ਗੁਰੂ ਨਾਨਕ ਡਾਇਵਰਸਿਟੀ ਵਿਲੇਜ ਦਾ ਨੀਂਹ ਪੱਥਰ ਰੱਖਿਆ
ਹਰਦਮ ਮਾਨ
ਸਰੀ: ਪਿਕਸ ਸੁਸਾਇਟੀ ਵੱਲੋਂ ਦੱਖਣੀ ਏਸ਼ਿਆਈ ਭਾਈਚਾਰੇ ਦੇ ਬਜ਼ੁਰਗਾਂ ਲਈ ਇੱਥੇ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਬੀਤੇ ਦਿਨੀਂ ਰੱਖਿਆ ਗਿਆ। ਪਿਕਸ ਸੁਸਾਇਟੀ ਦੇ ਮੈਂਬਰਾਂ ਅਤੇ ਬੀ.ਸੀ. ਦੀਆਂ ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਇਹ ਪ੍ਰਾਜੈਕਟ ਕੈਨੇਡਾ ਦੇ ਸਭ ਤੋਂ ਵੱਡੇ ਭਾਈਚਾਰਕ ਵਿਕਾਸ ਕਾਰਜਾਂ ਵਿੱਚੋਂ ਇੱਕ ਹੈ।
ਗੁਰੂ ਨਾਨਕ ਡਾਇਵਰਸਿਟੀ ਵਿਲੇਜ ਵਿੱਚ ਤਿੰਨ ਮੰਜ਼ਿਲਾ 125 ਬਿਸਤਰਿਆਂ ਵਾਲਾ ਰਿਹਾਇਸ਼ੀ ਦੇਖਭਾਲ ਘਰ ਬਣੇਗਾ ਜੋ ਬਜ਼ੁਰਗਾਂ ਨੂੰ ਸੱਭਿਆਚਾਰਕ ਤੌਰ ’ਤੇ ਸੰਵੇਦਨਸ਼ੀਲ ਦੇਖਭਾਲ ਪ੍ਰਦਾਨ ਕਰੇਗਾ। ਪਿਕਸ ਸੁਸਾਇਟੀ ਨੇ ਲੰਬੇ ਸਮੇਂ ਦੀ ਦੇਖਭਾਲ ਸਹੂਲਤ ਲਈ ਲੋੜੀਂਦੇ 118 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਫਰੇਜ਼ਰ ਹੈਲਥ, ਬੀਸੀ ਹਾਊਸਿੰਗ, ਸਿਹਤ ਮੰਤਰਾਲੇ ਅਤੇ ਸੂਬਾਈ ਸਰਕਾਰ ਦਾ ਧੰਨਵਾਦ ਕੀਤਾ ਹੈ।
ਪਿਕਸ ਦੇ ਪ੍ਰਧਾਨ ਅਤੇ ਸੀਈਓ ਸਤਬੀਰ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਲਈ ਵਿਭਿੰਨਤਾ ਵਿਲੇਜ ਬਣਾਉਣ ਲਈ ਪਿਕਸ ਦੇ ਸੰਸਥਾਪਕ ਸੀਈਓ, ਮਰਹੂਮ ਚਰਨਪਾਲ ਗਿੱਲ ਦਾ ਦ੍ਰਿਸ਼ਟੀਕੋਣ ਅਤੇ ਸੁਪਨਾ ਸੀ ਅਤੇ ਅੱਜ ਅਸੀਂ ਇਸ ਨੂੰ ਪੂਰਾ ਕਰਨ ਲਈ ਆਪਣੀ ਯਾਤਰਾ ਸ਼ੁਰੂ ਕਰ ਰਹੇ ਹਾਂ।
ਇਸ ਮੌਕੇ ਬੀ.ਸੀ. ਦੇ ਸਿਹਤ ਮੰਤਰੀ ਐਡਰੀਅਨ ਡਿਕਸ, ਮਕਾਨ ਉਸਾਰੀ ਮੰਤਰੀ ਰਵੀ ਕਾਹਲੋਂ, ਸਿੱਖਿਆ ਮੰਤਰੀ ਰਚਨਾ ਸਿੰਘ, ਟਰੇਡ ਮੰਤਰੀ ਜਗਰੂਪ ਬਰਾੜ, ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਸਰੀ ਦੀ ਮੇਅਰ ਬਰੈਂਡਾ ਲੌਕ, ਵਿਧਾਇਕ ਮਾਈਕ ਸਟਾਰਚੁਕ, ਗੈਰੀ ਬੇਗ, ਜਿੰਨੀ ਸਿਮਸ, ਨੈਟਲੀ ਮੈਕਕਾਰਥੀ, ਡਾ. ਗੁਲਜ਼ਾਰ ਚੀਮਾ, ਰਣਬੀਰ ਮੰਜ, ਪਿਕਸ ਬੋਰਡ ਦੇ ਚੇਅਰ, ਜੈਕ ਗਿੱਲ ਪੁੱਤਰ ਚਰਨਪਾਲ ਗਿੱਲ, ਅਨੀਤਾ ਹਿਊਬਰਮੈਨ, ਇੰਦਰਾ ਭਾਨ, ਅੰਤਰਿਮ ਸੀਈਓ ਸਰੀ ਬੋਰਡ ਆਫ ਟਰੇਡ, ਸਟਾਫ ਮੈਂਬਰ, ਵਾਲੰਟੀਅਰ, ਪਿਕਸ ਦੇ ਸੰਸਥਾਪਕ ਮੈਂਬਰ, ਲਾਈਫ ਟਾਈਮ ਅਤੇ ਰੈਗੂਲਰ ਮੈਂਬਰ, ਦਾਨੀ ਸੱਜਣ, ਹਿੱਸੇਦਾਰ, ਸਥਾਨਕ ਮੰਦਰ ਦੇ ਮੈਂਬਰ, ਕਮਿਊਨਿਟੀ ਮੈਂਬਰ ਅਤੇ ਸਲਾਹਕਾਰ ਸ਼ਾਮਲ ਸਨ।
ਸਮਾਗਮ ਦੀ ਸ਼ੁਰੂਆਤ ਕੈਟਜ਼ੀ ਫਸਟ ਨੇਸ਼ਨ ਤੋਂ ਡੇਵਿਡ ਕੇਨਵਰਥੀ ਦੁਆਰਾ ਪਰੰਪਰਾਗਤ ਸਵਦੇਸ਼ੀ ਸੁਆਗਤ ਨਾਲ ਹੋਈ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਦੇ ਹੈੱਡ ਗ੍ਰੰਥੀ ਗਿਆਨੀ ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਅਰਦਾਸ ਕੀਤੀ ਗਈ। ਉਪਰੰਤ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ ਗਈ।
ਸ਼ਾਇਰਾਨਾ ਸ਼ਾਮ 14 ਸਤੰਬਰ ਨੂੰ
ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜਿਆ ਆਪਣਾ ਸਾਲਾਨਾ ਪ੍ਰੋਗਰਾਮ ‘ਸ਼ਾਇਰਾਨਾ ਸ਼ਾਮ-2024’ 14 ਸਤੰਬਰ ਨੂੰ ਸਰੀ ਆਰਟ ਸੈਂਟਰ (13750 88 ਐਵੀਨਿਊ), ਸਰੀ ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਕਿ ਸ਼ਾਇਰਾਨਾ ਸ਼ਾਮ ਵਿੱਚ ਅਮਰੀਕਾ ਤੋਂ ਪੰਜਾਬੀ ਸ਼ਾਇਰ ਕੁਲਵਿੰਦਰ, ਭਾਰਤ ਤੋਂ ਰਾਜਦੀਪ ਤੂਰ ਅਤੇ ਕੈਨੇਡਾ ਦੇ ਸ਼ਾਇਰ ਜਸਵਿੰਦਰ, ਦਵਿੰਦਰ ਗੌਤਮ, ਰਾਜਵੰਤ ਰਾਜ, ਕ੍ਰਿਸ਼ਨ ਭਨੋਟ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ, ਦਸਮੇਸ਼ ਗਿੱਲ ਫਿਰੋਜ਼, ਸੁਖਜੀਤ ਕੌਰ, ਮਨਜੀਤ ਕੰਗ, ਨਰਿੰਦਰ ਭਾਗੀ, ਬਲਦੇਵ ਸੀਹਰਾ ਅਤੇ ਨਈਮ ਲਖਨ ਆਪਣਾ ਕਲਾਮ ਪੇਸ਼ ਕਰਨਗੇ।
ਇਸ ਪ੍ਰੋਗਰਾਮ ਦੀ ਰੂਪ ਰੇਖਾ ਉਲੀਕਣ ਅਤੇ ਹੋਰ ਤਿਆਰੀਆਂ ਕਰਨ ਲਈ ਬੀਤੇ ਦਿਨ ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਇਸ ਪ੍ਰੋਗਰਾਮ ਦੀ ਜਾਣਕਾਰੀ ਵੱਧ ਤੋਂ ਵੱਧ ਪੰਜਾਬੀ ਪ੍ਰੇਮੀਆਂ ਤੱਕ ਪਹੁੰਚਾਉਣ ਲਈ ਮੰਚ ਦੇ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਿਹਾ ਕਿ ਪਿਛਲੇ ਛੇ ਸਾਲ ਤੋਂ ਇਹ ਪ੍ਰੋਗਰਾਮ ਜਿਸ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ, ਉਸ ਵਿੱਚ ਸਾਲ ਦਰ ਸਾਲ ਵਧੇਰੇ ਸਫਲਤਾ ਮਿਲ ਰਹੀ ਹੈ।
ਸੰਪਰਕ: 1 604 308 6663