਤ ਜੀਵਨ ਦਾਤੀ ਹੈ। ਮਨੁੱਖੀ ਜੀਵਨ ਦਾ ਆਧਾਰ ਔਰਤ ਦੀ ਕੁੱਖ ਹੈ। ਮਰਦ ਇਸ ਪ੍ਰਕਿਰਿਆ ਵਿਚ ਸ਼ਾਮਿਲ ਹੈ, ਪਰ ਅੰਤਿਮ ਤੌਰ ਉਤੇ ਬੱਚੇ ਨੂੰ ਜਨਮ ਔਰਤ ਹੀ ਦਿੰਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਧਰਤੀ ਨੂੰ ਮਾਂ ਕਿਹਾ ਹੈ। ਧਰਤੀ ਹੀ ਮਨੁੱਖੀ ਜੀਵਨ ਦਾ ਆਧਾਰ ਹੈ। ਗੁਰੂ ਸਾਹਿਬ ਨੇ ਇਸ ਸਮਾਜੀ ਸੱਚ ਉਤੇ ਵੀ ਮੋਹਰ ਲਾਈ ਹੈ ਕਿ ਇਸ ਧਰਤੀ ਉਤੇ ਸਾਰੇ ਰਿਸ਼ਤਿਆਂ ਦੀ ਖੂਬਸੂਰਤੀ ਦਾ ਆਧਾਰ ਔਰਤ ਮਰਦ ਦਾ ਰਿਸ਼ਤਾ ਹੈ। ਬਾਕੀ ਸਾਰੇ ਸਮਾਜੀ-ਆਤਮਿਕ ਰਿਸ਼ਤੇ ਇਸ ਦੇ ਦੁਆਲੇ ਘੁੰਮਦੇ ਹਨ। ਇਥੋਂ ਤਕ ਕਿ ਸਾਰਾ ਆਤਮਿਕ ਰਹੱਸ ਅਤੇ ਸੁੰਦਰਤਾ ਇਸ ਰਿਸ਼ਤੇ ਰਾਹੀਂ ਹੀ ਪ੍ਰਗਟ ਹੁੰਦੀ ਹੈ। ਸਾਰੀ ਮਨੁੱਖੀ ਖੂਬਸੂਰਤੀ ਇਸ ਰਿਸ਼ਤੇ ਦੁਆਲੇ ਕੇਂਦਰਿਤ ਹੈ।
ਇਸ ਸਭ ਦੇ ਦੂਜੇ ਪਾਸੇ ਅੱਜ ਪਦਾਰਥਵਾਦੀ ਯੁੱਗ ਵਿਚ ਜਿਥੇ ਔਰਤ ਹਰ ਥਾਂ ਮਰਦ ਦੇ ਬਰਾਬਰ ਕੰਮ ਕਰਦੀ ਹੈ ਅਤੇ ਹਰ ਖੇਤਰ ਵਿਚ ਔਰਤਾਂ ਨੇ ਨਾਮਣਾ ਖੱਟਿਆ ਹੈ। ਦੁਨੀਆਂ ਦੇ ਹਰ ਕੋਨੇ ਵਿਚ ਔਰਤਾਂ ਨੇ ਵੱਖ-ਵੱਖ ਖੇਤਰਾਂ ’ਚ ਬੁਲੰਦੀਆਂ ਦੇ ਝੰਡੇ ਗੱਡ ਕੇ ਇਹ ਸਾਬਤ ਕੀਤਾ ਹੈ ਕਿ ਔਰਤ ਪੈਰ ਦੀ ਜੁੱਤੀ ਨਹੀਂ ਹੈ। ਪਰ ਫਿਰ ਵੀ ਸਾਡੇ ਆਲੇ ਦੁਆਲੇ ਇਹੋ ਜਿਹੇ ਕਈ ਪਰਿਵਾਰ ਮਿਲ ਜਾਂਦੇ ਹਨ ਜਿਥੇ ਧੀ ਜੰਮਣ ’ਤੇ ਮੱਥੇ ਵੱਟ ਪਾਈ ਜਾਂਦੀ ਹੈ। ਉਤੋਂ-ਉਤੋਂ ਅਸੀਂ ਭਾਵੇਂ ਕਹਿੰਦੇ ਰਹੀਏ ਕਿ ਲੜਕੇ ਅਤੇ ਲੜਕੀ ਵਿਚ ਕੋਈ ਫਰਕ ਨਹੀਂ ਰਹਿ ਗਿਆ ਪਰ ਅਮਲ ਵਿਚ ਜਦੋਂ ਦੇਖਦੇ ਹਾਂ ਕਿਤੇ ਨਾ ਕਿਤੇ ਅਸੀਂ ਫਰਕ ਜ਼ਰੂਰ ਰੱਖਦੇ ਹਾਂ। ਮੇਰੇ ਇਕ ਵਾਕਫਕਾਰ ਦੇ ਵਿਆਹ ਨੂੰ ਦਸ ਸਾਲ ਹੋ ਗਏ ਸਨ ਪਰ ਕੋਈ ਬੱਚਾ ਨਾ ਹੋਣ ਕਰਕੇ ਉਹ ਪ੍ਰੇਸ਼ਾਨ ਸਨ। ਬੇਸ਼ੱਕ ਉਹ ਕੈਨੇਡਾ ਰਹਿੰਦੇ ਸਨ ਪਰ ਫਿਰ ਵੀ ਉਨ੍ਹਾਂ ਭਾਰਤ ਆ ਕੇ ਮਹਿੰਗੇ ਤੋਂ ਮਹਿੰਗੇ ਡਾਕਟਰ ਕੋਲੋਂ ਬੱਚੇ ਦੀ ਪ੍ਰਾਪਤੀ ਲਈ ਇਲਾਜ ਕਰਵਾਇਆ। ਉਦੋਂ ਉਸ ਪਰਿਵਾਰ ਦਾ ਕਹਿਣਾ ਸੀ ਕਿ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਪ੍ਰਮਾਤਮਾ ਸਾਡੀ ਗੋਦੀ ਬੱਚਾ ਜ਼ਰੂਰ ਪਾਵੇ। ਖੈਰ, ਦਸ ਸਾਲ ਬਾਅਦ ਉਨ੍ਹਾਂ ਦੀ ਪ੍ਰਮਾਤਮਾ ਨੇ ਸੁਣੀ ਅਤੇ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ। ਬਜਾਏ ਇਸ ਦੇ ਉਹ ਪਰਿਵਾਰ ਖੁਸ਼ੀਆਂ ਮਨਾਉਂਦਾ ਕਿ ਪਰਿਵਾਰ ਵਿਚ ਵਾਧਾ ਹੋਇਆ ਹੈ ਪਰ ਉਨ੍ਹਾਂ ਦੇ ਸਾਰੇ ਮੈਂਬਰਾਂ ਦੇ ਮੱਥੇ ਵੱਟ ਪੈ ਗਏ ਕਿ ਬੱਚੀ ਕਿਉ ਹੋਈ ਹੈ? ਹੁਣ ਇਹੋ ਜਿਹੇ ਲੋਕਾਂ ਨੂੰ ਸਮਝਾਉਣ ਅਤੇ ਜਾਗਰੂਕ ਕਰਨ ਦੀ ਲੋੜ ਹੈ ਕਿ ਔਰਤ ਅਤੇ ਮਰਦ ਦਾ ਰਿਸ਼ਤਾ ਪ੍ਰਮਾਤਮਾ ਵੱਲੋਂ ਬਣਾਇਆ ਹੁੰਦਾ ਹੈ। ਜੇ ਸਮਾਜ ਵਿਚ ਮਰਦ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਔਰਤ ਵੀ ਓਨੀ ਹੀ ਬਰਾਬਰ ਦੀ ਭਾਈਵਾਲ ਹੈ ਤਾਂ ਹੀ ਜ਼ਿੰਦਗੀ ਦਾ ਪਹੀਆ ਚੱਲੇਗਾ। ਜੇ ਔਰਤ ਨੂੰ ਸੰਸਾਰ ਦੇਖਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰ ਦੇਣਾ ਜਾਰੀ ਰਿਹਾ ਤਾਂ ਜ਼ਿੰਦਗੀ ਦਾ ਪਹੀਆ ਰੁਕ ਜਾਵੇਗਾ। ਪੀੜ੍ਹੀ ਵਾਧੇ ਲਈ ਦੋਵਾਂ ਦਾ ਹੋਣਾ ਜ਼ਰੂਰੀ ਹੈ। ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ਾਂ ’ਤੇ ਚੱਲਣ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਾਂ ਪਰ ਉਸ ਨੂੰ ਅਮਲੀ ਰੂਪ ਕਿੰਨਾ ਕੁ ਦਿੰਦੇ ਹਾਂ ਇਹ ਕਿਸੇ ਤੋਂ ਲੁਕਿਆ ਨਹੀਂ ਹੈ।
ਆਪਣੀਆਂ ਮੰਜ਼ਿਲਾਂ ’ਤੇ ਕਾਮਯਾਬੀ ਦੇ ਝੰਡੇ ਬੁਲੰਦ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਭਾਵੇਂ ਜਿੰਨੀ ਵੀ ਹੈ ਇਹ ਉਨ੍ਹਾਂ ਰੂੜੀਵਾਦੀ ਲੋਕਾਂ ਦੀ ਸੋਚ ’ਤੇ ਕਰਾਰੀ ਚਪੇੜ ਹੈ। ਇਤਿਹਾਸ ਗਵਾਹ ਹੈ ਕਿ ਇਹ ਔਰਤ ਸਾਨੂੰ ਕਦੇ ਜੁਝਾਰੂ ਰੂਪ ਵਿਚ ਮਾਈ ਭਾਗੋ ਬਣ ਕੇ ਨਜ਼ਰ ਆਉਂਦੀ ਹੈ, ਕਦੇ ਕੁਰਬਾਨੀ ਦੀ ਮੂਰਤ ਬਣ ਕੇ ਮਾਤਾ ਗੁਜਰੀ ਬਣ ਦਿਖਦੀ ਹੈ ਅਤੇ ਕਦੇ ਰਾਣੀ ਝਾਂਸੀ ਬਣ ਨਜ਼ਰ ਆਉਂਦੀ ਹੈ। ਇਹੋ ਜਿਹੇ ਮਹਾਨ ਇਤਿਹਾਸਕ ਕਿੱਸੇ ਹਨ, ਜਿਨ੍ਹਾਂ ਵਿਚ ਔਰਤ ਦੀ ਬੇਮਿਸਾਲ ਭੂਮਿਕਾ ਰਹੀ ਹੈ। ਅਸੀਂ ਰੂੜੀਵਾਦੀ ਸਮਾਜ ਵਿਚ ਬੈਠ ਕੇ ਔਰਤਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਲੱਗੇ ਤਾਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਅੱਜ ਦੀ ਔਰਤ, ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੇ ਯੋਗ ਹੋ ਗਈ ਹੈ। ਪਰ ਫਿਰ ਵੀ ਇਹ ਸਾਰੀਆਂ ਪ੍ਰਾਪਤੀਆਂ ਤੇ ਤਰੱਕੀਆਂ ਸਿੱਕੇ ਦੇ ਇਕ ਪਹਿਲੂ ਵਾਂਗ ਹੀ ਹਨ ਕਿਉਂਕਿ ਸਿੱਕੇ ਦਾ ਦੂਜਾ ਪਹਿਲੂ ਅੱਜ ਵੀ ਕੁਝ ਅਜਿਹਾ ਬਿਆਨ ਕਰਦਾ ਹੈ ਕਿ ਔਰਤ ਦੀ ਦੁਰਦਸ਼ਾ ਵੇਖ ਕੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।
ਜੇ ਭਾਰਤ ਦੀ ਗੱਲ ਕਰੀਏ ਤਾਂ ਆਜ਼ਾਦੀ ਤੋਂ ਬਾਅਦ ਭਾਰਤ ਦੀ ਤਰੱਕੀ ਵਿੱਚ ਔਰਤਾਂ ਨੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਕੰਮ ਕੀਤਾ। ਔਰਤਾਂ ਨੂੰ ਹਰ ਖੇਤਰ ਵਿੱਚ ਕਈ ਹੱਕ ਹਕੂਕ ਅਤੇ ਤਰੱਕੀ ਦੇ ਮੌਕੇ ਮਿਲੇ ਹਨ। ਭਾਰਤ ਨੂੰ ਆਜ਼ਾਦ ਹੋਏ 71 ਵਰ੍ਹੇ ਹੋ ਗਏ ਹਨ, ਪਰ ਜਿਸ ਨਰੋਏ ਸਮਾਜ ਦੀ ਕਲਪਨਾ ਕੀਤੀ ਗਈ ਸੀ, ਉਹ ਹਕੀਕੀ ਰੂਪ ਵਿੱਚ ਕਿਤੇ ਵਿਖਾਈ ਨਹੀਂ ਦਿੰਦੀ। ਸਾਡੇ ਦੇਸ਼ ਨੇ ਗੁਲਾਮੀ ਅਤੇ ਜਾਗੀਰਦਾਰੀ ਦਾ ਕਾਫੀ ਵੱਡਾ ਦੌਰ ਹੰਢਾਇਆ ਹੈ। ਅਜੇ ਵੀ ਜਾਗੀਰਦਾਰੀ ਮਾਨਸਿਕਤਾ ਪੂਰੀ ਤਰ੍ਹਾਂ ਨਹੀਂ ਬਦਲੀ। ਇਸ ਕਰਕੇ ਔਰਤਾਂ ਨੂੰ ਘਰ ਅਤੇ ਬਾਹਰ ਵਿਤਕਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਤਾਂ ਹੋਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਬੀਬੀਆਂ ਨੂੰ ਕੀਰਤਨ ਕਰਨ ਤੋਂ ਮਨਾਹੀ ਹੈ।
ਜੇ ਗੱਲ ਕਰੀਏ ਵਪਾਰੀਕਰਨ ਦੀ ਤਾਂ ਇਸ ਦੌਰ ਵਿੱਚ ਇਸ਼ਤਿਹਾਰ ਭਾਵੇਂ ਕਿਸੇ ਕਿਸਮ ਦਾ ਹੋਵੇ ਉਥੇ ਔਰਤ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਉਸ ਤੋਂ ਬਗੈਰ ਉਨ੍ਹਾਂ ਦਾ ਉਤਪਾਦਨ ਵਿਕਣਾ ਹੀ ਨਹੀਂ ਹੈ। ਔਰਤ ਦੇ ਸਰੀਰ ਨੂੰ ਵਸਤ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਤਾਂ ਜੋ ਗਾਹਕ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਸਾਰੀਆਂ ਕੰਪਨੀਆਂ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਆਮ ਵਸਤਾਂ ਤੋਂ ਲੈ ਕੇ ਵਿਸ਼ੇਸ਼ ਕਿਸਮ ਦੇ ਉਤਪਾਦਾਂ ਤਕ ਇਸਤਰੀ ਨੂੰ ਇਸ਼ਤਿਹਾਰਾਂ ਵਿਚ ਪ੍ਰਮੁੱਖਤਾ ਨੂੰ ਉਭਾਰਦੀਆਂ ਹਨ।
ਜਿਥੇ ਵਿਸ਼ਵ ਪੱਧਰ ’ਤੇ 15 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉਥੇ ਸਾਨੂੰ ਸਿਰ ਜੋੜ ਕੇ ਇਸ ਗੱਲ ’ਤੇ ਵਿਚਾਰਨ ਦੀ ਲੋੜ ਹੈ ਕਿ ਔਰਤ ਨੂੰ ਮਰਦ ਦੇ ਬਰਾਬਰ ਸਤਿਕਾਰ ਕਿਵੇਂ ਦਿਵਾਉਣਾ ਹੈ। ਬੇਸ਼ੱਕ ਬਹੁਤ ਸਾਰੀਆਂ ਸੰਸਥਾਵਾਂ ਹਨ, ਜੋ ਔਰਤ ਦੀ ਆਜ਼ਾਦੀ, ਬਰਾਬਰੀ ਅਤੇ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਦੀਆਂ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਔਰਤ ਪਿੱਛੇ ਹੀ ਰਹਿ ਜਾਂਦੀ ਹੈ।
ਸੰਪਰਕ: 98149-44411