ਆਸ ਤੇ ਰੋਗ ਨਿਵਾਰਨ ਦਾ ਮੁਜੱਸਮਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ
ਸੁਰਜੀਤ ਮਜਾਰੀ
ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜ ਸਮਾਜ ਅੰਦਰ ਸਦਾ ਸਤਿਕਾਰਤ ਰਹਿੰਦੇ ਹਨ ਅਤੇ ਉਹ ਪੀੜ੍ਹੀ ਦਰ ਪੀੜ੍ਹੀ ਸਮਾਜ ਸੇਵਾ ਦੇ ਪ੍ਰਤੀਕ ਬਣੇ ਰਹਿੰਦੇ ਹਨ। ਅਜਿਹੀ ਹੀ ਇੱਕ ਉਦਾਹਰਨ ਢਾਹਾਂ ਕਲੇਰਾਂ ਦੀ ਧਰਤੀ ’ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਰੂਪ ਵਿੱਚ ਮਿਲਦੀ ਹੈ। 1984 ’ਚ ਸਥਾਪਿਤ ਕੀਤਾ ਗਿਆ ਇਹ ਹਸਪਤਾਲ ਅੱਜ ਆਪਣੀਆਂ ਸਿਹਤ ਸੇਵਾਵਾਂ ਦਾ 40 ਸਾਲ ਦਾ ਸਫ਼ਲ ਸਫ਼ਰ ਤਹਿ ਕਰ ਚੁੱਕਾ ਹੈ। ਇਸ ਹਸਪਤਾਲ ਦੇ ਬਾਨੀ ਬਾਬਾ ਬੁੱਧ ਸਿੰਘ ਢਾਹਾਂ ਨੇ ਇਸ ਦੀ ਸਥਾਪਤੀ ਲਈ ਆਪਣਾ ਜੀਵਨ ਅਰਪਿਤ ਕੀਤਾ।
ਕੈਨੇਡਾ ਰਹਿੰਦਿਆਂ ਬੁੱਧ ਸਿੰਘ ਢਾਹਾਂ ਹਮੇਸ਼ਾ ਆਪਣੀ ਮਾਤ-ਭੂਮੀ ਪੰਜਾਬ ਦੇ ਲੋਕਾਂ ਲਈ ਸੇਵਾਵਾਂ ਨਿਭਾਉਣ ਲਈ ਸਮਰਪਿਤ ਸੋਚ ਰੱਖਦੇ ਸਨ। ਕੈਨੇਡਾ ਤੋਂ ਆ ਕੇ ਆਪਣੀ ਮਿੱਟੀ ’ਤੇ ਵੱਡਾ ਕਾਰਜ ਕਰਨਾ ਭਾਵੇਂ ਅਤਿ ਕਠਿਨ ਸੀ, ਫਿਰ ਵੀ ਕਾਫ਼ਲਾ ਬਣਦਾ ਗਿਆ। ਜਦੋਂ ਉਹ ਆਪਣਾ ਇਹ ਮਿਸ਼ਨ ਲੈ ਕੇ ਵਤਨ ਪਰਤ ਆਏ ਤਾਂ ਦਾਨੀਆਂ ਅਤੇ ਸ਼ੁੱਭ ਚਿੰਤਕਾਂ ਦੇ ਬੱਝੇ ਕਾਫ਼ਲੇ ਨੇ ਉਨ੍ਹਾਂ ਦਾ ਹੌਸਲਾ ਹੋਰ ਬੁਲੰਦ ਕਰ ਦਿੱਤਾ। ਇਸ ਕਾਰਜ ਲਈ 1979 ਵਿੱਚ ਇਲਾਕੇ ਦੀਆਂ 16 ਨਾਮਵਰ ਸ਼ਖ਼ਸੀਅਤਾਂ ਨੂੰ ਨਾਲ ਲੈ ਕੇ ਉਨ੍ਹਾਂ ਨੇ ਮਤਾ ਪਾਸ ਕਰਵਾਇਆ ਅਤੇ 1981 ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਥਾਪਤ ਕੀਤਾ।
ਸਭ ਤੋਂ ਵੱਡੀ ਗੱਲ ਕਿ ਪਿੰਡ ਢਾਹਾਂ ਦੀ ਪੰਚਾਇਤ ਨੇ 23 ਏਕੜ ਅਤੇ ਕਲੇਰਾਂ ਦੀ ਪੰਚਾਇਤ ਨੇ ਸਾਢੇ ਸੱਤ ਏਕੜ ਜ਼ਮੀਨ ਟਰੱਸਟ ਨੂੰ ਦਾਨ ਕੀਤੀ। ਮਗਰੋਂ ਹਸਪਤਾਲ ਦੀ ਇਮਾਰਤ ਦੀ ਉਸਾਰੀ ਲਈ ਟਰੱਸਟੀਆਂ, ਇਲਾਕੇ ਅਤੇ ਵਿਦੇਸ਼ਾਂ ਦੇ ਦਾਨੀ ਸੱਜਣਾਂ ਅਤੇ ਪਰਿਵਾਰਕ ਮੈਂਬਰਾਂ ਨੇ ਮਾਇਆ ਦਾਨ ਪਾਉਣਾ ਆਰੰਭ ਦਿੱਤਾ। 27 ਸਤੰਬਰ 1981 ਵਿੱਚ ਸਮਾਜ ਸੇਵਕ ਭਗਤ ਪੂਰਨ ਸਿੰਘ, ਪਿੰਗਲਵਾੜਾ ਤੋਂ ਨੀਂਹ ਰਖਵਾ ਕੇ ਹਸਪਤਾਲ ਦੀ ਉਸਾਰੀ ਸ਼ੁਰੂ ਕੀਤੀ ਗਈ। ਅਪਰੈਲ 1984 ਵਿੱਚ 40 ਬੈੱਡਾਂ ਦੇ ਹਸਪਤਾਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਬੀਡੀ ਪਾਂਡੇ ਨੇ ਕੀਤਾ।
ਮਨੁੱਖਤਾ ਦੀ ਭਲਾਈ ਵਿੱਚ ਜੁਟਿਆ ਪੰਜਾਬ ਦਾ ਇਹ ਅਦਾਰਾ 40 ਸਾਲਾਂ ਵਿੱਚ 18 ਲੱਖ ਮਰੀਜ਼ਾਂ ਦਾ ਇਲਾਜ ਕਰ ਚੁਕਾ ਹੈ ਅਤੇ ਅੱਜ ਆਸ ਅਤੇ ਰੋਗ ਨਿਵਾਰਨ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਹੁਣ ਚਿੱਟੇ ਮੋਤੀਏ ਦਾ ਮੁਫ਼ਤ ਇਲਾਜ, ਦਿਮਾਗ ਦੇ ਅਪ੍ਰੇਸ਼ਨ, ਹੱਡੀਆਂ ਦੀ ਸਰਜਰੀ, ਔਰਤਾਂ ਦੇ ਰੋਗ ਅਤੇ ਹੋਰ ਬਾਕੀ ਰੋਗਾਂ ਦੇ ਇਲਾਜ ਲਈ ਮਾਹਿਰ ਮੈਡੀਕਲ ਟੀਮਾਂ ਚੌਵੀ ਘੰਟੇ ਤਿਆਰ ਬਰ ਤਿਆਰ ਹਨ। ਰੇਡੀਓਲੋਜੀ ਵਿਭਾਗ ਵਿੱਚ ਸੀਟੀ ਸਕੈਨ, ਅਲਟਰਾ ਸਾਊਂਡ ਅਤੇ ਐਕਸਰੇ ਮਸ਼ੀਨ ਪੈਥੋਲੋਜੀ ਵਿੱਚ ਹਰ ਕਿਸਮ ਦੇ ਟੈੱਸਟ, ਫਾਰਮੈਸੀ ਅਤੇ ਬਲੱਡ ਬੈਂਕ ਦੀਆਂ ਸਹੂਲਤਾਂ ਉਪਲੱਬਧ ਹਨ। ਦਾਖ਼ਲ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਲਈ ਪੌਸ਼ਟਿਕ ਭੋਜਨ ਵੀ ਦਿੱਤਾ ਜਾਂਦਾ ਹੈ।
ਕਰੋਨਾ ਦੀ ਮਾਰ ਸਮੇਂ ਇਸ ਹਸਪਤਾਲ ਨੇ ਮਰੀਜ਼ਾਂ ਦੇ ਇਲਾਜ ਵਿੱਚ ਮੋਹਰੀ ਭੂਮਿਕਾ ਨਿਭਾਈ। ਬਾਬਾ ਬੁੱਧ ਸਿੰਘ ਢਾਹਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਅਦਾਰੇ ਨੂੰ ਬਣਾਉਣ, ਵਧਾਉਣ ਅਤੇ ਚਲਾਉਣ ਹਿੱਤ ਮਾਇਆ ਇਕੱਤਰ ਕਰਨ ਲਈ ਭਾਰਤ ਤੋਂ ਬਾਹਰ 35 ਤੋਂ ਵੱਧ ਫੇਰੀਆਂ ਕੈਨੇਡਾ, ਅਮਰੀਕਾ, ਯੂਕੇ, ਫਿਜੀ, ਨਾਰਵੇ ਆਦਿ ਦੇਸ਼ਾਂ ਵਿੱਚ ਲਾਈਆਂ। ਇਨ੍ਹਾਂ ਕਾਰਜਾਂ ਦੇ ਉਦੇਸ਼ ਦੀ ਪੂਰਤੀ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਸਾਂਝੀਵਾਲ ਜਿਵੇਂ ਕੈਨੇਡਾ ਇੰਡੀਆ ਐਜੂਕੇਸ਼ਨਲ ਸੁਸਾਇਟੀ, ਸਕੂਲ ਆਫ ਨਰਸਿੰਗ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ, ਇੰਟਰਨੈਸ਼ਨਲ ਅਕਾਲ ਮਿਸ਼ਨ ਯੂਕੇ ਅਤੇ ਨਾਰਥ ਅਮੈਰੀਕਨ ਸਿੱਖ ਮੈਡੀਕਲ ਐਂਡ ਡੈਂਟਲ ਐਸੋਸੀਏਸ਼ਨ ਦਾ ਯੋਗਦਾਨ ਵੀ ਅਹਿਮ ਰਿਹਾ ਹੈ।
ਕਈ ਔਕੜਾਂ ਦਾ ਸਾਹਮਣਾ ਕਰਦੇ ਹੋਏ ਬਾਬਾ ਬੁੱਧ ਸਿੰਘ ਢਾਹਾਂ ਤੋਂ ਲੈ ਕੇ ਸਾਰੇ ਪ੍ਰਧਾਨ, ਟਰੱਸਟੀ ਮੈਂਬਰ, ਡਾਕਟਰ, ਨਰਸਾਂ, ਅਧਿਆਪਕ, ਬਾਕੀ ਦਾ ਸਟਾਫ਼, ਸਵੈ ਸੇਵਕ ਅਤੇ ਦਾਨੀਆਂ ਦੀ ਲਗਨ, ਸ਼ਰਧਾ ਅਤੇ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਦੁਨੀਆ ਭਰ ’ਚ ਆਪਣੀ ਵੱਖਰੀ ਪਛਾਣ ਸਥਾਪਤ ਕਰ ਚੁੱਕਾ ਹੈ। 1987 ਵਿੱਚ ਸਕੂਲ ਦੀ ਸ਼ੁਰੂਆਤ ਹੋਈ ਜਿਸ ਵਿੱਚ ਅੱਜ-ਕੱਲ੍ਹ ਕਿੰਡਰਗਾਰਟਨ ਤੋਂ 10+2 ਤੱਕ ਸੀਨੀਅਰ ਸਕੰਡਰੀ ਸਕੂਲ ਵਿੱਚ 1700 ਤੋਂ ਵੱਧ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ। 1993 ਵਿੱਚ 3 ਸਾਲਾ ਨਰਸਿੰਗ ਪ੍ਰੋਗਰਾਮ ਲਈ ਗੁਰੂ ਨਾਨਕ ਮਿਸ਼ਨ ਸਕੂਲ ਆਫ ਨਰਸਿੰਗ ਦੀ ਆਰੰਭਤਾ ਹੋਈ।
1998 ਵਿੱਚ ਸ਼ੁਰੂ ਹੋਏ ਗੁਰੂ ਨਾਨਕ ਕਾਲਜ ਆਫ ਨਰਸਿੰਗ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਕੂਲ ਆਫ ਨਰਸਿੰਗ ਦੀ ਸਾਂਝ ਰਾਹੀਂ ਅੱਜ 2500 ਤੋਂ ਵੱਧ ਨਰਸਾਂ ਦੇਸ਼ ਅਤੇ ਵਿਦੇਸ਼ਾਂ ਵਿੱਚ ਸਿਹਤਕ ਅਤੇ ਵਿੱਦਿਅਕ ਅਦਾਰਿਆਂ ਵਿੱਚ ਚੰਗੇ ਅਹੁਦਿਆਂ ’ਤੇ ਸਥਾਪਿਤ ਹੋ ਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹਨ। 2022 ਤੋਂ ਤਿੰਨ ਸਾਲਾ ਡਿਗਰੀ ਵਾਲਾ ਪੈਰਾ ਮੈਡੀਕਲ ਕਾਲਜ ਰੁਜ਼ਗਾਰ ਮੁੱਖ ਸਾਬਤ ਹੋ ਰਿਹਾ ਹੈ। ਗੁਰੂ ਨਾਨਕ ਮਿਸ਼ਨ ਟਰੱਸਟ ਢਾਹਾਂ ਕਲੇਰਾਂ ਵਲੋਂ ਕਈ ਸਪੈਸ਼ੇਲਟੀਆਂ ਵਾਲਾ 100 ਬੈੱਡ ਦਾ ਹਸਪਤਾਲ ਸਫ਼ਲਤਾਪੂਰਵਕ ਚੱਲ ਰਿਹਾ ਹੈ। ਹਸਪਤਾਲ ਦੇ ਮੁੱਖ ਦੁਆਰ ਨੇੜੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਮਰੀਜ਼ਾਂ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਹੁੰਦੀ ਹੈ।
ਵੈਨਕੂਵਰ ਦੇ ਕੁਝ ਦਾਨੀ ਸੱਜਣਾਂ ਵਲੋਂ ਇੱਥੇ ਯੂਬੀਸੀ ਕੈਨੇਡਾ ਹਾਊਸ ਦੇ ਨਾਮ ਹੇਠ ਬਣਾਈ ਇੱਕ ਸ਼ਾਨਦਾਰ ਇਮਾਰਤ ਵਿੱਚ ਦੇਸ਼-ਵਿਦੇਸ਼ ਤੋਂ ਆਏ ਸਿਹਤ ਤੇ ਵਿੱਦਿਆ ਦੇ ਖੇਤਰ ਵਿੱਚ ਮਾਹਿਰ ਆਪਣੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਰਿਹਾਇਸ਼ ਵੀ ਰੱਖਦੇ ਹਨ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਬਾਬਾ ਬੁੱਧ ਸਿੰਘ ਢਾਹਾਂ ਵੱਲੋਂ ਲਏ ਸਾਕਾਰਤਮਕ ਸੁਫ਼ਨਿਆਂ ਨੂੰ ਸਾਕਾਰ ਕਰਨ ਦੀ ਵਚਨਬੱਧਤਾ ਪ੍ਰਗਟ ਕਰਦਾ ਹੈ। ਅੱਜ ਟਰੱਸਟ ਦੇ ਮੌਜੂਦਾ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਹੇਠ ਇਹ ਅਦਾਰਾ ਆਪਣੇ ਮਿਸ਼ਨ ਦੀ ਪੂਰਤੀ ਲਈ ਨਿਰੰਤਰ ਅੱਗੇ ਵੱਧ ਰਿਹਾ ਹੈ।
ਸੰਪਰਕ: 98721-93237