ਗੁਰੂ ਨਾਨਕ ਦੇਵ ’ਵਰਸਿਟੀ ਨੇ 55ਵਾਂ ਸਥਾਪਨਾ ਦਿਵਸ ਮਨਾਇਆ
ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 55ਵਾਂ ਸਥਾਪਨਾ ਦਿਵਸ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਅਤੇ ਉਨ੍ਹਾਂ ’ਤੇ ਅਮਲ ਲਈ ਮਨੁੱਖੀ ਮਾਨਸਿਕਤਾ ਦੀ ਸਮਝ ਪੈਦਾ ਕਰਨ ’ਤੇ ਕੇਂਦਰਿਤ ਹੋ ਨਿਬੜਿਆ। ਅਕਾਦਮਿਕ ਭਾਸ਼ਣ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਰਾਜੇਸ਼ ਗਿੱਲ, ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ, ਪੰਜਾਬੀ ਵਿਭਾਗ ਅਤੇ ਡੀਨ, ਕਲਚਰਲ ਕੌਂਸਲ ਡਾ. ਰਵੀ ਰਵਿੰਦਰ ਅਤੇ ਯੂਨਵਿਰਸਿਟੀ ਦੇ ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮਨੁੱਖੀ ਹੋਂਦ ਨੂੰ ਦਰਪੇਸ਼ ਵਿਸ਼ਵਵਿਆਪੀ ਸਮੱਸਿਆਵਾਂ ਦਾ ਹੱਲ ਦੱਸਿਆ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਅਕ ਮਾਮਲੇ ਡਾ. ਪਲਵਿੰਦਰ ਸਿੰਘ ਨੇ ਸਵਾਗਤੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੱਸੀਆਂ। ਡਾ. ਰਾਜੇਸ਼ ਗਿੱਲ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਹਵਾਲੇ ਨਾਲ ਸਮਾਨਤਾ, ਧਰਮ ਨਿਰਪੱਖਤਾ ਅਤੇ ਵਿਵੇਕਸ਼ੀਲਤਾ ਦੇ ਉਨ੍ਹਾਂ ਦੇ ਦੂਰਅੰਦੇਸ਼ੀ ਆਦਰਸ਼ਾਂ ਨੂੰ ਉਭਾਰਿਆ। ਡਾ. ਰਵੀ ਰਵਿੰਦਰ ਨੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਅਤੇ ਚੁਣੌਤੀਆਂ ਦੇ ਹਵਾਲੇ ਨਾਲ ਇਸ ਦੀ ਸ਼ੁਰੂਆਤ ਤੋਂ ਇਸ ਦੇ ਆਧੁਨਿਕ ਰੂਪ ਤੱਕ ਦੀ ਚਰਚਾ ਕੀਤੀ।
ਇਸ ਦੌਰਾਨ ਯੂਨੀਵਰਸਿਟੀ ਦੇ ਵਿਹੜੇ ਵਿੱਚ ਵੱਖ-ਵੱਖ ਕਾਲਜਾਂ ਵੱਲੋਂ ਲਾਈ ਲੋਕ ਕਲਾ ਪ੍ਰਦਰਸ਼ਨੀ ਵਿੱਚ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋ ਤਿਆਰ ਕੀਤੀਆਂ ਗਈਆਂ ਪੇਂਟਿੰਗਾਂ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ । ‘ਪੌਦੇ ਦਰੱਖਤ ਭਵਿੱਖ ਨੂੰ ਨਿਰਧਾਰਤ ਕਰਦੇ ਹਨ’ ਵਿਸ਼ੇ ’ਤੇ ਕਰਵਾਈ ਗਈ ਆਨ ਦੀ ਸਪੌਟ ਪੇਂਟਿੰਗ ਵਿੱਚ ਵਿਦਿਆਰਥੀ ਕਲਾਕਾਰਾਂ ਨੇ ਹਿੱਸਾ ਲਿਆ। ਤਿੰਨ ਪੁਜੀਸ਼ਨਾਂ ਪਹਿਲੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਬੀਬੀਕੇਡੀਏਵੀ ਕਾਲਜ ਫਾਰ ਵਿਮੈੱਨ ਅੰਮ੍ਰਿਤਸਰ ਦੀ ਕਾਰਤਿਕਾ ਰਾਜਪੂਤ ਨੇ ਪਹਿਲਾ, ਸਾਈਂ ਕਾਲਜ ਆਫ਼ ਐਜੂਕੇਸ਼ਨ ਜੰਡਿਆਲਾ ਦੇ ਜਸਵੰਤ ਸਿੰਘ ਨੇ ਦੂਜਾ, ਬੀਬੀਕੇਡੀਏਵੀ ਕਾਲਜ ਫਾਰ ਵਿਮੈੱਨ ਅੰਮ੍ਰਿਤਸਰ ਦੀ ਰਾਜਪ੍ਰੀਤ ਕੌਰ ਨੇ ਤੀਜਾ ਅਤੇ ਇਸੇ ਹੀ ਕਾਲਜ ਦੀ ਅਮੀਸ਼ਾ ਨੇ ਉਤਸ਼ਾਹ ਵਧਾਊ ਇਨਾਮ ਜਿੱਤਿਆ।