ਗੁਰੂ ਨਾਨਕ ਫੂਡ ਬੈਂਕ
ਪ੍ਰਿੰਸੀਪਲ ਵਿਜੈ ਕੁਮਾਰ
ਆਪਣੇ ਲਈ ਹਰ ਕੋਈ ਜੀਅ ਸਕਦਾ ਹੈ, ਪਰ ਕਿਸੇ ਦੂਜੇ ਦੀਆਂ ਲੋੜਾਂ ਨੂੰ ਵੇਖਦਿਆਂ ਉਨ੍ਹਾਂ ਦੇ ਕੰਮ ਆਉਣਾ ਵਿਰਲੇ ਲੋਕਾਂ ਦੇ ਹਿੱਸੇ ਆਉਂਦਾ ਹੈ। ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਨੇਕ ਕੰਮਾਂ ’ਤੇ ਲਾਉਣਾ ਸਾਡੇ ਗੁਰੂ ਸਹਬਿਾਨ ਦੀ ਸਭ ਤੋਂ ਵੱਡੀ ਸਿੱਖਿਆ ਹੈ। ਪੰਜਾਬੀਆਂ ਨੇ ਗੁਰੂ ਸਹਬਿਾਨ ਦੀ ਇਸ ਸਿੱਖਿਆ ’ਤੇ ਚੱਲਦਿਆਂ ਵਿਦੇਸ਼ ’ਚ ਵੀ ਲੋੜਵੰਦਾਂ ਦੀ ਬਾਂਹ ਫੜਨ ਦੇ ਕਾਰਜ ਨੂੰ ਆਪਣਾ ਮਿਸ਼ਨ ਬਣਾਇਆ ਹੋਇਆ ਹੈ।
ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਫੂਡ ਬੈਂਕ, ਵੈੱਲਕਮ ਕੈਨੇਡਾ ਮਿਸ਼ਨ ਨੂੰ ਲੈ ਕੇ ਲਾਮਿਸਾਲ ਸਮਾਜ ਸੇਵਾ ਕਰ ਰਹੀ ਹੈ। ਵਿਦੇਸ਼ਾਂ ਵਿੱਚ ਲੋਕ ਆ ਕੇ ਦਿਨ ਰਾਤ ਡਾਲਰ ਕਮਾਉਣ ਅਤੇ ਵੱਧ ਤੋਂ ਵੱਧ ਸਹੂਲਤਾਂ ਪੈਦਾ ਕਰਨ ਵਿੱਚ ਲੱਗੇ ਰਹਿੰਦੇ ਹਨ, ਪਰ ਇਸ ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕਾਂ ਨੂੰ ਹਰ ਵੇਲੇ ਇਹ ਫ਼ਿਕਰ ਲੱਗਾ ਰਹਿੰਦਾ ਹੈ ਕਿ ਉਨ੍ਹਾਂ ਦੇ ਬੂਹੇ ਦੇ ਅੱਗੇ ਆਇਆ ਕੋਈ ਵੀ ਲੋੜਵੰਦ ਵਿਅਕਤੀ ਬਿਨਾਂ ਮਦਦ ਤੋਂ ਨਾ ਮੁੜ ਜਾਵੇ। ਇਸ ਸੰਸਥਾ ਦੀ ਸ਼ੁਰੂਆਤ ਕਰੋਨਾ ਕਾਲ ’ਚ ਇੱਕ ਗੁਰਦੁਆਰਾ ਸਾਹਿਬ ਤੋਂ ਹੋਈ ਸੀ। ਇਸ ਦੇ ਸੇਵਾ ਕਾਰਜਾਂ ਨੇ ਲੋਕਾਂ ਦੇ ਮਨਾਂ ’ਚ ਅਜਿਹੀ ਥਾਂ ਬਣਾਈ ਕਿ ਅੱਜ ਇਹ 6800 ਸਕੁਏਅਰ ਫੁੱਟ ਦੀ ਇਮਾਰਤ ’ਚ ਲੋਕ ਸੇਵਾ ਦੇ ਕੰਮ ਕਰ ਰਹੀ ਹੈ। ਇਸ ਸੰਸਥਾ ’ਚ ਸਮਰੱਥ ਲੋਕ ਦਾਨ ਦਿੰਦੇ ਹਨ ਤੇ ਲੋੜਵੰਦ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਇਸ ਸੰਸਥਾ ਦੀ ਵਿਲੱਖਣ ਗੱਲ ਇਹ ਹੈ ਕਿ ਇਹ ਕਿਸੇ ਵੀ ਧਰਮ, ਜਾਤ, ਕੌਮ ਅਤੇ ਦੇਸ਼ ਦਾ ਕੋਈ ਵੀ ਵਿਅਕਤੀ ਇੱਥੇ ਆ ਕੇ ਸਹਾਇਤਾ ਲੈ ਕੇ ਜਾ ਸਕਦਾ ਹੈ।
ਇਸ ਸੰਸਥਾ ਦੇ ਸੱਤ ਮੁੱਖ ਸੇਵਾਦਾਰ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ, ਪਰ ਗਿਆਨੀ ਨਰਿੰਦਰ ਸਿੰਘ ਵਾਲੀਆ ਦੀ ਰਹਿਨੁਮਾਈ ਅਧੀਨ ਜੇ.ਆਰ. ਮਿਨਹਾਸ ਅਤੇ ਨੀਰਜ ਵਾਲੀਆ ਸਮੁੱਚੇ ਤੌਰ ’ਤੇ ਭੂਮਿਕਾ ਨਿਭਾ ਰਹੇ ਹਨ। ਇਹ ਸੰਸਥਾ ਲੋੜਵੰਦ ਬੱਚਿਆਂ, ਬਜ਼ੁਰਗਾਂ, ਔਰਤਾਂ, ਦੇਸ਼-ਵਿਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਲੋੜ ਵੇਲੇ ਉਨ੍ਹਾਂ ਦੀ ਸਹਾਇਤਾ ਕਰਦੀ ਹੈ। ਵੈੱਲਕਮ ਕੈਨੇਡਾ ਥੀਮ ਅਧੀਨ ਬਾਹਰਲੇ ਦੇਸ਼ਾਂ ਤੋਂ ਇਸ ਦੇਸ਼ ਵਿੱਚ ਪੜ੍ਹਨ ਜਾਂ ਕਿਸੇ ਹੋਰ ਉਦੇਸ਼ ਨਾਲ ਆਏ ਵਿਦਿਆਰਥੀਆਂ ਨੂੰ ਪੂਰਾ ਬਿਸਤਰਾ ਤੇ ਉਦੋਂ ਤੱਕ ਖਾਣ ਪੀਣ ਦਾ ਰਾਸ਼ਨ ਮਿਲਦਾ ਹੈ ਜਦੋਂ ਤੱਕ ਉਨ੍ਹਾਂ ਦਾ ਆਪਣਾ ਸਹਾਰਾ ਨਹੀਂ ਬਣ ਜਾਂਦਾ। ਜਿਨ੍ਹਾਂ ਬਜ਼ੁਰਗਾਂ ਅਤੇ ਔਰਤਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਾੜਾ ਵਤੀਰਾ ਕਰਦੇ ਹਨ, ਉਨ੍ਹਾਂ ਦੀ ਸਹਾਇਤਾ ਵੀ ਇਹ ਸੰਸਥਾ ਕਰਦੀ ਹੈ। ਕਿਸੇ ਦਾ ਵੀਜ਼ਾ ਖਤਮ ਹੋ ਜਾਵੇ, ਉਸ ਦੇ ਵੀਜ਼ੇ ਨੂੰ ਰੀਨਿਊ ਕਰਵਾਉਣ, ਉਸ ਨੂੰ ਉਸ ਦੇ ਘਰ ਭੇਜਣ ਦਾ ਨੇਕ ਕੰਮ ਵੀ ਕਰਦੀ ਹੈ। ਇਸ ਸੰਸਥਾ ਦੀ ਕਾਰਜ ਪ੍ਰਣਾਲੀ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਵੇਖ ਕੇ ਲੋਕ ਇਸ ਦੇ ਨਾਲ ਜੁੜਦੇ ਗਏ ਤੇ ਇਹ ਸੰਸਥਾ ਅੱਗੇ ਵਧਦੀ ਗਈ। ਜੇ.ਆਰ. ਮਿਨਹਾਸ ਦੇ ਵੈਂਕਟਹਾਲ ਵਿੱਚ ਇਸ ਸੰਸਥਾ ਦੇ ਇੱਕ ਸਮਾਗਮ ਵਿੱਚ ਇੱਕ ਦਾਨੀ ਸੱਜਣ ਨੇ ਸੰਸਥਾ ਨੂੰ 6800 ਸੁਕੇਅਰ ਫੁੱਟ ਦੀ ਇਮਾਰਤ ਦਾਨ ਕਰ ਦਿੱਤੀ। ਸਮਾਗਮ ’ਚ ਬੈਠੇ ਡੈਲਟਾ ਸ਼ਹਿਰ ਦੇ ਮੇਅਰ ਨੇ 10000 ਡਾਲਰ ਦਾ ਚੈੱਕ ਦਾਨ ਦੇ ਰੂਪ ਵਿੱਚ ਦੇ ਦਿੱਤਾ। ਇੱਕ ਸਾਲ ਦਾ ਬਣਨ ਵਾਲਾ 10000 ਡਾਲਰ ਟੈਕਸ ਸਦਾ ਲਈ ਮੁਆਫ਼ ਕਰ ਦਿੱਤਾ। ਇਸ ਸੰਸਥਾ ਨੂੰ ਚਲਾਉਣ ਲਈ ਬਣਨ ਵਾਲਾ ਲਾਇਸੈਂਸ ਦੋ ਦਿਨ ’ਚ ਬਣਾ ਦਿੱਤਾ ਗਿਆ।
ਦੇਸ਼ ਦਾ ਪ੍ਰਧਾਨ ਮੰਤਰੀ, ਰਾਜ ਦਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦਾ ਨੇਤਾ ਇਸ ਸੰਸਥਾ ਬਾਰੇ ਇਹ ਸੁਣ ਕੇ ਇਸ ਨੂੰ ਖੁਦ ਦੇਖਣ ਆਏ ਕਿ ਇਸ ਸੰਸਥਾ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਇਹ ਸੰਸਥਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮੋਦੀਖਾਨੇ ਦੀ ਤਰ੍ਹਾਂ ਹੈ। ਜਿਹੜੇ ਲੋਕ ਇਸ ਸੰਸਥਾ ਤੋਂ ਲੋੜ ਵੇਲੇ ਸਹਾਇਤਾ ਲੈ ਜਾਂਦੇ ਹਨ, ਉਹ ਸੌਖੇ ਹੋ ਕੇ ਇਸ ਨਾਲ ਜੁੜ ਕੇ ਇਸ ਦੀ ਸਹਾਇਤਾ ਕਰਨ ਲੱਗ ਪੈਂਦੇ ਹਨ। ਇਸ ਦਾ ਹਰ ਕੰਮ ਔਨਲਾਈਨ ਹੈ। ਲੋੜਵੰਦ ਵਿਅਕਤੀ ਸੰਪਰਕ ਨੰਬਰ 6045801313 ’ਤੇ ਫੋਨ ਕਰ ਸਕਦਾ ਹੈ। ਵਿਦੇਸ਼ ਤੋਂ ਆਉਣ ਵਾਲੇ ਲੋੜਵੰਦ ਵੀ ਕੈਨੇਡਾ ਆਉਣ ਤੋਂ ਪਹਿਲਾਂ ਇਸ ਨੰਬਰ ’ਤੇ ਫੋਨ ਕਰ ਸਕਦੇ ਹਨ। ਸੰਸਥਾ ਦੇ ਪ੍ਰਬਧੰਕ ਲੋੜਵੰਦ ਵਿਅਕਤੀ ਤੱਕ ਖੁਦ ਪਹੁੰਚ ਕਰਕੇ ਉਸ ਦੀ ਲੋੜ ਦੀਆਂ ਚੀਜ਼ਾਂ ਉਸ ਨੂੰ ਮੁਹੱਈਆ ਕਰਵਾ ਦਿੰਦੇ ਹਨ। ਫੋਨ ਨੰਬਰ ਦੇ ਪਿੱਛੇ ਲੱਗਾ 1313 ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੇਰਾਂ ਤੇਰਾਂ ਤੋਲਣ ਦਾ ਪ੍ਰਤੀਕ ਹੈ। ਜਿਹੜੇ ਲੋੜਵੰਦ ਵਿਅਕਤੀ ਨੇ ਸਹਾਇਤਾ ਲੈਣੀ ਹੈ, ਉਸ ਹਰ ਵਿਅਕਤੀ ਦੀ ਫਾਈਲ ਬਣਦੀ ਹੈ, ਪਰ ਜੇਕਰ ਕੋਈ ਲੋੜਵੰਦ ਵਿਅਕਤੀ ਪਹਿਲੀ ਵਾਰ ਆਪਣੇ ਦਸਤਾਵੇਜ਼ ਨਹੀਂ ਦੇ ਪਾਉਂਦਾ ਤਾਂ ਉਸ ਨੂੰ ਖਾਲੀ ਨਹੀਂ ਮੋੜਿਆ ਜਾਂਦਾ ਸਗੋਂ ਸੰਸਥਾ ਉਸ ਦੇ ਦਸਤਾਵੇਜ਼ ਬਣਾਉਣ ਲਈ ਉਸ ਦੀ ਸਹਾਇਤਾ ਕਰਦੀ ਹੈ। ਇਸ ਸੰਸਥਾ ਦੇ ਦਰਵਾਜ਼ੇ 24 ਘੰਟੇ 365 ਦਿਨ ਖੁੱਲ੍ਹੇ ਰਹਿੰਦੇ ਹਨ। ਲੋੜਵੰਦ ਵਿਅਕਤੀ ਵੱਲੋਂ ਸਹਾਇਤਾ ਲਈ ਮੇਲ ਕਰਨ ਜਾਂ ਫੋਨ ਕਰਨ ਦੇ ਪੰਜ ਮਿੰਟ ਬਾਅਦ ਉਸ ਦੇ ਸਾਮਾਨ ਦਾ ਪੈਕਟ ਤਿਆਰ ਪਿਆ ਹੁੰਦਾ ਹੈ। ਜਿਹੜਾ ਵਿਅਕਤੀ ਦਰਵਾਜ਼ੇ ਅੰਦਰ ਆ ਗਿਆ, ਉਹ ਖਾਲੀ ਨਹੀਂ ਜਾਵੇਗਾ। ਬੱਚਿਆਂ ਦੀ ਵਰਤੋਂ ਦਾ ਸਾਮਾਨ ਬਹੁਤ ਮਹਿੰਗਾ ਹੁੰਦਾ ਹੈ, ਉਸ ਦੀ ਦਾਨੀ ਲੋਕਾਂ ਤੋਂ ਮੰਗ ਵੀ ਕੀਤੀ ਜਾਂਦੀ ਹੈ ਤੇ ਲੋੜਵੰਦ ਬੱਚਿਆਂ ਨੂੰ ਓਨੀ ਹੀ ਸ਼ਿੱਦਤ ਨਾਲ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਸਮੁੱਚੀ ਮਾਨਵਤਾ ਦੀ ਸੇਵਾ ਦੇ ਉਦੇਸ਼ ਨਾਲ ਇਸ ਸੰਸਥਾ ਦੀਆਂ ਜਾਤਾਂ, ਧਰਮਾਂ, ਕੌਮਾਂ, ਦੇਸ਼ਾਂ ਅਤੇ ਸ਼ਹਿਰਾਂ ਦੀਆਂ ਹੱਦਾ ਚੁੱਕ ਦਿੱਤੀਆਂ ਗਈਆਂ ਹਨ। ਜਿਨ੍ਹਾਂ ਲੋੜਵੰਦਾਂ ਕੋਲ ਰਾਸ਼ਨ ਲੈ ਕੇ ਉਸ ਨੂੰ ਪਕਾਉਣ ਦਾ ਸਮਾਂ ਨਹੀਂ ਹੈ, ਉਨ੍ਹਾਂ ਲਈ ਤਿਆਰ ਭੋਜਨ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ। ਬੱਚਿਆਂ, ਬਜ਼ੁਰਗਾਂ, ਔਰਤਾਂ ਤੇ ਵਿਦਿਆਰਥੀਆਂ ਲਈ ਇੱਕ ਹੈਲਪਲਾਈਨ ਵੀ ਤਿਆਰ ਕੀਤੀ ਗਈ ਹੈ। ਲੋੜ ਪੈਣ ’ਤੇ ਸੰਸਥਾ ਦੇ ਮੈਂਬਰ ਸਹਾਇਤਾ ਲਈ ਝੱਟ ਪਹੁੰਚ ਜਾਂਦੇ ਹਨ।
ਇਸ ਤੋਂ ਇਲਾਵਾ ਸਮਾਜ ਦੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਨਸ਼ਿਆਂ, ਸਿੱਖਿਆ ਤੇ ਸਮਾਜਿਕ ਵਿਸ਼ਿਆਂ ’ਤੇ ਸੈਮੀਨਾਰ ਵੀ ਕਰਵਾਏ ਜਾਂਦੇ ਹਨ। ਵਿਸ਼ੇਸ਼ ਤੌਰ ’ਤੇ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ’ਚ ਵਸਣ ਦੇ ਗੁਰ ਸਿਖਾਏ ਜਾਂਦੇ ਹਨ। ਸੰਸਥਾ ਦੇ ਸੇਵਕ ਗਿਆਨੀ ਨਰਿੰਦਰ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਇਹ ਸੰਸਥਾ ਵਿਸ਼ਵਾਸ ਦੀ ਭਾਵਨਾ ’ਤੇ ਚੱਲਦੀ ਹੈ। ਸੰਸਥਾ ਨੂੰ ਦਾਨ ਦੇਣ ਅਤੇ ਲੈਣ ਵਾਲੇ ਵਿਸ਼ਵਾਸ ਨਾਲ ਹੀ ਆਉਂਦੇ ਹਨ। ਇਸ ਦਾ ਕਾਰਜ ਇੱਕ ਸਾਈਕਲ ਵਾਂਗ ਹੈ। ਦਾਨ ਦੇਣ ਵਾਲੇ ਦਾਨ ਦਿੰਦੇ ਹਨ ਅਤੇ ਲੈਣ ਵਾਲੇ ਲੈ ਜਾਂਦੇ ਹਨ। ਕੈਨੇਡਾ ਦੇ ਸ਼ਹਿਰ ਸਰੀ ਵਿੱਚ ਵੀ ਅਜਿਹੀ ਹੀ ਇੱਕ ਸੰਸਥਾ ਸਮਾਜ ਸੇਵਾ ਦਾ ਕਾਰਜ ਕਰ ਰਹੀ ਹੈ, ਪਰ ਡੈਲਟਾ ਸ਼ਹਿਰ ਦੀ ਇਸ ਸਮਾਜ ਸੇਵੀ ਸੰਸਥਾ ਦਾ ਦਾਇਰਾ ਕਾਫ਼ੀ ਵੱਡਾ ਹੈ।
ਸੰਪਰਕ: 98726-27136