ਗੁਰੂ ਗ੍ਰੰਥ ਸਾਹਿਬ ’ਵਰਸਿਟੀ ਨੇ ਗਤਕਾ ਚੈਂਪੀਅਨਸ਼ਿਪ ਜਿੱਤੀ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 1 ਜਨਵਰੀ
ਸੁਰੇਸ਼ ਗਿਆਨ ਵਿਹਾਰ ਯੂਨੀਵਰਸਿਟੀ ਰਾਜਸਥਾਨ ਦੇ ਜੈਪੁਰ ਵਿੱਚ ਕਰਵਾਈ ਗਈ ਆਲ ਇੰਡੀਆ ਅੰਤਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ (ਲੜਕੀਆਂ ਅਤੇ ਲੜਕਿਆਂ) ਵਿਚ 33 ਯੂਨੀਵਰਸਿਟੀਆਂ ਦੇ 500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ 12 ਲੜਕੀਆਂ ਅਤੇ 16 ਲੜਕਿਆਂ ਨੇ ਇਸ ਚਾਰ ਰੋਜ਼ਾ ਚੈਂਪੀਅਨਸ਼ਿਪ ਵਿੱਚ 37 ਅੰਕ ਹਾਸਲ ਕਰਕੇ ਓਵਰ ਆਲ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ ਵਿਚ ਸਿਮਰਨਜੀਤ ਕੌਰ ਨੇ ਸੋਨ ਤਗ਼ਮਾ ਜਿੱਤਿਆ। ਲੜਕਿਆਂ ਦੇ ਵਰਗ ਵਿੱਚ ਯੂਨੀਵਰਸਿਟੀ ਟੀਮ ਨੇ 21 ਅੰਕ ਹਾਸਲ ਕਰਦਿਆਂ ਓਵਰਆਲ ਤੀਜਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਵਿੱਚ ਗਤਕੇ ਦਾ ਇੱਕ ਸਾਲਾ ਡਿਪਲੋਮਾ ਕੋਰਸ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾ. ਐੱਸਪੀਸਿੰਘ ਓਬਰਾਏ ਦੇ ਸਹਿਯੋਗ ਨਾਲ ਸਾਲ 2019 ਤੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਵਿਭਾਗ ਮੁਖੀ ਡਾ. ਭੁਪਿੰਦਰ ਸਿੰਘ ਘੁੰਮਣ, ਗੱਤਕਾ ਕੋਚ ਤਲਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਹਰਜਿੰਦਰ ਕੌਰ, ਟੀਮ ਮੈਨੇਜਰ ਅਤੇ ਸਹਾਇਕ ਪ੍ਰੋ. ਬਹਾਦਰ ਸਿੰਘ ਅਤੇ ਸਮੂਹ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਨੂੰ ਵਧਾਈ ਦਿਤੀ। ਵਿਭਾਗ ਮੁਖੀ ਡਾ. ਭੁਪਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਗਤਕਾ ਟੀਮ ਪਿਛਲੇ 3 ਸਾਲਾ ਤੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ ਵਿੱਚੋਂ ਓਵਰਆਲ ਟਰਾਫੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈਆਂ ਖਾਲਸਾਈ ਖੇਡਾਂ ਸਣੇ ਹੋਰ ਮੁਕਾਬਾਲੇ ਜਿੱਤ ਚੁੱਕੀ ਹੈ।