ਗੁਰੂ ਕਰਤਾ ਹਰਿਰਾਇ
ਜਸਵਿੰਦਰ ਸਿੰਘ ਰੁਪਾਲ
ਗੁਰੂ ਹਰਿਰਾਇ ਜੀ ਦਾ ਜਨਮ 16 ਜਨਵਰੀ 1630 ਈਸਵੀ ਨੂੰ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਵਿਖੇ ਹੋਇਆ ਸੀ, ਜਿੱਥੇ ਅੱਜਕੱਲ੍ਹ ਗੁਰਦੁਆਰਾ ਸ਼ੀਸ਼ ਮਹੱਲ ਸੁਸ਼ੋਭਿਤ ਹੈ। ਗੁਰੂ ਹਰਿਰਾਏ ਜੀ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ। ਉਨ੍ਹਾਂ ਨੂੰ ਬਚਪਨ ਵਿੱਚ ਹੀ ਸ਼ਸਤਰ ਅਤੇ ਸ਼ਸਤਰ ਵਿਦਿਆ ਦਿੱਤੀ ਗਈ। ਉਹ ਸ਼ੁਰੂ ਤੋਂ ਹੀ ਸੰਤ ਸੁਭਾਅ ਦੇ ਮਾਲਕ ਸਨ, ਇਸ ਲਈ ਪ੍ਰਭੂ ਦੀ ਬੰਦਗੀ ਵਿੱਚ ਹੀ ਆਪਣਾ ਸਮਾਂ ਗੁਜ਼ਾਰਦੇ ਸਨ। ਸਤਿ ਸੰਤੋਖ, ਸਬਰ ਅਤੇ ਕੋਮਲਤਾ ਉਨ੍ਹਾਂ ਦੇ ਰਗ ਰਗ ਵਿੱਚ ਰਚੀ ਹੋਈ ਸੀ। ਉਹ ਆਪਣੇ ਦਾਦਾ ਗੁਰੂ ਹਰਿਗੋਬਿੰਦ ਜੀ ਦੀ ਸੰਗਤ ਕਰਦੇ ਅਤੇ ਉਨ੍ਹਾਂ ਤੋਂ ਦੁਨਿਆਵੀ ਅਤੇ ਰੂਹਾਨੀ ਗਿਆਨ ਪ੍ਰਾਪਤ ਕਰਦੇ। ਗੁਰੂ ਹਰਿਗੋਬਿੰਦ ਜੀ ਦੀ ਜੁਝਾਰੂ ਬਿਰਤੀ ਤੋਂ ਵੀ ਉਹ ਬਹੁਤ ਪ੍ਰਭਾਵਿਤ ਸਨ। ਇਸ ਲਈ 2200 ਸਿੰਘ ਸੂਰਮੇ ਉਨ੍ਹਾਂ ਦੇ ਨਾਲ ਹਮੇਸ਼ਾਂ ਤਿਆਰ ਰਹਿੰਦੇ ਸਨ, ਪਰ ਉਹ ਖ਼ੁਦ ਸ਼ਾਂਤ ਸੁਭਾਅ ਦੇ ਹੋਣ ਕਾਰਨ ਕਦੇ ਵੀ ਜੰਗ ਨਹੀਂ ਸੀ ਕਰਦੇ ਅਤੇ ਜੇ ਕੋਈ ਵੀ ਵਾਰ ਕਰਦਾ ਤਾਂ ਮਸਲੇ ਨੂੰ ਗੱਲਬਾਤ ਨਾਲ ਸੁਲਝਾਉਣ ਨੂੰ ਤਰਜੀਹ ਦਿੰਦੇ ਸਨ। ਉਹ ਸ਼ਿਕਾਰ ਦੇ ਸ਼ੌਕੀਨ ਸਨ, ਪਰ ਖ਼ੁਦ ਕਿਸੇ ਵੀ ਜਾਨਵਰ ਨੂੰ ਮਾਰਦੇ ਨਹੀਂ ਸਨ, ਸਗੋਂ ਉਸ ਨੂੰ ਫੜ ਕੇ ਲੈ ਜਾਂਦੇ ਅਤੇ ਆਪਣੇ ਬਾਗ਼ ਵਿੱਚ ਉਸ ਦੀ ਸੰਭਾਲ ਕਰਦੇ।
1640 ਈਸਵੀ ਵਿੱਚ ਜਦੋਂ ਉਹ 14 ਸਾਲ ਦੇ ਸਨ ਤਾਂ ਯੂਪੀ ਦੇ ਸ਼ਹਿਰ ਅਨੂਪ ਨਗਰ ਦੇ ਵਸਨੀਕ ਦਇਆ ਰਾਮ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਉਨ੍ਹਾਂ ਦਾ ਵਿਆਹ ਹੋਇਆ। ਜਿਸ ਦੀ ਕੁੱਖੋਂ ਦੋ ਪੁੱਤਰ ਰਾਮ ਰਾਇ ਅਤੇ ਹਰਿ ਕ੍ਰਿਸ਼ਨ ਅਤੇ ਇੱਕ ਪੁੱਤਰੀ ਬੀਬੀ ਅਨੂਪ ਦਾ ਜਨਮ ਹੋਇਆ।
ਗੁਰੂ ਹਰਿਗੋਬਿੰਦ ਜੀ ਦੇ ਪੰਜ ਪੁੱਤਰ ਸਨ - ਅਟੱਲ ਰਾਇ, ਗੁਰਦਿੱਤਾ, ਅਣੀ ਰਾਇ, ਸੂਰਜ ਮੱਲ ਅਤੇ ਤੇਗ ਬਹਾਦਰ। ਇਨ੍ਹਾਂ ਵਿੱਚੋਂ 1628 ਵਿੱਚ ਅਟੱਲ ਰਾਇ ਜੀ ਅਤੇ 1638 ਵਿੱਚ ਗੁਰਦਿੱਤਾ ਜੀ ਸਵਰਗ ਸਿਧਾਰ ਗਏ ਸਨ। ਅਣੀ ਰਾਇ ਮਸਤ ਮਲੰਗ ਸੁਭਾਅ ਦਾ ਮਾਲਕ ਸੀ। ਤੇਗ ਬਹਾਦਰ ਜੀ ਦੁਨਿਆਵੀ ਬਿਰਤੀ ਤੋਂ ਬੈਰਾਗੀ ਹੋ ਕੇ ਭਗਤੀ ਵਿੱਚ ਜੁਟੇ ਰਹਿੰਦੇ ਸਨ ਅਤੇ ਸੂਰਜ ਮੱਲ ’ਤੇ ਦੁਨਿਆਵੀ ਬਿਰਤੀ ਜ਼ਿਆਦਾ ਭਾਰੂ ਸੀ, ਜਿਸ ਕਾਰਨ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਗੁਰਗੱਦੀ ਨਹੀਂ ਸੀ ਦਿੱਤੀ ਜਾ ਸਕਦੀ। ਗੁਰਦਿੱਤਾ ਜੀ ਦੇ ਸਪੁੱਤਰ ਹਰਿਰਾਇ ਜੀ ਨੂੰ ਗੁਰੂ ਹਰਿਗੋਬਿੰਦ ਜੀ ਨੇ ਹਰ ਪਾਸੇ ਤੋਂ ਗੁਰਗੱਦੀ ਦੇ ਯੋਗ ਸਮਝਿਆ ਅਤੇ 1644 ਈਸਵੀ ਵਿੱਚ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਨਾ ਜੀ ਦੇ ਹੱਥੀਂ ਗੁਰਿਆਈ ਦਾ ਤਿਲਕ ਗੁਰੂ ਹਰਿਰਾਇ ਜੀ ਨੂੰ ਲਗਵਾ ਦਿੱਤਾ ਗਿਆ। ਗਿਆਨੀ ਗਿਆਨ ਸਿੰਘ ਜੀ ਅਨੁਸਾਰ ਤਾਂ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ 2 ਸਾਲ ਪਹਿਲਾਂ ਹੀ ਹਰਿਰਾਇ ਜੀ ਨੂੰ ਗੱਦੀ ਦਾ ਵਾਰਸ ਬਣਾ ਦਿੱਤਾ ਸੀ ਜਦੋਂਕਿ 1644 ਈਸਵੀ ਵਿੱਚ ਗੁਰੂ ਹਰਿਗੋਬਿੰਦ ਜੀ ਦੇ ਸਵਰਗ ਸਿਧਾਰਨ ਤੋ ਬਾਅਦ ਹੀ ਹਰਿਰਾਇ ਜੀ ਨੇ ਪੂਰੀ ਜ਼ਿੰਮੇਵਾਰੀ ਸੰਭਾਲੀ ਸੀ।
ਗੁਰੂ ਹਰਿਰਾਇ ਜੀ ਨੇ ਗੁਰੂ ਅੰਗਦ ਦੇਵ ਜੀ ਵਾਂਗ ਸਰੀਰਕ ਤੰਦਰੁਸਤੀ ਵੱਲ ਕਾਫ਼ੀ ਧਿਆਨ ਦਿੱਤਾ। ਇੱਕ ਪਾਸੇ ਤਾਂ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਮੱਲ ਅਖਾੜੇ ਵੀ ਚੱਲਦੇ ਸਨ, ਦੂਜੇ ਪਾਸੇ ਉਨ੍ਹਾਂ ਨੇ ਸਰੀਰਕ ਰੋਗਾਂ ਤੋਂ ਛੁਟਕਾਰਾ ਪਵਾਉਣ ਲਈ ਦਵਾਖਾਨਾ ਵੀ ਖੋਲ੍ਹਿਆ ਸੀ, ਜਿੱਥੋਂ ਜਨਤਾ ਤੰਦਰੁਸਤ ਹੋ ਕੇ ਜਾਂਦੀ ਸੀ। ਸ਼ਾਹਜਹਾਂ ਦਾ ਬੇਟਾ ਦਾਰਾ ਸ਼ਿਕੋਹ ਇੱਕ ਵਾਰੀ ਬਿਮਾਰ ਹੋ ਗਿਆ ਸੀ, ਉਸ ਨੂੰ ਆਪ ਜੀ ਦੇ ਦਵਾਖਾਨੇ ਤੋਂ ਦਿੱਤੀ ਦਵਾਈ ਨਾਲ ਆਰਾਮ ਆਇਆ ਸੀ। ਹਾਲਾਂਕਿ ਰਾਜਿਆਂ ਦਾ ਗੁਰੂ ਘਰ ਨਾਲ ਸ਼ੁਰੂ ਤੋਂ ਹੀ ਇੱਟ ਖੜਿਕਾ ਚੱਲਦਾ ਰਿਹਾ ਸੀ, ਪਰ ਗੁਰੂ ਘਰ ਦੀ ਹੀ ਪਿਰਤ ਅਨੁਸਾਰ ਗੁਰੂ ਹਰਿਰਾਇ ਜੀ ਦੇ ਮਨ ਵਿੱਚ ਕਿਸੇ ਪ੍ਰਤੀ ਵੀ ਕੋਈ ਵੈਰ ਦੀ ਭਾਵਨਾ ਨਹੀਂ ਸੀ। ਸਮਦ੍ਰਿਸ਼ਟੀ ਅਤੇ ਮਾਨਵਤਾ ਦੀ ਸੇਵਾ ਉਨ੍ਹਾਂ ਨੂੰ ਭਰਾਤਰੀ ਭਾਵ ਬਣਾਈ ਰੱਖਣ ਵਿੱਚ ਸਹਾਇਕ ਹੁੰਦੀ।
ਉਨ੍ਹਾਂ ਦੀ ਕੋਮਲਤਾ ਨਾਲ ਸਬੰਧਿਤ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਉਨ੍ਹਾਂ ਦੇ ਚੋਲੇ ਨਾਲ ਲੱਗ ਕੇ ਇੱਕ ਫੁੱਲ ਟੁੱਟ ਗਿਆ। ਉਹ ਬੜੇ ਉਦਾਸ ਹੋਏ। ਗੁਰੂ ਹਰਿਗੋਬਿੰਦ ਜੀ ਬੋਲੇ, ‘‘ਜੇ ਚੋਲਾ ਵੱਡਾ ਹੋਵੇ ਤਾਂ ਸੰਭਲ ਕੇ ਤੁਰਨਾ ਸਿੱਖੋ।’’ ਗੁਰੂ ਹਰਿਰਾਇ ਜੀ ਨੇ ਇਹ ਸਿੱਖਿਆ ਪੱਲੇ ਬੰਨ੍ਹ ਲਈ ਅਤੇ ਸਮਝ ਗਏ ਕਿ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਵੱਡੀ ਮਿਹਨਤ ਅਤੇ ਵਧੇਰੇ ਧਿਆਨ ਦੀ ਲੋੜ ਹੈ।
ਗੁਰੂ ਬਣਨ ਤੋ ਬਾਅਦ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਵੱਲ ਕਾਫ਼ੀ ਧਿਆਨ ਦਿੱਤਾ। ਜਿੱਥੇ ਉਨ੍ਹਾਂ ਨੇ ਕਾਫ਼ੀ ਪ੍ਰਚਾਰਕ ਦੌਰੇ ਵੀ ਕੀਤੇ ਜਿਨ੍ਹਾਂ ਵਿੱਚ ਉਹ ਅੰਮ੍ਰਿਤਸਰ, ਗੋਇੰਦਵਾਲ, ਖਡੂਰ ਸਾਹਿਬ, ਵਡੀ ਲਹਿਲ, ਹਰੀਆਂ ਵੇਲਾਂ, ਭੂੰਗਰਤਾ, ਕਰਤਾਰਪੁਰ, ਪੁਆਧਾ, ਭਾਈ ਕੀ ਡਰੌਲੀ, ਮਾੜੀ, ਮਰ੍ਹਾਜ, ਪਲਾਹੀ ਆਦਿ ਥਾਵਾਂ ਵਿਸ਼ੇਸ਼ ਹਨ। ਉਨ੍ਹਾਂ ਨੇ 360 ਮੰਜੀਆਂ ਹੋਰ ਥਾਪੀਆਂ। 4 ਧੂਣੇ ਅਤੇ 6 ਬਖ਼ਸ਼ਿਸ਼ਾਂ ਵੀ ਕੀਤੀਆਂ। ਉਨ੍ਹਾਂ ਨੇ ਸ਼ਬਦ ਗੁਰੂ ਦੇ ਪ੍ਰਚਾਰ ਲਈ ਆਦਿ ਬੀੜ ਦੀਆਂ ਕਾਪੀਆਂ ਵੀ ਤਿਆਰ ਕਰਵਾਈਆਂ।
ਉਹ ਗੁਰਬਾਣੀ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ। ਉਨ੍ਹਾਂ ਦੇ ਦਰਬਾਰ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਸਨ। ਇੱਕ ਵਾਰ ਸੰਗਤ ਸ਼ਬਦ ਪੜ੍ਹਦੀ ਹੋਈ ਆ ਰਹੀ ਸੀ ਕਿ ਸ਼ਬਦ ਦੇ ਸਤਿਕਾਰ ਵਜੋਂ ਉਹ ਇਕਦਮ ਉੱਠ ਖੜ੍ਹੇ ਹੋਏ। ਇਸ ਦੌਰਾਨ ਉਨ੍ਹਾਂ ਦਾ ਗੋਡਾ ਪਲੰਘ ਦੀ ਬਾਹੀ ਵਿੱਚ ਜ਼ੋਰ ਦੀ ਵੱਜਾ। ਜਦੋਂ ਸਿੱਖਾਂ ਨੇ ਪੁੱਛਿਆ ਤਾਂ ਜਵਾਬ ਦਿੱਤਾ ਕਿ ਬਾਣੀ ਤਾਂ ਸਭ ਤੋਂ ਉੱਚੀ ਹੈ। ਇਸ ਦਾ ਭੈਅ ਅਦਬ ਹੋਣਾ ਬਹੁਤ ਜ਼ਰੂਰੀ ਹੈ। ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਹਨ;
ਜਿਨ ਭੈ ਅਦਬ ਨਾ ਬਾਣੀ ਧਾਰਾ।
ਸੋ ਜਾਣਹੁ ਨਹੀਂ ਸਿੱਖ ਹਮਾਰਾ।
(ਗੁਰਪ੍ਰਤਾਪ ਸੂਰਜ ਗ੍ਰੰਥ ਰਾਸ 10, ਅੰਸੂ 21)
ਗੁਰੂ ਜੀ ਕੁਦਰਤ ਦੇ ਬਹੁਤ ਵੱਡੇ ਪ੍ਰੇਮੀ ਸਨ। ਵਾਤਾਵਰਨ ਸਾਫ਼ ਬਣਾਈ ਰੱਖਣ ਵਿੱਚ ਉਹ ਖ਼ਾਸ ਰੁਚੀ ਲੈਂਦੇ ਸਨ। ਉਨ੍ਹਾਂ ਨੇ ਬਹੁਤ ਸਾਰੇ ਬਾਗ਼ ਆਪਣੇ ਹੱਥੀਂ ਲਗਵਾਏ ਅਤੇ ਵਿਕਸਿਤ ਕੀਤੇ। ਉਨ੍ਹਾਂ ਦੇ ਇਸ ਪ੍ਰੇਮ ਨੂੰ ਸਤਿਕਾਰ ਦੇਣ ਲਈ ਸਿੱਖ ਕੌਮ ਉਨ੍ਹਾਂ ਦੇ ਗੁਰਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਦੇ ਰੂਪ ਵਿੱਚ ਮਨਾਉਂਦੀ ਆ ਰਹੀ ਹੈ।
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਦੀ ਮਦਦ ਕਰਨ ਵਾਲੇ ਹਰ ਸਮਰਥਕ ਨੂੰ ਸਜ਼ਾਵਾਂ ਦਿੱਤੀਆਂ ਸਨ। ਇਸੇ ਕਾਰਨ ਉਸ ਨੇ ਗੁਰੂ ਹਰਿਰਾਇ ਜੀ ਨੂੰ ਵੀ ਦਿੱਲੀ ਬੁਲਾਵਾ ਭੇਜ ਦਿੱਤਾ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਰਾਮਰਾਇ ਨੂੰ ਇਹ ਸਮਝਾ ਕੇ ਦਿੱਲੀ ਭੇਜ ਦਿੱਤਾ ਕਿ ਡਰਨਾ ਨਹੀਂ, ਸਿਰਫ਼ ਸੱਚ ਦੀ ਗੱਲ ਕਰਨੀ ਹੈ, ਬਾਣੀ ਦੇ ਸੱਚ ਤੋਂ ਬਾਹਰ ਨਹੀਂ ਜਾਣਾ, ਪਰ ਰਾਮਰਾਇ ਦਿੱਲੀ ਜਾ ਕੇ ਰਾਜੇ ਨੂੰ ਖ਼ੁਸ਼ ਕਰਨ ਲੱਗ ਗਏ। ਜਿੱਥੇ ਉਨ੍ਹਾਂ ਨੇ ਗੁਰਮਤਿ ਤੋਂ ਉਲਟ ਕੁਝ ਕਰਾਮਾਤਾਂ ਦਿਖਾਈਆਂ, ਉੱਥੇ ਇੱਕ ਹੋਰ ਵੱਡੀ ਗਲਤੀ ਕਰ ਦਿੱਤੀ। ਗੁਰਬਾਣੀ ਦੀ ਪੰਕਤੀ ਹੀ ਬਦਲ ਕੇ ਸੁਣਾ ਦਿੱਤੀ। ਇਸ ਨਾਲ ਰਾਜਾ ਤਾਂ ਖ਼ੁਸ਼ ਹੋਇਆ ਅਤੇ ਉਸ ਨੇ ਜਗੀਰ ਵੀ ਦਿੱਤੀ, ਪਰ ਗੁਰੂ ਹਰਿਰਾਇ ਜੀ ਨੂੰ ਪਤਾ ਲੱਗਣ ’ਤੇ ਉਨ੍ਹਾਂ ਨੇ ਰਾਮਰਾਇ ਨੂੰ ਮੂੰਹ ਨਾ ਲਗਾਇਆ ਅਤੇ ਸੰਗਤ ਨੂੰ ਵੀ ਉਸ ਨਾਲ ਤਾਲਮੇਲ ਰੱਖਣ ਤੋਂ ਵਰਜ਼ ਦਿੱਤਾ। ਇਸ ਲਈ ਆਪ ਜੀ ਨੇ ਛੋਟੇ ਪੁੱਤਰ ਹਰਿਕ੍ਰਿਸ਼ਨ ਨੂੰ ਯੋਗ ਜਾਣ ਕੇ ਉਨ੍ਹਾਂ ਨੂੰ ਗੁਰਗੱਦੀ ਸੌਂਪ ਦਿੱਤੀ। 20 ਅਕਤੂਬਰ 1661 ਈਸਵੀ ਨੂੰ ਸਿਰਫ਼ 31 ਸਾਲ ਦੀ ਉਮਰ ਵਿੱਚ ਗੁਰੂ ਹਰਿਰਾਇ ਜੀ ਜੋਤੀ ਜੋਤ ਸਮਾ ਗਏ।
ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪ ਜੀ ਦੀ ਸਿਫਤ ਕਰਦੇ ਹੋਏ ਲਿਖਦੇ ਹਨ;
ਸਾਹਾਨਸ਼ਹਿ ਹੱਕ ਨਸਕ ਗੁਰੂ ਕਰਤਾ ਹਰਿਰਾਇ।
ਫਰਮਾ-ਦੇਹ ਨੇਹੁ ਤਬਕ ਗੁਰੂ ਕਰਤਾ ਹਰਿਰਾਇ।
ਗਰਦਨ ਜਨਿ ਸਰਕਸ਼ਾਂ ਗੁਰੂ ਕਰਤਾ ਹਰਿਰਾਇ।
ਯਾਰਿ ਮੁਤਜ਼ਰਆਂ ਗੁਰੂ ਕਰਤਾ ਹਰਿਰਾਇ।
(ਗੰਜ ਨਾਮਾ 11, ਭਾਈ ਨੰਦ ਲਾਲ ਜੀ)
ਭਾਵ ਗੁਰੂ ਹਰਿਰਾਇ ਜੀ ਵਾਹਿਗੁਰੂ ਜੀ ਦੀ ਸੋਝੀ ਦੇਣ ਵਾਲੇ ਹਨ। ਨੌ ਆਕਾਸ਼ਾਂ ਦੇ ਮਾਲਕ ਹਨ। ਉਹ ਨਿੰਦਕਾਂ ਦਾ ਨਾਸ ਕਰਨ ਵਾਲੇ ਹਨ ਅਤੇ ਨਿਰਮਾਣ ਸੇਵਕਾਂ ਦੀ ਸਹਾਇਤਾ ਕਰਦੇ ਹਨ।