Guru Nanak Dev Ji: ਮਨੁੱਖਤਾ ਦੇ ਮਸੀਹਾ ਗੁਰੂ ਨਾਨਕ ਦੇਵ ਜੀ
ਸਰਬਜੀਤ ਸਿੰਘ ਕੰਵਲ
ਗੁਰੂ ਨਾਨਕ ਦੇਵ ਜੀ ਦਾ ਜਨਮ ਸੰਨ 1469 ਈ. ਵਿਚ ਰਾਏ ਭੋਏ ਦੀ ਤਲਵੰਡੀ ਵਿੱਚ ਹੋਇਆ, ਜਿਸ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਗੁਰੂ ਜੀ ਨੇ ਆਪਣੇ ਜੀਵਨ ਵਿਚ ਚਾਰ ਉਦਾਸੀਆਂ ਦੌਰਾਨ ਦੇਸ਼-ਵਿਦੇਸ਼ ਵਿਚ ਗਿਆਨ ਅਤੇ ਰੂਹਾਨੀਅਤ ਦੇ ਸੁਨੇਹੇ ਪਹੁੰਚਾਏ। ਗੁਰੂ ਸਾਹਿਬ ਦਾ 555ਵਾਂ ਪ੍ਰਕਾਸ਼ ਦਿਹਾੜਾ ਮਨਾਉਂਦਿਆਂ, ਆਓ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਕਰੀਏ, ਜਿਨ੍ਹਾਂ ’ਤੇ ਅਮਲ ਕਰਕੇ ਅਸੀਂ ਆਪਣਾ ਜੀਵਨ ਉੱਚੇ ਤੇ ਸੁੱਚੇ ਆਚਰਣ ਵਾਲਾ ਬਣਾ ਸਕਦੇ ਹਾਂ।
ਸਮਾਜਿਕ ਬਰਾਬਰਤਾ ਅਤੇ ਸਰਬ ਸਾਂਝੀਵਾਲਤਾ
Guru Nanak Dev Ji ਨੇ ਇਕ ਪਰਮਾਤਮਾ (ਇਕ ਓਅੰਕਾਰ) ’ਤੇ ਯਕੀਨ ਰੱਖਣ ਦੀ ਸਿੱਖਿਆ ਦਿੱਤੀ, ਜਿਸ ਦੀ ਜੋਤ ਹਰ ਜੀਵ ਦੇ ਹਿਰਦੇ ਅੰਦਰ ਜਗ ਰਹੀ ਹੈ। ਸਾਰਿਆਂ ਅੰਦਰ ਇਕ ਜੋਤ ਹੋਣ ਦਾ ਗਿਆਨ ਹੋਣ ਮਗਰੋਂ ਅਸੀਂ ਕਿਸੇ ਨਾਲ ਬੁਰਾ ਨਹੀਂ ਕਰਦੇ। ਸਾਡੇ ਅੰਦਰ ਸਾਰੇ ਮਨੁੱਖਾਂ ਅਤੇ ਜੀਵ-ਜੰਤੂਆਂ ਪ੍ਰਤੀ ਦਇਆ ਭਾਵਨਾ ਉਤਪਨ ਹੋਣ ਲੱਗਦੀ ਹੈ। ਗੁਰੂ ਜੀ ਨੇ ਸਮਝਾਇਆ ਕਿ ਧਰਮ ਜਾਂ ਜਾਤੀ ਦੇ ਆਧਾਰ ’ਤੇ ਕਿਸੇ ਨੂੰ ਨਫਰਤ ਕਰਨਾ ਸਾਨੂੰ ਪਰਮਾਤਮਾ ਤੋਂ ਦੂਰ ਕਰਦਾ ਹੈ। ਇਨ੍ਹਾਂ ਕਦਰਾਂ-ਕੀਮਤਾਂ ਨੂੰ ਅਮਲੀ ਤੌਰ ’ਤੇ ਪ੍ਰਫੁੱਲਤ ਕਰਕੇ ਸਮੁੱਚੀ ਮਾਨਵਤਾ ਨੂੰ ਇਕ ਸੂਤਰ ਵਿਚ ਪ੍ਰੋਣ ਲਈ ਪੰਗਤ ਅਤੇ ਸੰਗਤ ਦੀ ਪ੍ਰੰਪਰਾ ਆਰੰਭ ਕੀਤੀ ਗਈ, ਜਿੱਥੇ ਹਰ ਮੂਲ ਦੇ ਲੋਕ ਇਕੱਠੇ ਬੈਠ ਕੇ ਲੰਗਰ ਛਕਦੇ ਹਨ ਅਤੇ ਨਾਮ ਜਪਦੇ ਹਨ।
ਔਰਤਾਂ ਲਈ ਬਰਾਬਰੀ ਦਾ ਦਰਜਾ
ਗੁਰੂ ਨਾਨਕ ਦੇਵ ਜੀ ਦੇ ਸਮੇਂ ਔਰਤਾਂ ਦੀ ਹਾਲਤ ਬਹੁਤ ਤਰਸਯੋਗ ਸੀ। ਕੋਈ ਵੀ ਉਨ੍ਹਾਂ ਦੇ ਹੱਕ ’ਚ ਨਹੀਂ ਬੋਲਦਾ ਸੀ। ਗੁਰੂ ਜੀ ਨੇ ਔਰਤਾਂ ਦੇ ਸਤਿਕਾਰ ਲਈ ਆਵਾਜ਼ ਬੁਲੰਦ ਕੀਤੀ ਅਤੇ ਧਾਰਮਿਕ ਕਾਰਜਾਂ ਵਿਚ ਉਨ੍ਹਾਂ ਨੂੰ ਬਰਾਬਰੀ ਦਾ ਸਥਾਨ ਦਿਤਾ। ਉਨ੍ਹਾਂ ਸਵਾਲ ਕੀਤਾ ਕਿ ਜੋ ਇਸਤਰੀ ਰਾਜਿਆਂ ਨੂੰ ਜਨਮ ਦਿੰਦੀ ਹੈ, ਉਹ ਬੁਰੀ ਕਿਵੇਂ ਹੋ ਸਕਦੀ ਹੈ।
ਨਿਸ਼ਕਾਮ ਸੇਵਾ
Guru Nanak Dev Ji ਨੇ ਅਧਿਆਤਮਕ ਵਿਕਾਸ ਅਤੇ ਸਮਾਜ ਭਲਾਈ ਲਈ ਨਿਸ਼ਕਾਮ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਨਿੱਜੀ ਲਾਭ ਜਾਂ ਪ੍ਰਸ਼ੰਸਾ ਪ੍ਰਾਪਤ ਕਰਨ ਦੀ ਕਾਮਨਾ ਤੋਂ ਬਿਨਾਂ ਕੀਤੀ ਸੇਵਾ ਨਿਸ਼ਕਾਮ ਸੇਵਾ ਅਖਵਾਉਂਦੀ ਹੈ। ਇਹ ਸੇਵਾ ਪਿਆਰ, ਨੇਕ ਨੀਅਤ, ਸ਼ੁਭ ਭਾਵਨਾਵਾਂ ਅਤੇ ਨਿਮਰਤਾ ਨਾਲ ਸਰਸ਼ਾਰ ਹੁੰਦੀ ਹੈ। ਸੇਵਾ ਨਾਲ ਹੰਕਾਰ ਤੇ ਸੁਆਰਥ ਦੂਰ ਹੁੰਦਾ ਹੈ ਅਤੇ ਦੂਜਿਆਂ ਨੂੰ ਸਮਝਣ ਦੀ ਸਮਰਥਾ ਪੈਦਾ ਹੁੰਦੀ ਹੈ। ਕਿਸੇ ਦੀ ਸੇਵਾ ਕਰਕੇ ਅਸੀਂ ਅਸਲ ਵਿਚ ਉਸ ਪਰਮਾਤਮਾ ਦੀ ਹੀ ਸੇਵਾ ਕਰ ਰਹੇ ਹੁੰਦੇ ਹਾਂ, ਜੋ ਹਰ ਜੀਵ ਅੰਦਰ ਵਸਦਾ ਹੈ। ਗੁਰੂ ਸਾਹਿਬ ਨੇ ਸਾਨੂੰ ਉਨ੍ਹਾਂ ਨਾਲ ਵੀ ਹਮਦਰਦੀ ਕਰਨੀ ਸਿਖਾਈ, ਜਿਨ੍ਹਾਂ ਨੇ ਸਾਡਾ ਬੁਰਾ ਕੀਤਾ ਹੋਵੇ। ਅਜਿਹਾ ਕਰਕੇ ਉਨ੍ਹਾਂ ਅੰਦਰੋਂ ਬੁਰਾਈ ਨੂੰ ਮਾਰਿਆ ਜਾ ਸਕਦਾ ਹੈ।
ਵਿਗਿਆਨਿਕ ਸੋਚ ਦਾ ਪ੍ਰਚਾਰ
ਗੁਰੂ ਨਾਨਕ ਦੇਵ ਜੀ ਨੇ ਵਿਗਿਆਨਿਕ ਸੋਚ ਨੂੰ ਅਪਨਾਉਣ ਦਾ ਹੋਕਾ ਦਿੱਤਾ। ਬਾਹਰੀ ਦਿਖਾਵਿਆਂ, ਪਖੰਡਾਂ, ਕਰਮਕਾਂਡਾਂ, ਜਾਦੂ-ਟੂਣਿਆਂ, ਅੰਧਵਿਸ਼ਵਾਸ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕਰਕੇ ਡੂੰਘੇ ਨੈਤਿਕ ਧਰਮ ਦਾ ਪ੍ਰਚਾਰ ਕੀਤਾ। ਭੋਲੇ ਭਾਲੇ ਲੋਕਾਂ ਨੂੰ ਧਰਮ ਦੇ ਠੇਕੇਦਾਰਾਂ ਦੇ ਚੁੰਗਲ ਤੋਂ ਛੁਡਾ ਕੇ ਗੁਰਬਾਣੀ ਦੁਆਰਾ ਸਿੱਧਾ ਰੱਬ ਨਾਲ ਜੋੜਿਆ।
ਕਿਰਤ ਕਰਨਾ ਅਤੇ ਵੰਡ ਕੇ ਛਕਣਾ
ਗੁਰੂ ਜੀ ਨੇ ਇਮਾਨਦਾਰੀ ਨਾਲ ਕਮਾਈ ਕਰਨ ’ਤੇ ਜ਼ੋਰ ਦਿੱਤਾ, ਜਿਸ ਨੂੰ ਦਸਾਂ ਨਹੁੰਆਂ ਦੀ ਕਿਰਤ ਕਹਿੰਦੇ ਹਨ। ਉਨ੍ਹਾਂ ਫੁਰਮਾਇਆ ਕਿ ਪਰਾਇਆ ਹੱਕ ਹਿੰਦੂ ਲਈ ਗਾਂ ਅਤੇ ਮੁਸਲਮਾਨ ਲਈ ਸੂਰ ਖਾਣ ਸਮਾਨ ਹੈ, ਭਾਵ ਬੇਈਮਾਨੀ ਘੋਰ ਪਾਪ ਹੈ। ਗੁਰੂ ਜੀ ਦੇ ਵੰਡ ਕੇ ਛਕਣ ਦੇ ਉਪਦੇਸ਼ ਤੋਂ ਦਸਵੰਧ ਪ੍ਰਥਾ ਸ਼ੁਰੂ ਹੋਈ ਜਿਸ ਵਿਚ ਆਪਣੀ ਨੇਕ ਕਮਾਈ ਦਾ 10 ਫੀਸਦ ਹਿੱਸਾ ਲੋੜਵੰਦਾਂ ਨੂੰ ਦਾਨ ਦਿੱਤਾ ਜਾਂਦਾ ਹੈ। ਜੇ ਸਾਰੇ ਦਸਵੰਧ ਕੱਢਣ ਲੱਗ ਜਾਣ ਤਾਂ ਦੁਨੀਆਂ ਵਿੱਚ ਕੋਈ ਭੁੱਖਾ ਨਹੀਂ ਰਹੇਗਾ।
ਮਿਠਾਸ ਅਤੇ ਨਿਮਰਤਾ
ਗੁਰੂ ਜੀ ਅਨੁਸਾਰ ਮਿਠਾਸ ਤੇ ਨਿਮਰਤਾ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਨਿਚੋੜ ਹੈ, ਬਸ਼ਰਤੇ ਕਿ ਉਪਰੋਂ-ਉਪਰੋਂ ਮਿੱਠੀਆਂ ਗੱਲਾਂ ਕਰਨ ਦੀ ਥਾਂ ਇਨਸਾਨ ਦਾ ਮਨ ਸਾਫ ਹੋਵੇ। ਜਿਵੇਂ ਮੈਲੇ ਬਰਤਨ ਵਿਚ ਦੁੱਧ ਨਹੀਂ ਸੰਭਾਲਿਆ ਜਾ ਸਕਦਾ, ਉਵੇਂ ਮਨ ’ਚੋਂ ਈਰਖਾ, ਨਫ਼ਰਤ, ਨਿੰਦਿਆ-ਚੁਗਲੀ ਦੀ ਮੈਲ ਸਾਫ ਕੀਤੇ ਬਿਨਾਂ ਇਸ ਵਿਚ ਪ੍ਰਭੂ ਦਾ ਨਾਮ ਸੰਚਿਤ ਨਹੀਂ ਕੀਤਾ ਜਾ ਸਕਦਾ। ਧਨ-ਦੌਲਤ, ਤਾਕਤ, ਰੁਤਬਾ ਅਤੇ ਜਵਾਨੀ ਸਭ ਨਾਸ਼ਵਾਨ ਹਨ ਜਦਕਿ ਨਿਮਰਤਾ, ਸੇਵਾ ਅਤੇ ਪਰਉਪਕਾਰ ਦੇ ਗੁਣ ਸਦੀਵੀ ਸੁੱਖ ਦਿੰਦੇ ਹਨ। ਹੰਕਾਰ ਮਨੁੱਖ ਨੂੰ ਸਮਾਜ ਅਤੇ ਰਿਸ਼ਤਿਆਂ ਤੋਂ ਦੂਰ ਕਰ ਦਿੰਦਾ ਹੈ। ਗੁਰੂ ਜੀ ਅਨੁਸਾਰ ਜਦੋਂ ਇਹ ਸੋਝੀ ਆ ਜਾਵੇ ਕਿ ਸਭ ਕੁਝ ਪ੍ਰਮਾਤਮਾ ਦੇ ਹੁਕਮ ਵਿੱਚ ਹੁੰਦਾ ਹੈ ਤਾਂ ਫਿਰ ਹੰਕਾਰ ਨਹੀਂ ਰਹਿੰਦਾ। ਗੁਰੂ ਜੀ ਨੇ ਕਦੇ ਵੀ ਸ੍ਰੇਸ਼ਠ ਹੋਣ ਦਾ ਦਾਅਵਾ ਨਹੀਂ ਕੀਤਾ ਬਲਕਿ ਆਪਣੇ ਆਪ ਨੂੰ ਨੀਵਿਆਂ ਤੋਂ ਵੀ ਨੀਵਾਂ ਆਖਿਆ।
ਸੰਤੋਖ ਅਤੇ ਭਾਣਾ
ਸੰਤੋਖ ਦਾ ਭਾਵ ਹੈ ਕਿ ਜੋ ਆਪਣੇ ਕੋਲ ਹੈ, ਉਸ ਲਈ ਸ਼ੁਕਰਗੁਜ਼ਾਰ ਹੋਣਾ ਅਤੇ ਜੋ ਨਹੀਂ ਹੈ, ਉਸ ਦੀ ਲਾਲਸਾ ਕਾਰਨ ਦੁਖੀ ਨਹੀਂ ਹੋਣਾ। ਪ੍ਰਮਾਤਮਾ ਦੀ ਮਰਜ਼ੀ ਖੁਸ਼ੀ-ਖੁਸ਼ੀ ਮੰਨਣ ਨੂੰ ਭਾਣਾ ਮੰਨਣਾ ਕਹਿੰਦੇ ਹਨ। ਗੁਰਬਾਣੀ ਦੇ ਅਰਥ ਪੜ੍ਹ ਕੇ ਅਸੀਂ ਦੁਖ ਵਿਚ ਵੀ ਚੜ੍ਹਦੀਕਲਾ ਵਿਚ ਰਹਿਣ ਦੀ ਜੁਗਤ ਸਿੱਖ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਤਣਾਅ, ਨਿਰਾਸ਼ਾ, ਡਿਪ੍ਰੈਸ਼ਨ ਅਤੇ ਆਤਮਘਾਤ ਵਰਗੀਆਂ ਮਾਨਸਿਕ ਬਿਮਾਰੀਆਂ ਤੋਂ ਬਚ ਕੇ ਸੰਤੁਲਿਤ ਜੀਵਨ ਜੀ ਸਕਦੇ ਹਾਂ।
ਆਤਮਕ ਅਨੰਦ ਦੀ ਪ੍ਰਾਪਤੀ
ਗੁਰੂ ਜੀ ਨੇ ਅਗੰਮੀ ਜੋਤ ਵਿਚ ਲੀਨ ਹੋਣ ਲਈ ਪ੍ਰਭੂ ਦੀਆਂ ਸੋਹਣੀਆਂ ਸਿਫਤਾਂ ਗਾਉਣ ਦਾ ਉਪਦੇਸ਼ ਦਿੱਤਾ ਅਤੇ ਆਨੰਦਮਈ ਕੀਰਤਨ ਨਾਲ ਸ਼ਿੰਗਾਰੀ ਰੂਹਾਨੀ ਜੀਵਨ ਸ਼ੈਲੀ ਬਖਸ਼ਿਸ਼ ਕੀਤੀ। ਮਨ ਦੇ ਖੇੜੇ ਲਈ ਹਾਨੀਕਾਰਕ ਨਸ਼ਿਆਂ ਦਾ ਸਹਾਰਾ ਲੈਣ ਦੀ ਬਜਾਏ ਪ੍ਰਭੂ ਦੇ ਨਾਮ ਰਸ ਵਿਚ ਚੁੱਭੀ ਲਾ ਕੇ ਪਰਮ ਸੁਖ ਦੀ ਪ੍ਰਾਪਤੀ ਲਈ ਪ੍ਰੇਰਿਆ। ਨਾਮ ਜਪਣ ਦਾ ਅਰਥ ਕੇਵਲ ਪ੍ਰਮਾਤਮਾ ਦਾ ਨਾਮ ਬਾਰ-ਬਾਰ ਬੋਲਣਾ ਹੀ ਨਹੀਂ ਸਗੋਂ ਸੰਪੂਰਨ ਤੌਰ ’ਤੇ ਆਪਣੇ ਵਿਚਾਰਾਂ ਅਤੇ ਅਮਲਾਂ ਨੂੰ ਗੁਰਬਾਣੀ ਦੀ ਸਿੱਖਿਆ ਅਨੁਸਾਰ ਢਾਲ ਕੇ ਆਪਣੇ ਆਪ ਨੂੰ ਸਦੀਵੀ ਜੋਤ ਅੱਗੇ ਸਮਰਪਿਤ ਕਰਨਾ ਹੁੰਦਾ ਹੈ।
ਸਾਦਾ ਜੀਵਨ
ਗੁਰੂ ਨਾਨਕ ਸਾਹਿਬ ਨੇ ਜੋ ਸਿਖਿਆਵਾਂ ਦਿਤੀਆਂ, ਉਨ੍ਹਾਂ ਦੀ ਆਪ ਵੀ ਪਾਲਣਾ ਕੀਤੀ। ਉਨ੍ਹਾਂ ਗਰੀਬ ਤਰਖਾਣ ਭਾਈ ਲਾਲੋ ਦੇ ਘਰ ਰੁੱਖਾ-ਸੁੱਖਾ ਪ੍ਰਸ਼ਾਦਾ ਛਕਿਆ ਅਤੇ ਭ੍ਰਿਸ਼ਟ ਮਲਿਕ ਭਾਗੋ ਦੀਆਂ ਸ਼ਾਹੀ ਦਾਅਵਤਾਂ ਠੁਕਰਾਈਆਂ। ਉਨ੍ਹਾਂ ਆਪਣੇ ਬੱਚਿਆਂ ਲਈ ਧਨ-ਦੌਲਤ ਇਕੱਠੀ ਨਹੀਂ ਕੀਤੀ, ਸਾਦਾ ਪਹਿਰਾਵਾ ਪਹਿਨਿਆ, ਆਪ ਖੇਤਾਂ ਵਿਚ ਕੰਮ ਕੀਤਾ ਅਤੇ ਰੋਗੀਆਂ ਦੀ ਹੱਥੀਂ ਸੇਵਾ ਕੀਤੀ।
ਗੁਰੂ ਜੀ ਦੀਆਂ ਸਿੱਖਿਆਵਾਂ ਕੇਵਲ ਸਿੱਖਾਂ (Sikhs) ਨੂੰ ਨਹੀਂ ਸਗੋਂ ਸਮੁੱਚੀ ਮਨੁੱਖਤਾ ਨੂੰ ਰਾਹ ਦਰਸਾਉਂਦੀਆਂ ਹਨ। ਭਾਈ ਗੁਰਦਾਸ ਜੀ ਨੇ ਸਹੀ ਫੁਰਮਾਇਆ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਨਾਲ ਅਗਿਆਨਤਾ ਦੀ ਧੁੰਦ ਮਿਟ ਗਈ ਅਤੇ ਜਗ ਵਿਚ ਗਿਆਨ ਦਾ ਚਾਨਣ ਫੈਲ ਗਿਆ। ਸਾਡਾ ਗੁਰਪੁਰਬ ਮਨਾਇਆ ਤਾਂ ਹੀ ਸਫਲ ਹੈ ਜੇ ਅਸੀਂ ਗੁਰੂ ਜੀ ਦੀਆਂ ਸਿਖਿਆਵਾਂ 'ਤੇ ਚੱਲ ਕੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋਈਏ।
ਸੰਪਰਕ: 98150-85016