ਲੰਮੀਆਂ ਵਾਟਾਂ ਦਾ ਅਣਥੱਕ ਮੁਸਾਫਿ਼ਰ ਭਾਅ ਜੀ ਗੁਰਸ਼ਰਨ ਸਿੰਘ
ਬਰਸੀ ਸਮਾਗਮ ’ਤੇ ਵਿਸ਼ੇਸ਼
ਕੰਵਲਜੀਤ ਖੰਨਾ
ਆਪਣੇ ਅੰਤਲੇ ਸਾਹਾਂ ਤੱਕ ਉਸ ਦੇ ਦਿਲ ਅੰਦਰ ਜਿਹੜਾ ਸੁਫ਼ਨਾ ਸੌਂਦਿਆਂ ਜਾਗਦਿਆਂ, ਤੁਰਦਿਆਂ-ਫਿਰਦਿਆਂ, ਹਰ ਵੇਲੇ ਸਤਾਉਂਦਾ ਰਿਹਾ, ਤੰਗ ਕਰਦਾ ਰਿਹਾ, ਉਹ ਸੀ- ਇਨਕਲਾਬੀ ਲਹਿਰ ਦੀ ਏਕਤਾ। ਖਾਂਦੇ-ਪੀਂਦੇ ਘਰ ’ਚ ਜੰਮਿਆ-ਪਲਿਆ ਗੁਰਸ਼ਰਨ ਸਿੰਘ, ਉੱਚੀ ਪੜ੍ਹਾਈ ਕਰ ਕੇ ਉੱਚੇ ਅਹੁਦੇ ’ਤੇ ਪਹੁੰਚਿਆ ਗੁਰਸ਼ਰਨ ਸਿੰਘ ਸਾਰੇ ਦੰਭਾਂ ਪਾਖੰਡਾਂ ਤੋਂ ਕੋਹਾਂ ਦੂਰ ਸੱਚਮੁੱਚ ਸਪਸ਼ਟਵਾਦੀ ਤੇ ਇਨਕਲਾਬੀ ਸ਼ਖ਼ਸੀਅਤ ਸੀ। ਸਮਾਜ ਦੀ ਇਨਕਲਾਬੀ ਕਾਇਆਪਲਟੀ ਲਈ ਜਿਹੜਾ ਬੰਦਾ ਕਦੇ ਨਾ ਰੁਕਿਆ, ਕਦੇ ਨਾ ਥੱਕਿਆ, ਆਖ਼ਰੀ ਪੜਾਅ ’ਤੇ, ਵ੍ਹੀਲ ਚੇਅਰ ’ਤੇ ਵੀ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸਿਆਸੀ ਤੌਰ ’ਤੇ ਜਾਗਰੂਕ ਕਰਨ ਲਈ ਸਦਾ ਸਫ਼ਰ ’ਤੇ ਰਿਹਾ, ਉਸ ਦਾ ਨਾਂ ਗੁਰਸ਼ਰਨ ਸਿੰਘ ਸੀ। ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਹੋਵੇ ਜਿਥੇ “ਮੇਰੇ ਲੋਗੋ” ਦਾ ਸੰਬੋਧਨ ਨਾ ਗੂੰਜਿਆ ਹੋਵੇ; ਸ਼ਾਇਦ ਹੀ ਕੋਈ ਚੇਤਨ ਬੰਦਾ ਹੋਵੇ ਜਿਸ ਨੇ ਭਾਅ ਜੀ ਨੂੰ ਆਪਣਾ ਨਾ ਸਮਝਿਆ ਹੋਵੇ। ਇਕੋ ਸਮੇਂ ਸਾਰੇ ਖੱਬਿਆਂ, ਇਨਕਲਾਬੀਆਂ ’ਚ ਇੱਕੋ ਜਿਹੇ ਸਤਿਕਾਰੇ ਪਿਆਰੇ ਜਾਂਦੇ ਭਾਅ ਜੀ ਨੇ ਕਦੇ ਵੀ ਕਿਸੇ ਨਾਲ ਦੂਰੀ ਨਹੀਂ ਬਣਾਈ। ਭਾਅ ਨੇ ਦੋ ਸੌ ਦੇ ਕਰੀਬ ਨਾਟਕਾਂ ਦੀ ਰਚਨਾ ਕੀਤੀ, ਦੇਸ਼-ਵਿਦੇਸ਼ ’ਚ ਹਜ਼ਾਰਾਂ ਨਾਟਕ ਖੇਡੇ। ਪਹਿਲੀ ਮਈ ਅਤੇ 26 ਜਨਵਰੀ ਦੇ ਰਾਤ ਭਰ ਦੇ ਨਾਟਕ ਮੇਲੇ ਸ਼ੁਰੂ ਕੀਤੇ। ‘ਸਰਦਲ’ ਤੇ ‘ਸਮਤਾ’ ਪਰਚਿਆਂ ਰਾਹੀਂ ਰਾਜ ਤੇ ਸਮਾਜ ਬਦਲੀ ਦਾ ਹੋਕਾ ਦਿੱਤਾ। ਸੈਂਕੜੇ ਵਿਚਾਰ ਗੋਸ਼ਟੀਆਂ, ਸੈਮੀਨਾਰਾਂ ਰਾਹੀਂ ਵੱਖ ਵੱਖ ਮੁੱਦਿਆਂ, ਮਸਲਿਆਂ ਦੇ ਸਾਰਥਕ ਸਿੱਟੇ ਕੱਢਣ ਦੀ ਕੋਸ਼ਿਸ਼ ਕੀਤੀ। ਇਨਕਲਾਬੀ, ਅਗਾਂਹਵਧੂ ਸਾਹਿਤ ਸੱਭਿਆਚਾਰ ਦੇ ਪਸਾਰ, ਪ੍ਰਚਾਰ ਲਈ ਦਰਜਨਾਂ ਰੰਗਮੰਚ ਟੀਮਾਂ ਦੀ ਸਿਰਜਣਾ ਕੀਤੀ। ਰੰਗਕਰਮੀਆਂ ਤੇ ਕਲਾਕਾਰਾਂ ਨੂੰ ਤਰਾਸ਼ਿਆ, ਉਂਗਲ ਫੜ ਕੇ ਨਾਲ ਤੋਰਿਆ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੀ ਸਥਾਪਨਾ ਕੀਤੀ। ਟਨਾਂ ਦੀ ਗਿਣਤੀ ਵਿਚ ਹਰ ਵਿਧਾ ਦਾ ਸਾਹਿਤ ਛਾਪਿਆ ਅਤੇ ਝੋਲੇ ਭਰ ਭਰ ਪਿੰਡਾਂ ’ਚ ਮਠਿਆਈਆਂ ਵਾਂਗ ਸਿਰਫ ਛਪਾਈ ਰੇਟਾਂ ’ਤੇ ਵੰਡਿਆ। ਅਨੇਕਾਂ ਨਵੇਂ ਲੇਖਕਾਂ ਨੂੰ ਅਪਣੇ ਲੋਕਾਂ ਤਕ ਲੈ ਕੇ ਜਾਣ ਦੇ ਮੁਨਾਫ਼ਾ ਰਹਿਤ ਕਾਰਜ ਸਾਡਾ ਭਾਅ ਹੀ ਨਿਭਾਅ ਸਕਿਆ। ਟੀਵੀ ਸੀਰੀਅਲ ਕੀਤੇ, ਫਿਲਮਾਂ ’ਚ ਰੋਲ ਕੀਤੇ, ਭਾਈ ਮੰਨਾ ਸਿੰਘ ਨਾਮ ਦੇ ਪਾਤਰ ਨਾਲ ਕੁੱਲ ਦੁਨੀਆ ਦੇ ਦਿਲਾਂ ’ਚ ਅਪਣੀ ਥਾਂ ਬਣਾਈ। ਦੂਰਦਰਸ਼ਨ ’ਤੇ ਇਸ ਲੜੀਵਾਰ ਨਾਟਕ ਨੇ ਕੁੱਲ ਅਵਾਮ ਨੂੰ ਆਪਣੇ ਨਾਲ ਜੋੜ ਸਮਾਜਿਕ ਕੁਰੀਤੀਆਂ ਖਿ਼ਲਾਫ਼ ਲੜਨ ਦਾ ਰਾਹ ਦੱਸਿਆ।
ਹਰ ਵੇਲੇ ਕੁਝ ਨਾ ਕੁਝ ਕਰਦੇ ਰਹਿਣਾ, ਖੌਝਲਦੇ ਰਹਿਣਾ, ਕੁਝ ਨਾ ਕੁਝ ਨਵਾਂ ਨਰੋਆ ਸਿਰਜਦੇ ਰਹਿਣ ਦਾ ਹੁਨਰ ਭਾਅ ਨੂੰ ਹੀ ਆਉਂਦਾ ਸੀ। ਨਾ ਟਿਕਣਾ ਤੇ ਨਾ ਟਿਕਣ ਦੇਣਾ, ਹਰ ਵੇਲੇ ਨਵਾਂ ਸੋਚਣਾ, ਕਰਨਾ, ਦਿਖਾਉਣਾ ਉਸ ਦਾ ਕਿੱਤਾ ਸੀ। ਭਾਅ ਜੀ ਕਹਿੰਦੇ ਸੀ- ਕਰੋ ਤੇ ਕਰੋ ਤੇ ਸਿਰਫ਼ ਕਰੋ... ਰੁਕ ਜਾਣਾ ਉਨ੍ਹਾਂ ਦੀ ਫਿ਼ਤਰਤ ਨਹੀਂ ਸੀ। ਕਦੇ ਪੰਦਰਾਂ ਪੈਸੇ ਵਾਲੇ ਪੋਸਟ ਕਾਰਡ ’ਤੇ ਹਦਾਇਤਾਂ ਤੇ ਵਿਉਂਤਬੰਦੀਆਂ ਆਪਣੇ ਕਾਡਰ ਨੂੰ ਭੇਜ ਕੇ ਰਿਜਲਟ ਲੈਣੇ ਉਨ੍ਹਾਂ ਨੂੰ ਆਉਂਦੇ ਸਨ: “ਤੁਸੀਂ ਪ੍ਰੋਗਰਾਮ ਉਲੀਕੋ, ਖਰਚਾ ਮੈਂ ਕਰ ਦਿਆਂਗਾ।”
ਭਾਅ ਇੱਕ ਸੰਸਥਾ, ਲਹਿਰ, ਵਗਦਾ ਦਰਿਆ ਸੀ। ਤਰਥੱਲੀਆਂ ਪਾਉਂਦਾ, ਮਹਿਕਾਂ ਵੰਡਦਾ, ਚਾਨਣ ਦਾ ਵਣਜਾਰਾ ਸੀ। ਭਾਅ ਜੀ ਨੇ ਕਿਹਾ ਸੀ- “ਮੈਨੂੰ ਇਲਮ ਸੀ ਕਿ ਮੈਂ ਜਨ-ਸਮੂਹ ਅੰਦਰ ਪ੍ਰਤੀਰੋਧ ਦੀ ਲਹਿਰ ਪੈਦਾ ਕਰਨ ਦੇ ਸਮਰੱਥ ਹਾਂ ਪਰ ਇਸ ਦੇ ਨਾਲ ਨਾਲ ਮੈਨੂੰ ਆਪਣੇ ਜੀਵਨ ਦੌਰਾਨ ਸਮੁੱਚੀ ਲਹਿਰ ਨੂੰ ਇਕਜੁੱਟ ਕਰਨ ਦਾ ਬੀੜਾ ਵੀ ਵੱਖ ਵੱਖ ਸਮਿਆਂ ਉੱਪਰ ਉਠਾਉਣਾ ਪਿਆ ਕਿਉਂਕਿ ਮੈਨੂੰ ਇੰਨੀ ਸੋਝੀ ਸੀ ਕਿ ਸਮਾਜ ਨੂੰ ਬਦਲਣ ਲਈ ਸਿਆਸੀ ਬਦਲ ਅਣਸਰਦੀ ਲੋੜ ਹੈ। ਇਹ ਲੋੜ ਮੇਰੇ ਤੁਰ ਜਾਣ ਤੋਂ ਬਾਅਦ ਵੀ ਬਣੀ ਰਹੇਗੀ।” ਅੱਜ ਉਨ੍ਹਾਂ ਦੀ ਯਾਦ ਵਿਚ ਪਲਸ ਮੰਚ ਵੱਲੋਂ ਸ਼ਕਤੀ ਕਲਾ ਮੰਦਰ ਬਰਨਾਲਾ ਵਿਚ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਸੰਪਰਕ: 94170-67344