For the best experience, open
https://m.punjabitribuneonline.com
on your mobile browser.
Advertisement

ਗੁਰੂ ਗੋਬਿੰਦ ਸਿੰਘ ਜੀ ਅਤੇ ਅਸੀਂ

08:48 AM Jan 17, 2024 IST
ਗੁਰੂ ਗੋਬਿੰਦ ਸਿੰਘ ਜੀ ਅਤੇ ਅਸੀਂ
Advertisement

ਡਾ. ਗੁਰਬਖ਼ਸ਼ ਸਿੰਘ ਭੰਡਾਲ

Advertisement

ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ ਅਤੇ ਉਹ ਸਾਡੇ ਰਹਬਿਰ ਹਨ। ਰਾਹ ਦਸੇਰੇ ਹਨ, ਪਰ ਕੀ ਅਸੀਂ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਹਾਂ ਜਾਂ ਉਨ੍ਹਾਂ ਦੀਆਂ ਕੀਰਤੀਆਂ ਅਤੇ ਬਚਨਾਂ ’ਤੇ ਪਹਿਰਾ ਦਿੰਦੇ ਹਾਂ। ਉਨ੍ਹਾਂ ਦੇ ਦੱਸੇ ਮਾਰਗ ਅਨੁਸਾਰ ਆਪਣੇ ਆਪ ਨੂੰ ਢਾਲਦੇ ਹਾਂ ਜਾਂ ਸਿਰਫ਼ ਇਹ ਸਭ ਕੁਝ ਪੜ੍ਹਨ ਜਾਂ ਸੁਣਨ ਤੀਕ ਹੀ ਸੀਮਤ ਹੈ ਅਤੇ ਅਸੀਂ ਸਾਰੇ ਉਨ੍ਹਾਂ ਦੀਆਂ ਸੁਮੱਤਾਂ ਨੂੰ ਮੰਨਣ ਤੋਂ ਇਨਕਾਰੀ ਹਾਂ। ਯਾਦ ਰਹੇ ਕਿ ਜਿਹੜੀਆਂ ਕੌਮਾਂ ਵਰਤਮਾਨ ਵਿੱਚ ਆਪਣੇ ਬੀਤੇ ਵਿੱਚੋਂ ਸਿੱਖ ਕੇ ਆਪਣੇ ਭਵਿੱਖ ਤੈਅ ਕਰਦੀਆਂ ਹਨ, ਉਹ ਅੱਗੇ ਵਧਦੀਆਂ ਹਨ। ਜਿਹੜੀਆਂ ਕੌਮਾਂ ਆਪਣੇ ਆਪ ਦੇ ਰੂਬਰੂ ਨਹੀਂ ਹੁੰਦੀਆਂ ਅਤੇ ਆਪਣੇ ਆਪ ਦਾ ਖ਼ੁਦ ਹੀ ਵਿਸ਼ਲੇਸ਼ਣ ਨਹੀਂ ਕਰਦੀਆਂ, ਉਹ ਮੂਲ ਸਿਧਾਂਤਾਂ ਤੋਂ ਬਹੁਤ ਦੂਰ ਚਲੀਆਂ ਜਾਂਦੀਆਂ ਹਨ। ਉਨ੍ਹਾਂ ਦਾ ਵਿਰਸਾ ਉਨ੍ਹਾਂ ਕੋਲੋਂ ਖੁੱਸ ਜਾਂਦਾ ਹੈ ਅਤੇ ਫਿਰ ਉਹ ਬੇਗੁਰੂ ਹੋਈਆਂ ਆਪਣੀ ਪਛਾਣ ਅਤੇ ਹੋਂਦ ਨੂੰ ਲੱਭਦੀਆਂ ਬੇਅਰਥਾ ਹੀ ਜੀਵਨ ਗਵਾ ਦਿੰਦੀਆਂ ਹਨ।
ਸਭ ਤੋਂ ਅਹਿਮ ਸਵਾਲ ਇਹ ਹੈ ਕਿ ਅਸੀਂ ਕਿੱਥੇ ਕੁਤਾਹੀਆਂ ਕਰ ਰਹੇ ਹਾਂ, ਕਿਹੜੀਆਂ ਗ਼ਲਤੀਆਂ ਕਰ ਰਹੇ ਹਾਂ। ਜਾਂ ਗੁਰੂ-ਸ਼ਬਦ ਤੋਂ ਦੂਰ ਹੋ ਕੇ ਸਿਰਫ਼ ਧਾਰਮਿਕ ਮਰਿਆਦਾਵਾਂ ਦੇ ਗ਼ੁਲਾਮ ਬਣ ਕੇ, ਕੀ ਅਸੀਂ ਸ਼ਬਦ-ਗੁਰੂ ਨੂੰ ਸਿਰਫ਼ ਪੂਜਣ ਤੀਕ ਹੀ ਸੀਮਤ ਤਾਂ ਨਹੀਂ ਹੋ ਗਏ? ਮੈਂ ਅਕਸਰ ਇਨ੍ਹਾਂ ਪ੍ਰਸ਼ਨਾਂ ਦੇ ਰੂਬਰੂ ਹੁੰਦਾ ਹਾਂ ਤਾਂ ਬਹੁਤ ਸਾਰੀਆਂ ਸ਼ੰਕਾਵਾਂ ਅਤੇ ਭਰਮ-ਭੁਲੇਖੇ ਮਨ ਵਿੱਚ ਪੈਦਾ ਹੋ ਜਾਂਦੇ ਹਨ ਕਿ ਕੀ ਸਾਡੀ ਮੌਜੂਦਾ ਜੀਵਨ ਜਾਚ ਗੁਰੂ ਸ਼ਬਦ ਦੇ ਹਾਣ ਦੀ ਹੈ ਜਾਂ ਅਸੀਂ ਗੁਰੂ ਸ਼ਬਦ ਨੂੰ ਭੁਲਾ ਦਿੱਤਾ ਹੈ?
ਗੁਰੂ ਜੀ ਨੇ 9 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਸ਼ਹਾਦਤ ਲਈ ਦਿੱਲੀ ਤੋਰਿਆ ਤਾਂ ਇਹ ਇੱਕ ਨਵੀਂ ਪਰੰਪਰਾ ਦਾ ਆਗਾਜ਼ ਸੀ ਕਿ ਪੁੱਤਰ ਨੇ ਆਪਣੇ ਪਿਤਾ ਰਾਹੀਂ ਅਜਿਹੀ ਸ਼ਹਾਦਤੀ ਪਰੰਪਰਾ ਦੀ ਸ਼ੁਰੂਆਤ ਕੀਤੀ ਜਿਹੜੀ ਕਿਸੇ ਹੋਰ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ। ਇਹੀ ਪਰੰਪਰਾ ਆਖ਼ਰ ਸਾਰਾ ਪਰਿਵਾਰ ਵਾਰਨ ਤੀਕ ਨਿੱਭੀ। ਕੀ ਅਜੋਕੇ ਸਮੇਂ ਵਿੱਚ ਕੋਈ ਪੁੱਤ ਅਜਿਹੀ ਸ਼ੁਰੂਆਤ ਕਰ ਸਕਦਾ ਹੈ? ਹਾਂ, ਨਿੱਕੇ ਨਿੱਕੇ ਲਾਲਚ ਪਿੱਛੇ ਉਹ ਬਾਪ ਦਾ ਕਾਤਲ ਤਾਂ ਹੋ ਸਕਦਾ। ਇਹ ਤਾਂ ਆਸ ਹੀ ਨਹੀਂ ਕੀਤੀ ਜਾ ਸਕਦੀ ਕਿ ਅਸੀਂ ਕਿਸੇ ਹੋਰ ਧਰਮ ਲਈ ਸ਼ਹਾਦਤ ਵਰਗਾ ਕੁਝ ਕਰ ਸਕੀਏ ਕਿਉਂਕਿ ਅਸੀਂ ਧਰਮ ਦੀਆਂ ਸੌੜੀਆਂ ਵਲਗਣਾਂ ਦਾ ਸ਼ਿਕਾਰ ਹੋ ਗਏ ਹਾਂ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਦ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਤਾਂ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖ਼ਿਤਾਬ ਦਿੱਤਾ ਸੀ, ਪਰ ਜਦ ਅਸੀਂ ਉਨ੍ਹਾਂ ਦੀ ਜਾਤ ਨੂੰ ਨਿੰਦਦੇ ਹਾਂ ਤਾਂ ਗੁਰੂ ਜੀ ਦੇ ਬੋਲਾਂ ਦਾ ਨਿਰਾਦਰ ਕਰਦੇ ਹਾਂ। ਤਾਂ ਕੀ ਅਸੀਂ ਗੁਰੂ ਜੀ ਦੀ ਮੰਨਦੇ ਹੀ ਨਹੀਂ? ਸਾਡੀ ਫੋਕੀ ਧੌਂਸ ਹੀ ਸਾਡੀ ਆਸਥਾ ਦਾ ਦੁਸ਼ਮਣ ਬਣੀ ਬੈਠੀ ਹੈ। ਫਿਰ ਦੱਸੋ ਕਿ ਅਸੀਂ ਕਿੰਨੇ ਕੁ ਗੁਰੂ ਦੇ ਸਿੱਖ ਹਾਂ?
ਗੁਰੂ ਜੀ ਨੇ ਜਦ ਖਾਲਸਾ ਪੰਥ ਸਾਜਿਆ ਤਾਂ ਉਨ੍ਹਾਂ ਨੇ ਜਾਤਾਂ ਨੂੰ ਮਿਟਾ ਕੇ ਨਿਰੋਲ ਪੰਜ ਪਿਆਰੇ ਸਾਜ ਕੇ ਸਮੂਹ ਸਿੱਖਾਂ ਨੂੰ ਸੰਦੇਸ਼ ਪਹੁੰਚਾਇਆ ਸੀ ਕਿ ਸਿੱਖਾਂ ਲਈ ਜਾਤਾਂ ਬੇਅਰਥ ਅਤੇ ਸਾਰੇ ਮਨੁੱਖ ਬਰਾਬਰ ਹਨ, ਪਰ ਇਹ ਕੇਹੀ ਵਿਡੰਬਨਾ ਹੈ ਕਿ ਅਸੀਂ ਆਪ ਤਾਂ ਜਾਤਾਂ ਅਤੇ ਵਰਣਾਂ ਵਿੱਚ ਵੰਡੇ ਹੋਏ ਹੀ ਹਾਂ, ਮਨ ਦੁਖੀ ਹੁੰਦਾ ਹੈ ਜਦੋਂ ਪੰਜ ਪਿਆਰਿਆਂ ਨੂੰ ਜੱਟ, ਖੱਤਰੀ, ਛੀਂਬਾ, ਝਿਊਰ ਤੇ ਨਾਈ ਵਿੱਚ ਵੰਡਦਿਆਂ ਕੁਝ ਕੁ ਗੁਰਦੁਆਰਿਆਂ ਵਿੱਚ ਬੋਰਡ ਵੀ ਲੱਗੇ ਦੇਖਦਾ ਹਾਂ। ਜਦ ਗੁਰਦੁਆਰਾ ਜੱਟਾਂ ਦਾ, ਲੁਬਾਣਿਆਂ ਦਾ, ਰਾਮਗੜ੍ਹੀਆਂ ਦਾ ਅਤੇ ਰਵਿਦਾਸੀਆਂ ਦਾ ਹੋ ਜਾਂਦਾ ਹੈ ਤਾਂ ਗੁਰਦੁਆਰੇ ਦੇ ਅਰਥ ਹੀ ਅਨਰਥ ਹੋ ਜਾਂਦੇ ਹਨ। ਕਿਹੜੇ ਪਾਸੇ ਜਾ ਰਹੀ ਹੈ ਸਿੱਖ ਮਾਨਸਿਕਤਾ? ਕੀ ਇਹ ਮਾਨਸਿਕਤਾ ਗੁਰੂ ਜੀ ਦੀ ਅਵੱਗਿਆ ਨਹੀਂ? ਕਦੋਂ ਤੀਕ ਸਿੱਖ ਜਾਤਾਂ ਵਿੱਚ ਵੰਡੇ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਦੀ ਬੇਰੁਹਮਤੀ ਕਰਦੇ ਰਹਿਣਗੇ?
ਗੁਰੂ ਜੀ ਆਪ ਬਹੁਤ ਮਹਾਨ ਵਿਦਵਾਨ ਅਤੇ ਮਹਾਨ ਕਵੀ ਸਨ ਅਤੇ ਉਨ੍ਹਾਂ ਨੇ ਖ਼ੁਦ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਜੋ ਦਸਮ ਗ੍ਰੰਥ ਵਿੱਚ ਦਰਜ ਹੈ। ਉਹ ਕਲਮ ਅਤੇ ਸਾਹਿਤ ਦੀ ਅਹਿਮੀਅਤ ਨੂੰ ਸਮਝਦੇ ਸਨ ਤਾਂ ਹੀ ਪਾਉਂਟਾ ਸਾਹਿਬ ਵਿੱਚ 52 ਕਵੀਆਂ ਨੂੰ ਉਨ੍ਹਾਂ ਦੀ ਸਰਪ੍ਰਸਤੀ ਹਾਸਲ ਸੀ ਅਤੇ ਉਹ ਕਵੀ ਦਰਬਾਰ ਸਜਾਉਂਦੇ ਸਨ। ਦੂਜੇ ਪਾਸੇ ਅਸੀਂ ਕਲਮ ਤੋਂ ਮੁਨਕਰ ਹੋ ਗਏ ਹਾਂ ਅਤੇ ਸਾਹਿਤ ਤੋਂ ਬਹੁਤ ਦੂਰ ਚਲੇ ਗਏ ਹਾਂ ਕਿਉਂਕਿ ਸਾਡੇ ਘਰ ਵਿੱਚ ਬੀਅਰ ਬਾਰ ਤਾਂ ਹੋ ਸਕਦੀ ਹੈ, ਪਰ ਕਿਤਾਬਾਂ ਲਈ ਸ਼ੈਲਫ ਨਹੀਂ ਹੁੰਦੀ। ਜ਼ਰਾ ਆਪਣੇ ਵੰਨੀਂ ਅੰਤਰਝਾਤੀ ਮਾਰਨਾ, ਕਿੰਨਿਆਂ ਦੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ, ਇਸ ਦੀ ਸਟੀਕ ਜਾਂ ਧਰਮ ਨਾਲ ਸਬੰਧਤ ਕਿਤਾਬਾਂ ਜਾਂ ਉੱਤਮ ਸਾਹਿਤਕ ਕਿਰਤਾਂ ਹੋਣਗੀਆਂ? ਗੁਰੂ ਜੀ ਦੀਆਂ ਸਿੱਖਿਆਵਾਂ ਦਾ ਕੋਈ ਅਸਰ ਹੀ ਨਹੀਂ। ਅੱਖਰਾਂ ਤੋਂ ਦੂਰ ਹੋਣਾ ਹੀ ਸਾਨੂੰ ਆਪਣੇ ਆਪ ਤੋਂ ਦੂਰ ਕਰ ਰਿਹਾ ਹੈ। ਸਿੱਖ ਫ਼ਿਲਾਸਫ਼ੀ ਤੋਂ ਅਸੀਂ ਬਹੁਤ ਦੂਰ ਜਾ ਰਹੇ ਹਾਂ ਕਿਉਂਕਿ ਅਸੀਂ ਗੁਰ-ਸ਼ਬਦ ਦਾ ਚਿੰਤਨ ਕਰਨ ਤੋਂ ਹੀ ਬੇਮੁੱਖ ਹੋ ਗਏ ਹਾਂ।
ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਚਮਕੌਰ ਦੀ ਗੜੀ ਵਿੱਚੋਂ ਸਿੰਘਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਿਆ ਤਾਂ ਉਨ੍ਹਾਂ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤੋਰਿਆ ਜਿੱਥੇ ਮੌਤ ਪ੍ਰਤੱਖ ਨਜ਼ਰ ਆ ਰਹੀ ਸੀ। ਉਹ ਆਪਣੇ ਸਾਹਿਬਜ਼ਾਦਿਆਂ ਅਤੇ ਸਿੱਖਾਂ ਨੂੰ ਬਰਾਬਰ ਸਮਝਦੇ ਸਨ ਅਤੇ ਉਨ੍ਹਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਸਨ। ਕੀ ਅਜੋਕੇ ਸਮੇਂ ਵਿੱਚ ਕੋਈ ਸਿੱਖ ਬਾਪ ਆਪਣੇ ਪੁੱਤ ਨੂੰ ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਲਈ ਭੇਜਣ ਦੀ ਜੁਅਰੱਤ ਕਰੇਗਾ? ਜਦ ਉਹ ਅੱਧੀ ਰਾਤ ਨੂੰ ਕੱਚੀ ਗੜ੍ਹੀ ਨੂੰ ਛੱਡ ਕੇ ਜਾ ਰਹੇ ਸਨ ਤਾਂ ਉਨ੍ਹਾਂ ਦਾ ਪੈਰ ਸਾਹਿਬਜ਼ਾਦੇ ਦੀ ਮ੍ਰਿਤਕ ਦੇਹ ਨਾਲ ਲੱਗਿਆ ਤਾਂ ਭਾਈ ਦਇਆ ਸਿੰਘ ਨੇ ਸਾਹਿਬਜ਼ਾਦੇ ਦੀ ਮ੍ਰਿਤਕ ਦੇਹ ’ਤੇ ਕੱਫਣ ਪਾਉਣ ਲਈ ਕਿਹਾ ਤਾਂ ਗੁਰੂ ਜੀ ਨੇ ਨਾਂਹ ਕਰਦੇ ਹੋਏ ਕਿਹਾ ਕਿ ਸਾਹਿਬਜ਼ਾਦੇ ਵੀ ਮੇਰੇ ਪਿਆਰੇ ਸਿੰਘਾਂ ਵਰਗੇ ਨੇ ਅਤੇ ’ਕੱਲੇ ਸਾਹਿਬਜ਼ਾਦੇ ’ਤੇ ਕੱਫਣ ਨਹੀਂ ਪਾਉਣਾ। ਇਸ ਤਰ੍ਹਾਂ ਉਨ੍ਹਾਂ ਨੇ ਮਾਛੀਵਾੜੇ ਵੱਲ ਨੂੰ ਤੁਰਨਾ ਜਾਰੀ ਰੱਖਿਆ। ਕੀ ਅਜੋਕੇ ਮਾਪਿਆਂ ਦੀ ਮਾਨਸਿਕਤਾ ਇੰਨੀ ਮਜ਼ਬੂਤ ਹੈ ਕਿ ਉਹ ਆਪਣੇ ਪੁੱਤਾਂ ਦੀ ਬੇਕੱਫਣੀ ਲਾਸ਼ ਛੱਡ ਕੇ ਆਪਣੇ ਉਦੇਸ਼ਮਈ ਸਫ਼ਰ ਨੂੰ ਜਾਰੀ ਰੱਖਣ ਦਾ ਅਹਿਦ ਕਰਨ। ਇਸ ਦ੍ਰਿਸ਼ ਨੂੰ ਚਿਤਵ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਬਲਿਹਾਰੇ ਜਾਈਦਾ ਹੈ। ਕਾਸ਼! ਅਸੀਂ ਅਜਿਹੀ ਸੋਚ ਦਾ ਕਿਣਕਾ ਮਾਤਰ ਹਾਸਲ ਕਰ ਸਕੀਏ।
ਉਸ ਰਾਤ ਨੂੰ ਕੇਹਾ ਆਲਮ ਹੋਵੇਗਾ
ਜਦ ਗੁਰੂ ਗੋਬਿੰਦ ਸਿੰਘ ਜੀ ਨੇ
ਮਾਛੀਵਾੜੇ ਨੂੰ ਤੁਰਨ ਲੱਗਿਆਂ
ਕੱਚੀ ਗੜ੍ਹੀ ਨੂੰ ਨਦਰਿ-ਨਿਹਾਲ ਕੀਤਾ ਹੋਵੇਗਾ
ਜਿਸ ਨੇ ਕੱਚੀ ਹੋ ਕੇ ਵੀ ਪੱਕੀ ਵਰਗਾ ਸਾਥ ਨਿਭਾਇਆ।
ਉਨ੍ਹਾਂ ਦੇ ਲਲਕਾਰੇ ਨਾਲ
ਹਵਾ ਤਾਂ ਹੁਲਾਸੀ ਗਈ ਹੋਵੇਗੀ
ਦਰੱਖਤਾਂ ਚੌਰ ਕੀਤਾ ਹੋਵੇਗਾ
ਪਰਿੰਦਿਆਂ ਸੋਹਲੇ ਗਾਏ ਹੋਣਗੇ
ਚਾਨਣੀ ਪੈਰੀਂ ਵਿਛੀ ਹੋਵੇਗੀ
ਅਤੇ ਨੰਗੇ ਪੈਰਾਂ ਦੀ ਛੋਹ ਨਾਲ
ਸਰੂਰਿਆ ਗਿਆ ਹੋਵੇਗਾ ਜੰਗ ਦਾ ਮੈਦਾਨ।
ਤੁਰਿਆ ਜਾਂਦਾ ਗੁਰ-ਬਾਬਾ
ਸਾਹਿਬਜ਼ਾਦਿਆਂ ਤੇ ਸਿੰਘਾਂ ਦੀਆਂ
ਬੇਕੱਫ਼ਣੀਆਂ ਲਾਸ਼ਾਂ ਨਿਹਾਰਦਾ
ਹਿੱਕ ’ਤੇ ਲੱਗੇ ਫੱਟ ਦੇਖਦਾ
ਅਤੇ ਸੀਨੇ ’ਚ ਖੁੱਭੇ ਤੀਰ ਗਿਣਦਾ
ਲਾਡਲਿਆਂ ਦੇ ਚਿਹਰਿਆਂ ’ਚੋਂ
ਸ਼ਹਾਦਤ ਦਾ ਸ਼ੁਕਰਾਨਾ ਪੜ੍ਹਦਾ ਹੋਵੇਗਾ
ਤੇ ਫਿਰ ਅਸਮਾਨ ਵੱਲ ਦੇਖਿਆ ਹੋਵੇਗਾ
ਤਾਂ ਹੀ ਉਨ੍ਹਾਂ ਮਾਛੀਵਾੜੇ ਵਿੱਚ
ਪਰਵਰਦਗਾਰ ਨੂੰ ਮੁਖ਼ਾਤਬ ਹੁੰਦਿਆਂ
‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’
ਉਚਾਰਿਆ ਸੀ।
ਗੁਰੂ ਜੀ ਨੂੰ ਤੁਰੇ ਜਾਂਦਿਆਂ ਦੇਖ ਕੇ
ਤਾਰੇ ਜ਼ਰੂਰ ਰਸ਼ਕ ਕਰਦੇ ਹੋਣਗੇ
ਕਿ
ਕੇਹਾ ਕਮਾਲ!
ਪੁੱਤ ਤੇ ਸਿੰਘ ਵਾਰ ਕੇ ਵੀ
ਚਿਹਰੇ ’ਤੇ ਜਲਾਲ।
ਉਨ੍ਹਾਂ ਦੀ ਪੈੜਚਾਲ ਦੀ ਰਾਗਣੀ ’ਚ
ਰਾਤ ਦੀ ਚੁੱਪ ਨੇ ਗੁਰ-ਉਸਤਤ ਦਾ
ਗੀਤ ਗਾਇਆ ਹੋਵੇਗਾ
ਤੇ ਉਹ ਰਾਤ ਸਦੀਆਂ ਤੀਕ
ਖ਼ੁਦ ਨੂੰ ਵਡਿਆਉਂਦੀ ਰਹੇਗੀ
ਕਿ ਰਾਤ ਦੇ ਪਿੰਡੇ ’ਤੇ ਇਤਿਹਾਸ
ਇੰਝ ਵੀ ਲਿਖਿਆ ਜਾਂਦਾ।
ਗੁਰੂ ਗੋਬਿੰਦ ਸਿੰਘ ਜੀ ਦੀ ਨੂਰੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਬਚਨਾਂ ਦਾ ਕੇਹਾ ਜਲਾਲ ਸੀ ਕਿ ਸਿੱਖਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਮਾਨ ਅਤੇ ਹਿੰਦੂ ਵੀ ਉਨ੍ਹਾਂ ਦੇ ਪੈਰੋਕਾਰ ਸਨ। ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਜਦ ਆਪਣੇ ਸ਼ਰਧਾਲੂਆਂ, ਪੁੱਤਰਾਂ ਅਤੇ ਭਰਾ ਨਾਲ ਗੁਰੂ ਜੀ ਦੀ ਮਦਦ ਲਈ ਸ਼ਾਮਲ ਹੋਇਆ ਤਾਂ ਉਸ ਦੇ ਬਹੁਤ ਸਾਰੇ ਸ਼ਰਧਾਲੂਆਂ ਸਮੇਤ ਦੋ ਪੁੱਤਰ ਅਤੇ ਭਰਾ ਇਸ ਜੰਗ ਵਿੱਚ ਸ਼ਹੀਦ ਹੋ ਗਏ ਤਾਂ ਪੀਰ ਬੁੱਧੂ ਸ਼ਾਹ ਅੱਲ੍ਹਾ ਦਾ ਸ਼ੁਕਰਗੁਜ਼ਾਰ ਹੋਇਆ ਕਿ ਉਹ ਗੁਰੂ ਜੀ ਦੇ ਕਿਸੇ ਕੰਮ ਤਾਂ ਆ ਸਕਿਆ। ਮੋਤੀ ਰਾਮ ਮਹਿਰਾ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਆਉਣ ਦਾ ਕੇਹਾ ਮੁੱਲ ਤਾਰਨਾ ਪਿਆ ਕਿ ਉਸ ਦਾ ਪਰਿਵਾਰ ਕੋਹਲੂ ਵਿੱਚ ਪੀੜਿਆ ਗਿਆ। ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ ਮਾਰਿਆ। ਦੀਵਾਨ ਟੋਡਰ ਮੱਲ ਨੇ ਆਪਣੀ ਸਾਰੀ ਦੌਲਤ ਨਾਲ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਅੱਜ ਤੀਕ ਦੀ ਸਭ ਤੋਂ ਮਹਿੰਗੀ ਥਾਂ ਖ਼ਰੀਦੀ।
ਗਨੀ ਖਾਂ ਤੇ ਨਬੀ ਖਾਂ ਨੇ ਆਪਣੇ ਘਰ ਵਿੱਚ ਗੁਰੂ ਜੀ ਨੂੰ ਜਵਾਈ ਬਣਾ ਕੇ ਮੁਗ਼ਲਾਂ ਵੱਲੋਂ ਲਈ ਤਲਾਸ਼ੀ ਤੋਂ ਬਚਾਇਆ ਅਤੇ ਫਿਰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਉੱਚ ਦਾ ਪੀਰ ਬਣਾ ਕੇ ਮੁਗ਼ਲ ਫ਼ੌਜ ਦੇ ਘੇਰੇ ਵਿੱਚੋਂ ਬਾਹਰ ਕੱਢਿਆ। ਪਰ ਕੁਝ ਕੁ ਸਿੱਖਾਂ ਦੇ ਮਨਾਂ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਪ੍ਰਤੀ ਨਫ਼ਰਤ ਦਰਅਸਲ ਗੁਰੂ ਜੀ ਦੀ ਅਵੱਗਿਆ ਹੈ। ਯਾਦ ਰੱਖਣਾ! ਕਦੇ ਵੀ ਸਾਰੇ ਲੋਕ ਇਕੋ ਜਿਹੇ ਨਹੀਂ ਹੁੰਦੇ ਅਤੇ ਕਿਸੇ ਇੱਕ ਵਿਅਕਤੀ ਕਰਕੇ ਸਾਰੇ ਭਾਈਚਾਰੇ ਨੂੰ ਨਫ਼ਰਤ ਕਰਨ ਦੀ ਬਜਾਏ, ਸਾਨੂੰ ਕੁਝ ਕੁ ਲੋਕਾਂ ਦੀਆਂ ਮਿਹਰਬਾਨੀਆਂ ਸਦਕਾ ਮੁਹੱਬਤ ਕਰਨ ਦਾ ਵੱਲ ਆਉਣਾ ਚਾਹੀਦਾ ਹੈ ਤਾਂ ਕਿ ਸਾਨੂੰ ਗੁਰੂ ਜੀ ਅੱਗੇ ਨਮੋਸ਼ੀ ਨਾ ਹੰਢਾਉਣੀ ਪਵੇ।
ਗੁਰੂ ਜੀ ਨੇ ਔਰੰਗਜ਼ੇਬ ਨਾਲ ਲੜਾਈਆਂ ਲੜੀਆਂ ਅਤੇ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਕਦੇ ਵੀ ਈਨ ਨਹੀਂ ਮੰਨੀ। ਜੰਗ ਦੇ ਮੈਦਾਨ ਵਿੱਚ ਤਾਂ ਭਾਵੇਂ ਉਨ੍ਹਾਂ ਦੀ ਹਾਰ ਹੋਈ, ਪਰ ਉਹ ਮਾਨਸਿਕ ਪੱਧਰ ’ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ। ਫਿਰ ਉਨ੍ਹਾਂ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਅਤੇ ਉਸ ਦੀਆਂ ਕਮੀਨਗੀਆਂ ਨੂੰ ਉਸ ਦੇ ਰੂਬਰੂ ਕੀਤਾ। ਇਸ ਜ਼ਫ਼ਰਨਾਮੇ ਦਾ ਕੇਹਾ ਕ੍ਰਿਸ਼ਮਾ ਸੀ ਕਿ ਔਰੰਗਜ਼ੇਬ ਦੇ ਮਨ ਵਿੱਚ ਗੁਰੂ ਜੀ ਨੂੰ ਮਿਲਣ ਦੀ ਇੱਛਾ ਪੈਦਾ ਹੋਈ ਤਾਂ ਕਿ ਉਹ ਆਪਣੇ ਪਾਪਾਂ ਦਾ ਪਛਤਾਵਾ ਕਰ ਸਕੇ। ਇਹ ਹੈ ਸ਼ਬਦਾਂ ਅਤੇ ਤਰਕ ਦੀ ਤਾਕਤ, ਪਰ ਅਸੀਂ ਸਿੱਖ ਕਲਮ ਅਤੇ ਤਰਕ ਤੋਂ ਬਹੁਤ ਦੂਰ ਹੋ ਗਏ ਹਾਂ। ਸਾਨੂੰ ਵਿਚਾਰਾਂ ਦੀ ਵੱਖਰਤਾ ਬਹੁਤ ਅੱਖਰਦੀ ਹੈ। ਵਿਵੇਕ ਅਤੇ ਤਰਕ ਦੀ ਘਾਟ ਹੈ ਕਿ ਅਸੀਂ ਕੁਰਬਾਨੀਆਂ ਦੇ ਕੇ ਅਤੇ ਕੌਮ ਦਾ ਬਹੁਤ ਨੁਕਸਾਨ ਕਰਵਾ ਕੇ ਕੁੱਝ ਵੀ ਪ੍ਰਾਪਤ ਨਹੀਂ ਕਰ ਸਕੇ। ਅਸੀਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਕੀ ਸਿੱਖਿਆ ਹੈ, ਜ਼ਰਾ ਸੋਚਣਾ?
ਸਭ ਤੋਂ ਮਹੱਤਵਪੂਰਨ ਹੈ ਗੁਰੂ ਜੀ ਦੀ ਸੋਚ ਦੀ ਨਿਰਮਾਣਤਾ ਕਿ ਜਦੋਂ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਅਤੇ ਭਾਈ ਮਨੀ ਸਿੰਘ ਕੋਲੋਂ ਤਲਵੰਡੀ ਸਾਬੋ ਵਿਖੇ ਪੰਜ ਹੱਥ-ਲਿਖਤ ਬੀੜਾਂ ਤਿਆਰ ਕਰਵਾਈਆਂ ਤਾਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਨੂੰ ਸ਼ਾਮਲ ਨਹੀਂ ਕੀਤਾ। ਉਨ੍ਹਾਂ ਦੀ ਸੋਚ ਹੋਵੇਗੀ ਕਿ ਉਹ ਆਪਣੇ ਪੁਰਖਿਆਂ ਦੇ ਬਰਾਬਰ ਨਹੀਂ ਹੋ ਸਕਦੇ। ਅਸੀਂ ਕੋਈ ਕਿਤਾਬ ਸੰਪਾਦਤ ਕਰਨੀ ਹੋਵੇ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਲਿਖਤ ਨੂੰ ਹੀ ਪ੍ਰਮੁੱਖਤਾ ਪ੍ਰਾਪਤ ਹੋਵੇ ਅਤੇ ਬਜ਼ੁਰਗਾਂ ਦਾ ਕੀ ਏ? ਆਪਣੇ ਪੁਰਖਿਆਂ ਦੀ ਕੀਰਤੀ ਦਾ ਅਦਬ ਕਰਨਾ ਤਾਂ ਕੋਈ ਗੁਰੂ ਜੀ ਕੋਲੋਂ ਸਿੱਖੇ।
ਗੁਰੂ ਜੀ ਨੇ ਜਦੋਂ ਗੁਰਗੱਦੀ ਨੂੰ ਪੂਰਨ ਰੂਪ ਵਿੱਚ ਖ਼ਤਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ ਤਾਂ ਇਹ ਸਿੱਖਾਂ ’ਤੇ ਸਭ ਤੋਂ ਵੱਡਾ ਪਰਉਪਕਾਰ ਸੀ। ਵਰਨਾ ਹੁਣ ਤੀਕ ਤਾਂ ਪਤਾ ਨਹੀਂ ਕਿੰਨੀਆਂ ਗੁਰ-ਗੱਦੀਆਂ ਹੋ ਜਾਣੀਆਂ ਸਨ ਅਤੇ ਹਰੇਕ ਨੇ ਆਪਣੇ ਆਪ ਨੂੰ ਸੱਚਾ ਗੁਰੂ ਕਹਿਲਾਉਣ ਲਈ ਦਮਗਜ਼ੇ ਮਾਰਨੇ ਸਨ। ਪਰ ਗੁਰੂ ਜੀ ਦੇ ਇਸ ਆਦੇਸ਼ ਦੇ ਬਾਵਜੂਦ ਸਿੱਖਾਂ ਦੇ ਪਤਾ ਨਹੀਂ ਕਿੰਨੇ ਡੇਰੇਦਾਰ ਖ਼ੁਦ ਨੂੰ ਗੁਰੂ ਅਖਵਾਉਂਦੇ ਹਨ। ਆਪਣੀਆਂ ਗੱਦੀਆਂ ਦਾ ਨਿੱਘ ਮਾਣਦੇ, ਆਧੁਨਿਕ ਸਹੂਲਤਾਂ ਮਾਣਦੇ ਗੁਰੂ ਦੇ ਅਸਲੀ ਵਾਰਸ ਹੋਣ ਦਾ ਭਰਮ ਪਾਲੀ ਬੈਠੇ ਹਨ। ਦੁਖ ਇਸ ਗੱਲ ਦਾ ਹੈ ਕਿ ਇਹ ਪੜ੍ਹਦਿਆਂ ਸੁਣਦਿਆਂ ਕਿ ‘ਗੁਰੂ ਮਾਨਿਓ ਗ੍ਰੰਥ’ ਸਿੱਖ ਇਨ੍ਹਾਂ ਡੇਰੇਦਾਰਾਂ ਦੇ ਪਿਛਲੱਗ ਬਣੇ, ਸਿੱਖ ਧਰਮ ਅਤੇ ਇਸ ਦੀ ਫ਼ਿਲਾਸਫ਼ੀ ਨੂੰ ਖੋਰਾ ਲਾ ਰਹੇ ਹਨ। ਸਿੱਖ ਧਰਮ ਬਹੁਤ ਸਾਰੀਆਂ ਪਰੰਪਰਾਵਾਂ, ਟਕਸਾਲਾਂ ਜਾਂ ਉਦਾਸੀਆਂ ਵਿੱਚ ਵੰਡਿਆ ਹੋਇਆ ਹੈ, ਪਰ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕਹਿਲਾਉਣ ਵਾਲਿਓ! ਕਦੇ ਕਦਾਈਂ ਆਪਣੇ ਆਪ ਨੂੰ ਪੁੱਛਣਾ ਕਿ ਅਸੀਂ ਕਿੰਨੇ ਕੁ ਸਿੱਖ ਹਾਂ? ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਕਹਿਲਾਉਣ ਦੇ ਹੱਕਦਾਰ ਹਾਂ? ਸਾਡਾ ਸੱਚ ਸਾਡੇ ਸਾਹਮਣੇ ਹੋਵੇਗਾ ਅਤੇ ਫਿਰ ਅਸੀਂ ਪੂਰਨ ਸਮਰਪਿਤਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣਨ ਦੇ ਰਾਹ ’ਤੇ ਤੁਰਨ ਬਾਰੇ ਜ਼ਰੂਰ ਸੋਚਾਂਗੇ।
ਸੰਪਰਕ: 216-556-2080

Advertisement
Author Image

joginder kumar

View all posts

Advertisement
Advertisement
×