ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 6 ਜਨਵਰੀ
ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਦੇ ਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੇਵ ਸਿੰਘ ਵੱਲੋਂ ਕੀਰਤਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਦੀ ਅਰਦਾਸ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਨਿਰਮਲ ਸਿੰਘ ਨੇ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਅਤੇ ਮੈਨੇਜਰ ਗੁਰਦੀਪ ਸਿੰਘ ਕੰਗ ਆਦਿ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਐਡੀਸਨਲ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਜੋਗਾ ਸਿੰਘ ਸੁਪਰਵਾਈਜ਼ਰ, ਜਗਜੀਤ ਸਿੰਘ ਜੱਗਾ ਮੀਤ ਮੈਨੇਜਰ, ਗੁਰਦੀਪ ਸਿੰਘ ਨੌਲੱਖਾ ਬੁਲਾਰਾ ਦਮਦਮੀ ਟਕਸਾਲ, ਹਰਮਨਜੀਤ ਸਿੰਘ ਰਿਕਾਰਡ ਕੀਪਰ, ਗੁਰਇਕਬਾਲ ਸਿੰਘ ਮਾਨ ਰਿਕਾਰਡ ਕੀਪਰ, ਗਗਨਦੀਪ ਸਿੰਘ, ਹਰਜੀਤ ਸਿੰਘ, ਨਰਵੀਰ ਸਿੰਘ ਖਜਾਨਚੀ, ਜਗਤਾਰ ਸਿੰਘ ਕਾਲੇ ਮਾਜਰਾ, ਭਾਈ ਗੁਰਜੰਟ ਸਿੰਘ ਅਤੇ ਅੰਮ੍ਰਿਤ ਪਾਲ ਸਿੰਘ ਆਦਿ ਹਾਜ਼ਰ ਸਨ।
ਰੂਪਨਗਰ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਵੇਲੀ ਕਲਾਂ ਤੇ ਰੂਪਨਗਰ ਸ਼ਹਿਰ ਦੀ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਬਾਬਾ ਖੁਸ਼ਹਾਲ ਸਿੰਘ ਅਤੇ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਦੀ ਦੇਖ-ਰੇਖ ਅਧੀਨ ਜਗਮਿੱਤਰ ਸਿੰਘ ਦੇ ਉੱਦਮ ਸਦਕਾ ਸਜਾਇਆ ਨਗਰ ਕੀਰਤਨ ਹਵੇਲੀ ਕਲਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਗੁਰਦੁਆਰਾ ਹੈਡ ਦਰਬਾਰ ਕੋਟਿ ਪੁਰਾਣ ਟਿੱਬੀ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਹਵੇਲੀ ਕਲਾਂ ਪੁੱਜ ਕੇ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਸੰਤ ਸ਼ਾਦੀ ਸਿੰਘ ਗਤਕਾ ਅਖਾੜਾ ਸਣੇ ਕਈ ਹੋਰ ਗਤਕਾ ਪਾਰਟੀਆਂ ਨੇ ਜੌਹਰ ਦਿਖਾਏ। ਇਸ ਮੌਕੇ ਬਾਬਾ ਸੁਖਪਾਲ ਸਿੰਘ ਭੈਰੋਮਾਜਰਾ, ਬਾਬਾ ਸੁਰਜਨ ਸਿੰਘ ਫੂਲ ਖੁਰਦ, ਭੁਪਿੰਦਰ ਸਿੰਘ ਸੰਗਤਪੁਰਾ, ਬਾਬਾ ਗੁਰਪ੍ਰੀਤ ਸਿੰਘ ਮੁਮਤਾਜ਼ਗੜ੍ਹ ਵੱਲੋਂ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਮੋਰਿੰਡਾ (ਪੱਤਰ ਪ੍ਰੇਰਕ): ਗੁਰਦੁਆਰਾ ਕੋਤਵਾਲੀ ਸਾਹਿਬ ਅਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਸਣੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਿਆਂ ’ਚ ਮੱਥਾ ਟੇਕਿਆ। ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਹੈੱਡ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ ਮਨੈਲੀ, ਹਜ਼ੂਰੀ ਰਾਗੀ ਭਾਈ ਹਰਵਿੰਦਰ ਸਿੰਘ ਜਵੱਦੀ ਟਕਸਾਲ ਵਾਲਿਆਂ, ਭਾਈ ਪ੍ਰਭਜੋਤ ਸਿੰਘ ਚੰਡੀਗੜ੍ਹ ਵਾਲਿਆਂ ਅਤੇ ਢਾਡੀ ਮਨਜੀਤ ਸਿੰਘ ਬਾਠ ਦੇ ਜਥੇ ਨੇ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਅਕਾਲਗੜ੍ਹ ਸਾਹਿਬ ਸਣੇ ਪਿੰਡਾਂ ਵਿੱਚ ਵੀ ਸਮਾਗਮ ਕਰਵਾਏ ਗਏ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਇਲਾਕੇ ਦੇ ਪਿੰਡਾਂ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਇੱਥੋਂ ਦੀ ਗੁਰੂ ਪੁਰਬ ਸੇਵਾ ਸੁਸਾਇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਇੱਥੋਂ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਪੁੱਜ ਕੇ ਸੰਪੂਰਨ ਹੋਇਆ। ਕਸਬਾ ਬੇਲਾ ਤੇ ਬਹਿਰਾਮਪੁਰ ਬੇਟ ’ਚ ਵੀ ਸਮਾਗਮ ਹੋਏ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਹਿੰਦੂ ਤਖ਼ਤ ਅਤੇ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਪਾਲਿਕਾ ਵਿਹਾਰ ਵਿੱਚ ਸੈਂਕੜੇ ਲੋੜਵੰਦ ਔਰਤਾਂ ਨੂੰ ਰਜਾਈਆਂ ਦਿੱਤੀਆਂ। ਰੋਟਰੀ ਕਲੱਬ ਆਫ਼ ਅੰਬਾਲਾ ਸੈਂਟਰਲ ਵੱਲੋਂ ਪ੍ਰੇਮ ਨਗਰ ’ਚ ਪਕੌੜਿਆਂ ਤੇ ਚਾਹ ਦਾ ਲੰਗਰ ਲਾਇਆ ਗਿਆ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡਾਂ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿੱਚ ਬਾਬਾ ਲਖਬੀਰ ਸਿੰਘ ਨੇ ਕੀਰਤਨ ਕੀਤਾ। ਪ੍ਰਧਾਨ ਦੇੇਸਰਾਜ ਸਿੰਘ, ਖਜਾਨਚੀ ਜਸਵੰਤ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਗੁਰਦੁਆਰਾ ਨਾਨਕ ਦਰਬਾਰ ਮੁੱਲਾਂਪੁਰ ਗਰੀਬਦਾਸ ਵਿੱਚ ਬਾਬਾ ਪਰਮਜੀਤ ਸਿੰਘ ਢਿੱਡਾ ਸਾਹਿਬ ਵਾਲਿਆਂ ਤੇ ਹੋਰ ਜਥਿਆਂ ਨੇ ਕੀਰਤਨ ਕੀਤਾ। ਪਿੰਡ ਤੀੜਾ ਦੀ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਕੰਸਾਲਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਾਇਆ ਗਿਆ।
ਆਰੀਅਨ ਟੂਰ ਐਂਡ ਟਰੈਵਲ ਨੇ ਲਗਾਇਆ ਲੰਗਰ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ੀਰਕਪੁਰ ਦੇ ਵੱਖ-ਵੱਖ ਗੁਰਦੁਆਰਿਆਂ ’ਚ ਸਮਾਗਮ ਕਰਵਾਏ ਗਏ। ਸਥਾਨਕ ਢਕੌਲੀ ਖੇਤਰ ਵਿੱਚ ਆਰੀਅਨ ਟੂਰ ਐਂਡ ਟਰੈਵਲ ਦੇ ਨੌਜਵਾਨਾਂ ਨੇ ਚਾਹ ਤੇ ਬਿਸਕੁਟਾਂ ਦਾ ਲੰਗਰ ਲਗਾਇਆ। ਇਸ ਮੌਕੇ ਦੀਪਕ ਸੈਣੀ, ਰੋਸ਼ਨ ਲਾਲ, ਮੋਨੂੰ, ਰਾਜੇਸ਼, ਆਕਾਸ਼, ਗੁਰਪ੍ਰੀਤ ਸਿੰਘ, ਸੰਜੀਵ ਭੰਡਾਰੀ ਆਦਿ ਨੇ ਸੇਵਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਆਪਸੀ ਭੇਦ-ਭਾਵ ਭੁਲਾ ਕੇ ਸਮਾਜ ਲਈ ਕੰਮ ਕਰਨ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ।
ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਬਾਬਾ ਰਾਮ ਸਿੰਘ ਸਪੋਰਟਸ ਕਲੱਬ ਵਾਰਡ ਨੰ-4 ਖਮਾਣੋਂ ਕਲਾਂ ਤੇ ਸਮੂਹ ਨਗਰ ਵਾਸੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਕੀਰਤਨੀ ਜਥਿਆਂ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਬਾਜ਼ਾਰ ਵਿੱਚ ਪੁੱਜਣ ’ਤੇ ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਨੇ ਸਾਈ ਹਸਪਤਾਲ ਖਮਾਣੋ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਗੁਰਦੀਪ ਸਿੰਘ, ਕੌਂਸਲਰ ਰਣਵੀਰ ਸਿੰਘ ਕੰਗ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਗੁਰਮਿੰਦਰ ਸਿੰਘ ਗਰੇਵਾਲ, ਚਨਪ੍ਰੀਤ ਸਿੰਘ ਚੰਨਾ, ਹਰਮਨਦੀਪ ਸਿੰਘ ਦੀਪੂ, ਗੁਰਪ੍ਰੀਤ ਸਿੰਘ ਗੋਪੀ, ਅਵਤਾਰ ਸਿੰਘ, ਲਖਵੀਰ ਸਿੰਘ ਲੱਖਾ ਆਦਿ ਸ਼ਾਮਲ ਸਨ।