ਗੁਰੂ ਗੋਬਿੰਦ ਸਿੰਘ ਦਾ ਕਵੀਆਂ ਤੇ ਸੂਫੀਆਂ ਨਾਲ ਮੋਹ
ਗੁਰਮੇਲ ਸਿੰਘ ਗਿੱਲ
ਕਲਮ ਅਤੇ ਤੇਗ ਦੇ ਧਨੀ ਦਸਵੇਂ ਗੁਰੂ ਗੋਬਿੰਦ ਸਿੰਘ ਦੀਆਂ ਆਪਣੀਆਂ ਰਚਨਾਵਾਂ, ਉਨ੍ਹਾਂ ਦੇ ਨੇੜੇ ਦੇ ਸਿੱਖਾਂ ਅਤੇ ਹੋਰ ਦਰਬਾਰੀ ਕਵੀਆਂ ਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਸਿੱਖ ਇਤਿਹਾਸ ਵਿੱਚ ਅਹਿਮ ਮਹੱਤਤਾ ਰੱਖਦੀਆਂ ਹਨ। 52 ਕਵੀਆਂ ਤੋਂ ਇਲਾਵਾ ਹੋਰ ਵੀ ਹਜ਼ੂਰੀ ਕਵੀ ਤੇ ਇਤਿਹਾਸਕਾਰ ਗੁਰੂ ਦਰਬਾਰ ’ਚ ਆਉਂਦੇ-ਜਾਂਦੇ ਰਹਿੰਦੇ ਸਨ। ਉਹ ਵੀ ਗੁਰੂ ਸਾਹਿਬਾਨ ਦਾ ਜਸ ਲਿਖਣ ਵਾਲੇ ਵਿਦਵਾਨ ਸਨ। ਕਵੀ ਭਾਈ ਸੰਤੋਖ ਸਿੰਘ ਅਨੁਸਾਰ:
ਬਾਵਨ ਕਵਿ ਹਜ਼ੂਰ ਗੁਰ ਰਹਿਤ ਸਦ ਹੀ ਪਾਸ।
ਆਵੈ ਜਾਹਿ ਅਨੇਕ ਹੀ ਕਹਿ ਜਸ ਲੇ ਮਨ ਰਾਸ॥
ਭਾਵ ਗੁਰੂ ਜੀ ਦੇ ਦਰਬਾਰ ਵਿੱਚ 52 ਕਵੀਆਂ ਤੋਂ ਇਲਾਵਾ ਸਮੇਂ-ਸਮੇਂ ’ਤੇ ਆਉਣ ਵਾਲੇ ਕਵੀਆਂ ਤੇ ਇਤਿਹਾਸਕਾਰਾਂ ਦੀ ਗਿਣਤੀ ਵੀ ਬਹੁਤ ਸੀ। ਬਵੰਜਾ ਕਵੀਆਂ ਤੋਂ ਇਲਾਵਾ ਉਹ ਕਵੀ ਵੀ ਗੁਰੂ ਜੀ ਦੇ ਸਮਕਾਲੀ ਤੱਥ ਪੇਸ਼ ਕਰਨ ਵਾਲੇ ਮੰਨਣਯੋਗ ਇਤਿਹਾਸਕਾਰ ਤੇ ਕਵੀ ਸਨ।
ਸੰਨ 1680 ਈ. ਵਿੱਚ ਔਰੰਗਜ਼ੇਬ ਨੇ ਵਿਦਵਾਨਾਂ ਨੂੰ ਇੱਕ ਫੁਰਮਾਨ ਜਾਰੀ ਕਰਕੇ ਸੰਸਕ੍ਰਿਤ ਪੜ੍ਹਨ ਅਤੇ ਪੜ੍ਹਾਉਣ ਦੇ ਸਾਰੇ ਕੇਂਦਰ ਅਤੇ ਪਾਠਸ਼ਾਲਾਵਾਂ ਬੰਦ ਕਰਵਾ ਦਿੱਤੀਆਂ। ਔਰੰਗਜ਼ੇਬ ਦੇ ਦਰਬਾਰ ਵਿੱਚ ਜ਼ਿਆਦਾਤਰ ਮੁੱਲਾ ਮੁਲਾਣੇ ਹੀ ਸਨ, ਜਿਨ੍ਹਾਂ ਕੋਲੋਂ ਉਹ ਕੁਰਾਨ ਦੇ ਅਰਥ ਸੁਣਿਆ ਕਰਦਾ ਸੀ ਅਤੇ ਧਾਰਮਿਕ ਚਰਚਾ ਵੀ ਹੁੰਦੀ ਰਹਿੰਦੀ ਸੀ। ਹਰ ਇੱਕ ਨੇ ਆਪਣੀ ਬੁੱਧੀ ਅਤੇ ਯੋਗਤਾ ਅਨੁਸਾਰ ਅਰਥ ਕੀਤੇ, ਪਰ ਉਸ ਦੀ ਤਸੱਲੀ ਨਾ ਹੋਈ। ਇੱਕ ਦਿਨ ਦਰਬਾਰ ਵਿੱਚ ਸ਼ਹਿਜ਼ਾਦਾ ਮੁਅੱਜ਼ਮ ਵੀ ਹਾਜ਼ਰ ਸੀ ਤਾਂ ਔਰੰੰਗਜ਼ੇਬ ਨੇ ਉਸ ਨੂੰ ਆਇਤ ਦੀ ਵਿਆਖਿਆ ਕਰਨ ਲਈ ਕਿਹਾ। ਉਸ ਨੇ ਬਾਦਸ਼ਾਹ ਤੋਂ ਸੋਚ ਵਿਚਾਰ ਕਰਨ ਲਈ ਸਮਾਂ ਮੰਗਿਆ। ਸ਼ਹਿਜ਼ਾਦੇ ਨੇ ਆਇਤ ਦੀ ਵਿਆਖਿਆ ਭਾਈ ਨੰਦ ਲਾਲ ਜੀ ਤੋਂ ਕਰਵਾਈ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਇਹ ਵਿਆਖਿਆ ਸੁਣਾਈ। ਇਹ ਵਿਆਖਿਆ ਸੁਣ ਕੇ ਔਰੰੰਗਜ਼ੇਬ ਬਹੁਤ ਖੁਸ਼ ਹੋਇਆ ਤੇ ਇਹ ਸੁਣਦਿਆਂ ਹੀ ਔਰੰਗਜ਼ੇਬ ਨੇ ਪੁੱਛਿਆ ਕਿ ਇਹ ਵਿਆਖਿਆ ਕਿਸ ਨੇ ਕੀਤੀ ਹੈ। ਮੁਅੱਜ਼ਮ ਨੇ ਸੱਚ ਦੱਸ ਦਿੱਤਾ ਕਿ ਇਹ ਵਿਆਖਿਆ ਉਸ ਨੇ ਭਾਈ ਨੰਦ ਲਾਲ ਜੀ ਤੋਂ ਕਰਵਾਈ ਹੈ। ਔਰੰਗਜ਼ੇਬ ਨੇ ਭਾਈ ਸਾਹਿਬ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਨਾਮ ਦਿੱਤਾ ਅਤੇ ਗੱਲਬਾਤ ਕਰਦਿਆਂ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਭਾਈ ਸਾਹਿਬ ਹਿੰਦੂ ਖੱਤਰੀ ਹਨ। ਔਰੰਗਜ਼ੇਬ ਦਾ ਦਿਲ ਘਿਰਨਾ ਨਾਲ ਭਰ ਗਿਆ। ਉਸ ਨੇ ਸ਼ਹਿਜ਼ਾਦੇ ਨੂੰ ਕਿਹਾ, ‘ਬੜੀ ਹੈਰਾਨੀ ਦੀ ਗੱਲ ਹੈ, ਅਜਿਹਾ ਵਿਦਵਾਨ ਤੇ ਸੂਝਵਾਨ ਵਿਅਕਤੀ ਅਜੇ ਤੱਕ ਇਸਲਾਮ ਦੇ ਦਾਇਰੇ ਵਿੱਚ ਨਹੀਂ ਆਇਆ, ਇਸ ਬੰਦੇ ਦਾ ਹਿੰਦੂ ਹੋਣਾ ਮੈਨੂੰ ਪ੍ਰਵਾਨ ਨਹੀਂ।’ ਇਹ ਸੁਣਦਿਆਂ ਸ਼ਹਿਜ਼ਾਦਾ ਗੁੱਸੇ ਨਾਲ ਦਰਬਾਰ ’ਚੋਂ ਤੁਰ ਪਿਆ ਅਤੇ ਭਾਈ ਸਾਹਿਬ ਵੀ ਉਸ ਦੇ ਨਾਲ ਤੁਰ ਪਏ ਤਾਂ ਔਰੰਗਜ਼ੇਬ ਨੇ ਉਨ੍ਹਾਂ ਨੂੰ ਰੋਕਦਿਆਂ ਕਿਹਾ, ‘ਤੂੰ ਜਾ ਨਹੀਂ ਸਕਦਾ, ਦੱਸ ਕੇ ਜਾ, ਕੀ ਤੈਨੂੰ ਮੁਸਲਮਾਨ ਹੋਣਾ ਪ੍ਰਵਾਨ ਹੈ ਜਾਂ ਨਹੀ?’ ਭਾਈ ਸਾਹਿਬ ਨੇ ਕਿਹਾ. ‘ਮੈਨੂੰ ਸੋਚਣ ਲਈ ਇੱਕ ਦਿਨ ਦੀ ਮੋਹਲਤ ਦਿੱਤੀ ਜਾਵੇ।’ ਮੋਹਲਤ ਮਿਲਣ ਮਗਰੋਂ ਬਾਹਰ ਆਉਦਿਆਂ ਸ਼ਹਿਜ਼ਾਦੇ ਨੇ ਭਾਈ ਸਾਹਿਬ ਨੂੰ ਸਮਝਾਇਆ, ‘ਤੁਸੀਂ ਮੇਰੇ ਮਿੱਤਰ ਹੋ, ਤੁਸੀਂ ਇੱਥੋਂ ਚਲੇ ਜਾਓ ਤੇ ਆਪਣੀ ਜਾਨ ਬਚਾ ਲਓ।’ ਘਰ ਆ ਕੇ ਭਾਈ ਸਾਹਿਬ ਡੂੰਘੀ ਸੋਚ ਵਿੱਚ ਪੈ ਗਏ। ਉਨ੍ਹਾਂ ਸੋਚਿਆ ਕਿ ਜੇ ਜੀਵਨ ਅਮਰ ਨਹੀਂ ਹੈ ਤਾਂ ਧਰਮ ਪਰਿਵਰਤਨ ਨਹੀਂ ਕਰਨਾ ਚਾਹੀਦਾ, ਆਖਰ ਇੱਕ ਦਿਨ ਮੌਤ ਆਵੇਗੀ। ਚਾਰ-ਚੁਫੇਰੇ ਨਜ਼ਰ ਮਾਰ ਕੇ ਦੇਖਿਆ, ਕੋਈ ਹੋਰ ਟਿਕਾਣਾ ਨਜ਼ਰ ਨਾ ਆਇਆ ਤਾਂ ਆਖਰ ਖਿਆਲ ਆਇਆ ਕਿ ਗੁਰੂ ਦੀ ਨਗਰੀ ਆਨੰਦਪੁਰ ਸਾਹਿਬ ਜਾਣਾ ਚਾਹੀਦਾ ਹੈ। ਆਨੰਦਪੁਰ ਸਾਹਿਬ ਪਹੁੰਚ ਕੇ ਉਹ ਹਮੇਸ਼ਾ ਲਈ ਗੁਰੂ ਦਰਬਾਰ ਵਿੱਚ ਆ ਕੇ ਗੁਰੂ ਜੀ ਦੇ ਦਰਬਾਰੀ ਕਵੀ ਬਣ ਗਏ। ਇਹ ਘਟਨਾ 1695 ਈਸਵੀ ਦੀ ਹੈ। ਭਾਈ ਸਾਹਿਬ 1695 ਈਸਵੀ ਤੋਂ 1704 ਈਸਵੀ ਨੂੰ ਕਿਲ੍ਹਾ ਆਨੰਦਪੁਰ ਛੱਡਣ ਤੱਕ ਗੁਰੂ ਜੀ ਦੇ ਹਜ਼ੂਰੀ ਦਰਬਾਰੀ ਕਵੀ ਰਹੇ ਅਤੇ ਤਨਖਾਹ ਲੈਂਦੇ ਰਹੇ।
ਸੰਨ 1697 ਈ. ਦੇ ਲਗਪਗ ਇੱਕ ਹੋਰ ਵਿਦਵਾਨ ਕਵੀ ਕੰਵਰ ਸੈਨ ਪੁੱਤਰ ਸ੍ਰੀ ਕੇਸ਼ਵ ਦਾਸ ਬੁੰਦੇਲਖੰਡੀ ਔਰੰਗਜ਼ੇਬ ਦੇ ਡਰ ਕਾਰਨ ਗੁਰੂ ਜੀ ਦੀ ਸ਼ਰਨ ਵਿੱਚ ਆਇਆ ਤੇ ਗੁਰੂ ਜੀ ਨੇ ਉਸ ਨੂੰ ਵੀ ਆਪਣੇ ਦਰਬਾਰੀ ਕਵੀਆਂ ਵਿੱਚ ਸ਼ਾਮਲ ਕਰ ਲਿਆ ਅਤੇ ਤਨਖਾਹ ਲਗਾ ਦਿੱਤੀ। ਹੋਰ ਵੀ ਬਹੁਤ ਸਾਰੇ ਸੰਸਕ੍ਰਿਤ, ਹਿੰੰਦੀ ਦੇ ਕਵੀਆਂ ਅਤੇ ਵਿਦਵਾਨ ਸਾਹਿਤਕਾਰਾਂ ਨੇ ਆਨੰਦਪੁਰ ਸਾਹਿਬ ਆ ਕੇ ਗੁਰੂ ਜੀ ਦੀ ਸ਼ਰਨ ਲੈ ਲਈ। ਗੁਰੂ ਜੀ ਦੇ ਦਰਬਾਰ ਵੱਲੋਂ ਅਜਿਹੇ ਹੁਕਮਨਾਮੇ ਵੀ ਭੇਜੇ ਗਏ ਕਿ ਜਿੱਥੇ ਵੀ ਕੋਈ ਵਿਦਵਾਨ, ਕਵੀ, ਇਤਿਹਾਸਕਾਰ, ਹੁਨਰਮੰਦ ਤੇ ਚੰਗਾ ਕਾਰੀਗਰ ਮਿਲੇ, ਉਸ ਨੂੰ ਨਾਲ ਲੈ ਆਓ ਜਾਂ ਰਾਹ ਦਾ ਖਰਚ ਦੇ ਕੇ ਭੇਜ ਦਿਓ:
ਆਗਿਆ ਕੀਨੀ ਸਤਿਗੁਰ ਦਿਆਲ।
ਬਿਦਿਆਵਾਨ ਪੰਡਤ ਲੇਹੁ ਭਾਲ।
ਜੋ ਜਿਸ ਬਿਦਿਆ ਗਿਆਤਾ ਹੋਇ।
ਵਹੀ ਪੁਰਾਨ ਸੰਗ ਲਿਆਵੇ ਸੋਇ। (ਮਹਿਮਾ ਪ੍ਰਕਾਸ਼)
ਹੁਕਮਨਾਮੇ ਅਨੁਸਾਰ, ‘ਜਿਹੜਾ ਗੁਰੂ ਕਾ ਸਿੱਖ ਚੰੰਗੀ ਪੋਥੀ, ਵਧੀਆ ਘੋੜਾ ਤੇ ਸ਼ਸਤਰ ਲੈ ਕੇ ਹਾਜ਼ਰ ਦਰਬਾਰ ਹੋਵੇਗਾ, ਉਸ ’ਤੇ ਅਸਾਂ ਕੀ ਬੜੀ ਖੁਸ਼ੀ ਹੋਵੇਗੀ।’ ਜਦੋਂ ਕਵੀ ਤੇ ਵਿਦਵਾਨ ਲਿਖਾਰੀ ਆਨੰਦਪੁਰ ਸਾਹਿਬ ਪੁੱਜ ਜਾਂਦੇ ਤਾਂ ਸਭ ਦਾ ਖਰਚਾ ਬੰਨ੍ਹ ਦਿੱਤਾ ਜਾਂਦਾ ਸੀ। ਕਿਸੇ ਵੀ ਵਿਦਵਾਨ ਜਾਂ ਕਵੀ ਨਾਲ ਧਰਮ, ਜਾਤ ਅਤੇ ਵਰਗ ਦੇ ਆਧਾਰ ’ਤੇ ਗੁਰੂ ਦਰਬਾਰ ਵਿੱਚ ਭੇਦ-ਭਾਵ ਨਹੀਂ ਕੀਤਾ ਗਿਆ:
ਸਤਿਗੁਰ ਕੇ ਆਇ ਇਕੱਤਰ ਸਭ ਭਏ।
ਬਹੁ ਆਦਰ ਸਤਗੁਰ ਜੂ ਕਰੇ।
ਮਿਰਜਾਦਾ ਬਾਂਧ ਖਰਚ ਕੋ ਦਇਆ।
ਬੇਦ ਬਿਭੇਦ ਕਾਹੂ ਨਹੀ ਭਦਿਆ। (ਮਹਿਮਾ ਪ੍ਰਕਾਸ਼)
ਗੁਰੂ ਸਾਹਿਬ ਖੁਦ ਵੀ ਵਿਦਵਾਨ ਕਵੀ ਤੇ ਸੰਤ ਸਿਪਾਹੀ ਸਨ। ਵਿਦਵਾਨਾਂ ਤੇ ਕਵੀਆਂ ਦਾ ਉਹ ਬਹੁਤ ਖਿਆਲ ਰੱਖਦੇ ਸਨ। ਇਸ ਬਾਬਤ ਬਹੁਤ ਸਾਰੀਆਂ ਇਤਿਹਾਸਕ ਉਦਾਹਰਨਾਂ ਮਿਲਦੀਆਂ ਹਨ। ਗੁਰੂ ਸਾਹਿਬ ਸੁੱਤੇ ਪਏ ਵਿਦਵਾਨਾਂ ਤੇ ਵਿਦਵਾਨ ਕਵੀਆਂ ਦੇ ਸਿਰਹਾਣਿਆਂ ਹੇਠ ਸੋਨੇ ਦੀਆਂ ਮੋਹਰਾਂ ਰੱਖ ਦਿੰਦੇ ਸਨ, ਇਨਾਮ ਵਜੋਂ ਕੀਮਤੀ ਦੁਸ਼ਾਲੇ ਭੇਂਟ ਕਰਦੇ ਸਨ ਅਤੇ ਦਿਲੋਂ ਆਦਰ ਦਿੰਦੇ ਸਨ। ਪੁਰਾਤਨ ਸਾਹਿਤ ਖੋਜਣ ਅਤੇ ਸੋਧਣ ਲਈ ਵਿਦਵਾਨ ਸਾਹਿਤਕਾਰ ਨੀਯਤ ਕੀਤੇ ਜਾਂਦੇ ਸਨ। ਕਵੀ ਹਿਰਦੇ ਰਾਮ ਦੇ ਲਿਖੇ ‘ਹਨੂਮਾਨ ਨਾਟਕ’ ਨੂੰ ‘ਬੀਰ ਰਸ ਸੇ ਭਰੀ’ ਕਹਿ ਕੇ ਸਤਿਕਾਰ ਦਿੱਤਾ। ਇਸ ਵਿੱਚ ਲਾਹੌਰ ਨਿਵਾਸੀ ਕਵੀ ਕੰਕਣ ਦੀਆਂ ਕਾਵਿ ਸਤਰਾਂ ਵੀ ਦਰਜ ਕਰਵਾਈਆਂ ਅਤੇ ਇਸ ਦੇ ਚਾਰ ਵਰਕੇ ਫਟੇ ਹੋਏ ਸਨ, ਉਨ੍ਹਾਂ ਨੂੰ ਫਿਰ ਤੋਂ ਲਿਖ ਕੇ ਸੰਪੂਰਨ ਕਰਨ ਮਗਰੋਂ ਕਵੀ ਅੰਮ੍ਰਿਤ ਰਾਏ ਨੂੰ ਇਨਾਮ ਦਿੱਤਾ। ਹੋਰ ਭਾਸ਼ਾਵਾਂ ਦੇ ਪ੍ਰਾਚੀਨ ਗ੍ਰੰਥਾਂ ਦਾ ਗੁਰਮੁਖੀ ਵਿੱਚ ਅਨੁਵਾਦ ਕਰਨ ਲਈ ਵਿਦਵਾਨਾਂ ਨੂੰ ਪ੍ਰੇਰਿਤ ਕੀਤਾ:
ਗੁਰਮੁਖੀ ਲਿਖਾਰੀ ਨਿਕਟ ਬੁਲਾਏ।
ਤਾ ਕੋ ਸਭ ਬਿਧ ਦਈ ਬੁਝਾਏ।
ਕਰ ਭਾਖਾ ਲਿਖੋ ਗੁਰਮੁਖੀ ਭਾਇ।
ਪੁਨਿ ਮੋ ਕੋ ਦੇਹੁ ਕਥਾ ਸੁਨਾਏ। (ਮਹਿਮਾ ਪ੍ਰਕਾਸ਼)
ਜਦ ਸ਼ੀਆ ਤੇ ਸੂਫੀ ਖਿਆਲਾਂ ਵਾਲੇ ਮੁਸਲਮਾਨਾਂ ’ਤੇ ਵੀ ਔਰੰਗਜ਼ੇਬ ਦੀ ਤਲਵਾਰ ਚੱਲਣ ਲੱਗੀ ਤਾਂ ਉਹ ਵੀ ਆਨੰਦਪੁਰ ਸਾਹਿਬ ਦੀ ਮਹਿਮਾ ਸੁਣ ਕੇ ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚੇ। ਆਨੰਦਪੁਰ ਨਗਰ ਭਾਸ਼ਾ, ਸਾਹਿਤ, ਸਦਾਚਾਰ ਅਤੇ ਵਿੱਦਿਆ ਦਾ ਕੇਂਦਰ ਬਣ ਗਿਆ। ਗੁਰੂ ਦਰਬਾਰ ਦੇ ਵਿਦਵਾਨਾਂ ਅਤੇ ਗੁਰੂ ਜੀ ਦੇ ਉਪਰਾਲਿਆਂ ਸਦਕਾ ਆਨੰਦਪੁਰ ਵਿੱਚ ਅਨਪੜ੍ਹਾਂ ਦੀ ਗਿਣਤੀ ਘਟਣ ਲੱਗੀ:
ਬਾਲ ਬਿਰਦ ਸਭ ਸੋਧ ਪਠਾਵਾ।
ਕੋਉ ਅਨਪੜ੍ਹ ਰਹਿਣ ਨਾ ਪਾਵਾ।
ਜੇ ਕੋਈ ਗੁਰੂ ਜੀ ਦਾ ਸ਼ਰਧਾਲੂ ਆਨੰਦਪੁਰ ਸਾਹਿਬ ਦਰਸ਼ਨਾਂ ਲਈ ਆਉਂਦਾ ਤਾਂ ਉਸ ਨੂੰ ਗੁਰਮੁਖੀ ਅੱਖਰ ਸਿਖਾ ਕੇ ਹੀ ਤੋਰਿਆ ਜਾਂਦਾ ਅਤੇ ਗੁਰਬਾਣੀ ਕੰਠ ਕਰਵਾਉਣ ਲਈ ਉਚੇਚੇ ਤੌਰ ’ਤੇ ਉਪਰਾਲੇ ਕੀਤੇ ਜਾਂਦੇ। ਵਿਸਾਖੀ ਵਰਗੇ ਮੇਲਿਆਂ ਤੇ ਗੁਰਪੁਰਬ ਮੌਕੇ ਗੁਟਕਾ ਸਾਹਿਬ ਵੰਡੇ ਜਾਂਦੇ। ਦਸਮ ਪਿਤਾ ਕਿਹਾ ਕਰਦੇ ਸਨ, ਜੋ ਪੜ੍ਹ ਲਿਖ ਨਹੀ ਸਕਦਾ ਉਹ ਗਰਧਬ ਨਿਆਈਂ ਹੈ: ‘ਅੱਛਰ ਕੁਝ ਨਾ ਪੜੇ ਤਿਤ ਗਰਧਬ।’
ਮਿਸ਼ਨ ਨੂੰ ਪਰਚਾਰਦਿਆਂ ਦਸਮ ਪਿਤਾ ਜੀ ਨੇ ਤਖਤ ਦੀ ਸਾਜਨਾ ਕੀਤੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਮੋਹਰ ਲਾ ਕੇ ਹੁਕਮਨਾਮੇ ਵੀ ਜਾਰੀ ਕੀਤੇ। ਉਪਰੋਕਤ ਸਮਾਂ ਇੱਥੇ ਨਿਵਾਸ ਦਾ ਹੀ ਨਹੀਂ, ਸਗੋਂ ਇਹ ਸਮਾਂ ਪਾਵਨ ਦਮਦਮੀ ਬੀੜ ਦਾ ਰਚਨਾ ਕਾਲ ਵੀ ਹੈ। ਗੁਰੂ ਜੀ ਨੇ ਇੱਥੇ ਰਹਿੰਦਿਆਂ ਦਿੱਲੀ ਦੀ ਕੋਤਵਾਲੀ ਜੇਲ੍ਹ ’ਚੋਂ ਵਿਦਵਾਨ ਕਵੀ ਅਤੇ ਸੰਤ ਸਿਪਾਹੀ ਭਾਈ ਜੀਵਨ ਸਿੰਘ ਹੱਥੀਂ ਆਏ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸਲੋਕ ਅਤੇ ਸ਼ਬਦ ਬਾਣੀ ਵਿੱਚ ਸ਼ਾਮਲ ਕਰਵਾਏ। ਪਾਵਨ ਬੀੜ ਦੀ ਸੰਪੂਰਨਤਾ ਤੋਂ ਪਿੱਛੋਂ ਬਚਦੀ ਸਿਆਹੀ ਤੇ ਵਰਤੋਂ ਵਿੱਚ ਆਈਆਂ ਕਲਮਾਂ ਕੱਚੇ ਸਰੋਵਰ ਵਿੱਚ ਪਾ ਕੇ ਇਸ ਪਵਿੱਤਰ ਸਥਾਨ ਨੂੰ ਵਿੱਦਿਆ ਦਾ ਕੇਂਦਰ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਦਿੱਤਾ।
ਸੰਪਰਕ: 62399-82884