ਗੁਰੂ ਗੋਬਿੰਦ ਸਿੰਘ ਦੀ ਅੰਮ੍ਰਿਤਸਰ ਫੇਰੀ
ਗੁਰੂ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਮੁਕੱਦਸ ਧਰਤੀ ਨੂੰ ਪਹਿਲੀ ਪਾਤਸ਼ਾਹੀ ਤੋਂ ਬਾਅਦ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ।
ਗੁਰੂ ਗੋਬਿੰਦ ਸਿੰਘ ਜੀ ਬਾਰੇ ਅਜੇ ਤਕ ਕੋਈ ਸਪੱਸ਼ਟ ਇਤਿਹਾਸਕ ਨਿਸ਼ਾਨਦੇਹੀ ਨਹੀਂ ਮਿਲਦੀ ਕਿ ਦਸਵੇਂ ਗੁਰੂ ਅੰਮ੍ਰਿਤਸਰ ਆਏ ਹੋਣਗੇ ਜਾਂ ਨਹੀਂ ਪਰ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ‘ਅੰਮ੍ਰਿਤਸਰ ਤਵਾਰੀਖ’ ਵਿੱਚ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤਸਰ ਦੀ ਧਰਤੀ ’ਤੇ ਆਉਣ ਦਾ ਜ਼ਿਕਰ ਕਰਦੇ ਹਨ।
ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤਸਰ ਆਉਣ ਦੇ ਕਾਰਨ ਬਾਰੇ ਜ਼ਿਕਰ ਕਰਦਿਆਂ ਭਾਈ ਕਰਮ ਸਿੰਘ ਹਿਸਟੋਰੀਅਨ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਭਾਈ ਮੀਹਾਂ ਨੂੰ ਮਿਲਣ ਲਈ ਅੰਮ੍ਰਿਤਸਰ ਆਏ ਸਨ। ਭਾਈ ਮੀਹਾਂ ਗੁਰੂ ਤੇਗ ਬਹਾਦਰ ਜੀ ਦਾ ਸੇਵਕ ਹੋਇਆ ਹੈ ਤੇ ਗੁਰੂ ਜੀ ਦੇ ਅੰਮ੍ਰਿਤਸਰ ਘਰ ’ਚ ਰਹਿੰਦਾ ਸੀ। ਗੁਰੂ ਤੇਗ ਬਹਾਦਰ ਜੀ ਜਦੋਂ ਯਾਤਰਾ ’ਤੇ ਜਾਂਦੇ ਸਨ ਤਾਂ ਭਾਈ ਮੀਹਾਂ ਨੂੰ ਹੀ ਘਰ ਛੱਡ ਕੇ ਜਾਂਦੇ ਸਨ ।
ਹੁਣ ਥੋੜਾ ਸੰਖੇਪ ’ਚ ਜਾਣਦੇ ਹਾਂ ਕਿ ਭਾਈ ਮੀਹਾਂ ਕੌਣ ਸੀ। ਭਾਈ ਮੀਹਾਂ ਦਾ ਜਨਮ 1663 ਨੂੰ ਭਾਈ ਨੰਦ ਲਾਲ ਸੋਹਣਾ ਦੇ ਘਰ ਹੋਇਆ। ਭਾਈ ਨੰਦ ਲਾਲ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਜੀ ਦੀ ਸੇਵਾ ਵਿਚ ਰਹਿਣ ਵਾਲੇ ਇਕ ਭਗਤੀ ਭਾਵ ਵਾਲੇ ਸਿੱਖ ਸਨ। ਪਿਤਾ ਭਾਈ ਨੰਦ ਲਾਲ ਸੋਹਣਾ ਬਾਲ ਅਵਸਥਾ ’ਚ ਹੀ ਭਾਈ ਮੀਹਾਂ ਨੂੰ ਗੁਰੂ ਹਰਿਕ੍ਰਿਸ਼ਨ ਜੀ ਦੀ ਸੇਵਾ ਵਿਚ ਲੈ ਕੇ ਹਾਜ਼ਰ ਹੋਇਆ। ਭਾਈ ਮੀਹਾਂ ਜਦੋਂ ਜਵਾਨ ਹੋਇਆ ਤਾਂ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿਚ ਜੁਟ ਗਿਆ। ਡਾਕਟਰ ਰਤਨ ਸਿੰਘ ਜੱਗੀ ਇਸ ਬਾਰੇ ਲਿਖਦੇ ਹਨ ਕਿ ਭਾਈ ਮੀਹਾਂ ਜੀ ਦਾ ਅਸਲੀ ਨਾਂ ‘ਰਾਮਦੇਵ’ ਸੀ ਪਰ ਸਿੱਖ ਇਤਿਹਾਸ ਅਨੁਸਾਰ ਇਹ ਹਰ ਥਾਂ ਸੰਗਤ ਜੁੜਨ ਤੋਂ ਪਹਿਲਾਂ ਸਵੇਰੇ ਅਤੇ ਸ਼ਾਮ ਜਲ ਦਾ ਇੰਨਾ ਭਰਵਾਂ ਛਿੜਕਾਅ ਕਰਦਾ ਸੀ ਕਿ ਮੀਂਹ ਵਰ੍ਹਨ ਵਾਲਾ ਵਾਤਾਵਰਨ ਸਿਰਜ ਜਾਂਦਾ। ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਤੇਗ ਬਹਾਦਰ ਜੀ ਨੇ ਉਸ ਦਾ ਨਾਂ ‘ਮੀਹਾਂ’ (ਮੀਂਹ ਵਰ੍ਹਾਉਣ ਵਾਲਾ) ਰੱਖ ਦਿੱਤਾ।
ਜਦੋਂ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਧਰਮ-ਪ੍ਰਚਾਰ ਦੀ ਯਾਤਰਾ ’ਤੇ ਗਏ ਤਾਂ ਭਾਈ ਮੀਹਾਂ ਵੀ ਕਾਫਲੇ ਦੇ ਨਾਲ ਸੀ। ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਧਮਤਾਨ ਨਾਂ ਦੇ ਪਿੰਡ ਵਿਚ ਉਸ ਨੂੰ ਆਪਣੀ ਹਜ਼ੂਰੀ ਤੋਂ ਮੁਕਤ ਕਰਦਿਆਂ ਇਕ ਨਗਾਰਾ, ਇਕ ਨਿਸ਼ਾਨ ਸਾਹਿਬ ਅਤੇ ਇਕ ਲੋਹ ਪ੍ਰਦਾਨ ਕੀਤੀ ਅਤੇ ਕਿਹਾ ‘ਲੰਗਰ ਚਲਾਓ ਅਤੇ ਸਿੱਖੀ ਵਧਾਓ।’ ਮੀਹਾਂ ਜੀ ਨੂੰ ਆਜ਼ਾਦ ਹੋ ਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਵਿਦਾ ਕੀਤਾ। ਇਹ ਜ਼ਿੰਮੇਵਾਰੀ ਗੁਰੂ ਸਾਹਿਬਾਨ ਵੱਲੋਂ ਉਦਾਸੀ ਸੰਪ੍ਰਦਾ ਨੂੰ ਕੀਤੀਆਂ ਛੇ ਬਖ਼ਸ਼ਿਸ਼ਾਂ ’ਚੋਂ ਇਕ ਹੈ।
ਕਰਮ ਸਿੰਘ ਹਿਸਟੋਰੀਅਨ ਅੱਗੇ ਲਿਖਦੇ ਹਨ, ‘ਮੈਨੂੰ ਮਹੰਤ ਗੁਰਦਿੱਤ ਸਿੰਘ (ਜਿਸ ਦੇ ਵੱਡੇ ਵਡੇਰੇ ਅਬਦਾਲੀ ਵੱਲੋਂ ਹਮਲਾ ਕਰਕੇ ਬਾਰੂਦ ਨਾਲ ਢਾਹ ਦਿੱਤੇ ਗਏ ਦਰਬਾਰ ਸਾਹਿਬ ਨੂੰ ਦੁਬਾਰਾ ਤਿਆਰ ਕਰਨ ਲਈ ਸੇਵਾ ਕਰਦੇ ਰਹੇ ਹਨ) ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਸੰਮਤ 1752 ’ਚ ਭਾਈ ਮੀਹਾਂ ਜੀ ਦੇ (ਜਿਹੜਾ ਮਾਤਾ ਕੌਲਾਂ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੀ) ਘਰ ਕਟੜਾ ਦਲ ਸਿੰਘ ਵਿਖੇ ਆਏ ਸਨ।’
ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮੀਹਾਂ ਜੀ ਕੋਲੋਂ ਗੁਰੂ ਤੇਗ ਬਹਾਦਰ ਜੀ ਵੱਲੋਂ ਬਖਸ਼ਿਸ਼ ਕੀਤੀਆਂ ਗਈਆਂ ਨਿਸ਼ਾਨੀਆਂ ਦੀ ਮੰਗ ਕੀਤੀ ਤਾਂ ਭਾਈ ਮੀਹਾਂ ਪ੍ਰਸੰਨ ਹੋ ਕੇ ਕਹਿਣ ਲੱਗੇ:
ਜਿਸੁ ਕੀ ਬਸਤੁ ਤਿਸੁ ਆਗੈ ਰਾਖੈ।
ਪ੍ਰਭ ਕੀ ਆਗਿਆ ਮਾਨੈ ਮਾਥੈ।’
(ਪੰਨਾ-72, ਅੰਮ੍ਰਿਤਸਰ ਤਵਾਰੀਖ)
ਅੰਮ੍ਰਿਤਸਰ ਤਵਾਰੀਖ ਦੇ ਪੰਨਾ ਨੰਬਰ-63 ਵਿਚ ਦਰਜ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਸੰਨ ਹੋ ਕੇ ਆਪਣੇ ਕੋਲੋਂ ਭਾਈ ਮੀਹਾਂ ਨੂੰ ਇਕ ਦਸਤਾਰ, ਇਕ ਸ਼ਸਤਰ ਅਤੇ ਇਕ ਨਗਾਰਾ ਬਖਸ਼ਿਆ ਅਤੇ ਮੀਹਾਂ ਸਾਹਿਬ ਦਾ ਖਿਤਾਬ ਬਖਸ਼ ਕੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਨਿਸ਼ਾਨੀਆਂ ਲੈ ਕੇ ਵਾਪਸ ਆਨੰਦਪੁਰ ਸਾਹਿਬ ਆ ਗਏ।
ਗਿਆਨੀ ਗੁਰਦਿੱਤ ਸਿੰਘ ਲਿਖਦੇ ਹਨ, ‘ਜੋ ਹੁਣ ਤੱਕ ਪ੍ਰਚੱਲਿਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤਸਰ ਤੇ ਮਾਝੇ ਵਿਚ ਆਏ ਹੀ ਨਹੀਂ। ਇਹ ਸੂਚਨਾ ਖੋਜਣ ਤੇ ਲਿਖਣ ਸਮੇਂ ਕਿਸੇ ਤਰ੍ਹਾਂ ਦੀ ਇਲਾਕਾਈ ਖਿੱਚ-ਪਾੜ ਅਤੇ ਵਾਦ-ਵਿਵਾਦ ਨਹੀਂ, ਨਾ ਹੀ ਇਹ ਲਾਜ਼ ਹੈ ਕਿ ਦਸਮੇਸ਼ ਜੀ ਦਾ ਅੰਮ੍ਰਿਤਸਰ ਆਉਣਾ ਕਿਸੇ ਪਿਛੋਕੜ ਨਾਲ ਜੋੜਿਆ ਜਾਵੇ।’
ਗਿਆਨੀ ਗਿਆਨ ਸਿੰਘ ਵੀ ‘ਤਵਾਰੀਖ ਅੰਮ੍ਰਿਤਸਰ’ ’ਚ ਲਿਖਦੇ ਹਨ, ‘ਕਾਲੇਕੇ ਪਿੰਡ ਦੇ ਸਰਦਾਰ ਦੇ ਇੱਕ ਨੌਕਰ ਨੇ ਆਪਣੇ ਮਾਲਕ ਸਰਦਾਰ ਦਲ ਸਿੰਘ ਦੇ ਨਾਮ ’ਤੇ ਕਟੜਾ ਦਲ ਸਿੰਘ ਬਣਾਇਆ ਸੀ, ਜਿਸ ਨੂੰ ਉਸ ਦੇ ਮਰਨ ਪਿੱਛੋਂ ਉਸ ਦੀ ਧੰਨ ਦੌਲਤ ਪ੍ਰਾਪਤ ਹੋਈ। ਕਰਮ ਸਿੰਘ ਨੇ ਜਦੋਂ ਇਹ ਥਾਂ ਦੇਖੀ, ਉਸ ਵੇਲੇ ਕਟੜੇ ਬਣੇ ਹੋਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਅੰਮ੍ਰਿਤਸਰ ’ਚ ਰੌਣਕਾਂ ਲਗਾ ਦਿੱਤੀਆਂ ਸਨ।’ ਮਹਾਰਾਜਾ ਰਣਜੀਤ ਸਿੰਘ ਨੇ ਗੁਰੂਕਾਲ ਨਾਲ ਸਬੰਧਤ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾਈ ਪਰ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਕਟੜਾ ਦਲ ਸਿੰਘ ਵਿਖੇ ਭਾਈ ਮੀਹਾਂ ਜੀ ਦੇ ਘਰ ਦੀ ਨਿਸ਼ਾਨਦੇਹੀ ਨਹੀਂ ਕਰਵਾ ਸਕੇ। ਇਹ ਸੋਚ ਵਿਚਾਰ ਵਾਲਾ ਵਿਸ਼ਾ ਹੈ।
ਭਾਈ ਮੀਹਾਂ ਨੂੰ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਧਮਤਾਨ ਤੋਂ ਸਿੱਖੀ ਦੇ ਪ੍ਰਚਾਰ ਲਈ ਆਜ਼ਾਦ ਕਰ ਦਿੱਤਾ ਤਾਂ ਭਾਈ ਮੀਹਾਂ ਜੀ ਮੁੜ ਕੇ ਅੰਮ੍ਰਿਤਸਰ ਤੋਂ ਵਾਪਸ ਸਿਆਲਕੋਟ ਚਲੇ ਗਏ। ਉਨ੍ਹਾਂ ਦਾ ਅੰਤਿਮ ਸਮਾਂ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਸੋਹੀਆਂ ਵਿੱਚ ਬਤੀਤ ਹੋਇਆ। ਇਥੇ ਹੀ ਉਨ੍ਹਾਂ ਦਾ ਸਸਕਾਰ ਹੋਇਆ।
ਸੰਪਰਕ: 98770-92505