ਗੁਰੂ ਨਾਨਕ ਕਾਲਜ ਦੀਆਂ ਵਿਦਿਆਰਥਣਾਂ ਮੈਰਿਟ ਵਿੱਚ
ਪੱਤਰ ਪ੍ਰੇਰਕ
ਯਮੁਨਾਨਗਰ, 10 ਨਵੰਬਰ
ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਦੇ ਪੰਜਾਬੀ ਵਿਭਾਗ ਦੀਆਂ ਵਿਦਿਆਰਥਣਾਂ ਦਾ ਪ੍ਰੀਖਿਆ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ । ਕਾਲਜ ਦੇ ਐੰਮਏ ਪੰਜਾਬੀ ਦੂਜੇ ਸਮੈਸਟਰ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ 65 ਫ਼ੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਸਿਮਰਨ ਨੇ 64.9 ਫ਼ੀਸਦ ਅੰਕ ਪ੍ਰਾਪਤ ਕਰਕੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਬੀਏ ਪੰਜਾਬੀ ਆਨਰਜ਼ ਦੇ ਚੌਥੇ ਸਮੈਸਟਰ ਵਿੱਚ ਰਵਨੀਤ ਕੌਰ ਨੇ 81.19 ਫ਼ੀਸਦ ਅੰਕ ਪ੍ਰਾਪਤ ਕਰਕੇ ਪਹਿਲਾ, ਨਵਨੀਤ ਕੌਰ ਨੇ 74.18 ਫ਼ੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਪੂਜਾ ਨੇ 72.4 ਫ਼ੀਸਦ ਅੰਕ ਪ੍ਰਾਪਤ ਕਰਕੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੀ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਨੇ ਵਿਦਿਆਰਥਣਾਂ ਦਾ ਕਾਲਜ ਪਹੁੰਚਣ ’ਤੇ ਮੂੰਹ ਮਿੱਠਾ ਕਰਵਾਇਆ, ਉਨ੍ਹਾਂ ਦੀ ਸਫਲਤਾ ’ਤੇ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਇਹ ਪ੍ਰਾਪਤੀ ਨਾ ਸਿਰਫ਼ ਕਾਲਜ ਲਈ ਸਗੋਂ ਯਮੁਨਾਨਗਰ ਜ਼ਿਲ੍ਹੇ ਲਈ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਪੰਜਾਬੀ ਵਿਭਾਗ ਦੇ ਪ੍ਰੋਫੈਸਰਾਂ ਦੇ ਨਾਲ-ਨਾਲ ਵਿਦਿਆਰਥਣਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਪੰਜਾਬੀ ਵਿਭਾਗ ਦੀ ਮੁਖੀ ਡਾ. ਸੁਖਵਿੰਦਰ ਕੌਰ, ਡਾ. ਗੁਰਜਿੰਦਰ ਕੌਰ, ਹਰਜੀਤ ਕੌਰ ਅਤੇ ਯੋਗਿਤਾ ਚੰਦੇਲ ਹਾਜ਼ਰ ਰਹੇ।