ਗੁਰੂ ਗੋਬਿੰਦ ਸਿੰਘ ’ਵਰਸਿਟੀ ਕਾਲਜ ਦੇ ਖਿਡਾਰੀ ਛਾਏ
ਤਰਸੇਮ ਸਿੰਘ
ਜੰਡਿਆਲਾ ਮੰਜਕੀ, 24 ਦਸੰਬਰ
ਗੁਰੂੁ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਦੇ ਖਿਡਾਰੀਆਂ ਨੇ ਗੁਰੂੁ ਨਾਨਕ ਦੇਵ ਯੂਨੀਵਰਿਸਟੀ ਦੇ ਅੰਤਰ-ਕਾਲਜ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਦੇ ਓ.ਐੱਸ.ਡੀ. ਡਾ. ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਯੂਨੀਵਰਿਸਟੀ ਅਧੀਨ ਸਾਰੇ ਸ਼ਹਿਰੀ ਤੇ ਪੇਂਡੂ ਕਾਲਜ, ਯੂਨੀਵਰਸਿਟੀ ਕੈਂਪ ਤੇ ਰੀਜਨਲ ਸੈਂਟਰਾਂ ਦੇ ਖੇਡ ਮੁਕਾਬਲਿਆਂ ਵਿੱਚੋਂ 70 ਕਿਲੋ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਵਿੱਚੋਂ ਗੁਰੂੁ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਦੇ ਖਿਡਾਰੀ ਸੂਰਜ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪਹਿਲਵਾਨ ਨੂੰ 12-2 ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪਹਿਲਵਾਨ ਨੂੰ 10-0 ਦੇ ਫਰਕ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਇਸੇ ਕਾਲਜ ਦੇ ਖਿਡਾਰੀ ਸਾਗਰ ਨੇ 73 ਕਿਲੋਗ੍ਰਾਮ ਭਾਰ-ਵਰਗ ਭਾਰ-ਤੋਲਣ ਮੁਕਾਬਲੇ ਵਿੱਚ ਚਾਂਦੀ ਅਤੇ ਕਰਨ ਕੁਮਾਰ ਨੇ 102 ਕਿਲੋਗ੍ਰਾਮ ਭਾਰ-ਵਰਗ ਭਾਰ-ਤੋਲਣ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਵਾਲੀਵਾਲ, ਬੈਡਮਿੰਟਨ ਅਤੇ ਅਥਲੈਟਿਕ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਡਾ. ਰੰਧਾਵਾ ਨੇ ਦੱਸਿਆ ਕਿ ਕਾਲਜ ਪਹੁੰਚਣ ’ਤੇ ਜੇਤੂ ਖਿਡਾਰੀਆਂ ਦਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਭਰਵਾਂ ਸਵਾਗਤ ਕੀਤਾ।