ਮਾਪਿਆਂ ਦਾ ਇਕਲੌਤਾ ਸਹਾਰਾ ਸੀ ਗੁਰਸੇਵਕ ਸਿੰਘ
ਗੁਰਦੀਪ ਿਸੰਘ ਭੱਟੀ
ਟੋਹਾਣਾ, 1 ਅਗਸਤ
ਬ੍ਰਿਜ ਮੰਡਲ ਯਾਤਰਾ ਦੌਰਾਨ ਮੇਵਾਤ ਦੇ ਨੂਹ ਵਿੱਚ ਕੱਲ੍ਹ ਹੋਈ ਹਿੰਸਾ ਦੌਰਾਨ ਭੀੜ ਵਿਚੋਂ ਗੋਲੀ ਲੱਗਣ ਕਾਰਨ ਸ਼ਹੀਦ ਹੋਇਆ ਇਥੋਂ ਦੇ ਪਿੰਡ ਫਤਿਹਪੁਰੀ ਦਾ ਹੋਮਗਾਰਡ ਜਵਾਨ ਗੁਰਸੇਵਕ ਸਿੰਘ (35) ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਗੁਰਸੇਵਕ ਦੇ ਮੌਤ ਦੀ ਖ਼ਬਰ ਸੋਮਵਾਰ ਦੇਰ ਸ਼ਾਮ ਜਦੋਂ ਪਰਵਿਾਰ ਨੂੰ ਮਿਲਣ ਮਗਰੋਂ ਪਿੰਡ ਫਤਿਹਪੁਰੀ ਵਿੱਚ ਸੋਗ ਫੈਲ ਗਿਆ। ਦਸ ਵਰ੍ਹਿਆਂ ਤੋਂ ਹੋਮਗਾਰਡ ਵਜੋਂ ਨੌਕਰੀ ਕਰ ਰਹੇ ਗੁਰਸੇਵਕ ਸਿੰਘ (35) ਦੀ ਬਦਲੀ ਲੰਘੀ 7 ਜੁਲਾਈ ਨੂੰ ਗੁਰੂਗ੍ਰਾਮ ਦੇ ਥਾਣਾ ਖੇੜਕੀ-ਦੌਲਾ ਵਿੱਚ ਹੋਈ ਸੀ। ਬ੍ਰਿਜ ਮੰਡਲ ਯਾਤਰਾ ਦੀ ਸੁਰੱਖਿਆ ਲਈ ਤਾਇਨਾਤੀ ਦੌਰਾਨ ਗੁਰਸੇਵਕ ਸਿੰਘ ਤੇ ਉਸ ਦਾ ਇਕ ਹੋਰ ਸਾਥੀ ਐੱਸਐੱਚਓ ਦੀ ਜੀਪ ’ਚ ਸਵਾਰ ਸਨ। ਯਾਤਰਾ ਦੌਰਾਨ ਨੂਹ ਕਸਬੇ ਦੀ ਹੱਦ ਅੰਦਰ ਹੋਈ ਪੱਥਰਬਾਜ਼ੀ ਮੌਕੇ ਭੀੜ ਵਿੱਚੋਂ ਚੱਲੀ ਗੋਲੀ ਲੱਗਣ ਕਾਰਨ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਸੀ।
ਘਟਨਾ ਮਗਰੋਂ ਮ੍ਰਿਤਕ ਗੁਰਸੇਵਕ ਦੀ ਮਾਂ ਤੇ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੁਰਸੇਵਕ ਨੇ ਸੋਮਵਾਰ ਨੂੰ 4 ਵਾਰ ਫ਼ੋਨ ’ਤੇ ਪਰਵਿਾਰ ਨਾਲ ਗੱਲ ਕੀਤੀ। ਬਿਰਧ ਮਾਂ ਨੇ ਦੱਸਿਆ ਕਿ ਬਾਅਦ ’ਚ 5.30 ਵਜੇ ਉਨ੍ਹਾਂ ਨੇ ਫ਼ੋਨ ਕੀਤਾ ਪਰ ਕਿਸੇ ਨੇ ਨਹੀਂ ਚੁੱਕਿਆ। ਗੁਰਸੇਵਕ ਦੇ ਪਿਤਾ ਸੈਹਸੀ ਸਿੰਘ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਮ੍ਰਿਤਕ ਗੁਰਸੇਵਕ ਸਿੰਘ ਦੇ ਪਰਵਿਾਰ ’ਚ ਮਾਂ-ਬਾਪ, ਪਤਨੀ ਅਤੇ ਦੋ ਬੱਚੇ ਲੜਕੀ (7) ਤੇ ਲੜਕਾ (5) ਹਨ। ਪਿੰਡ ਦੇ ਸਰਪੰਚ ਮੁਤਾਬਕ ਪਰਵਿਾਰ ਦਾ ਗੁਜ਼ਾਰਾ ਇਕੱਲੇ ਗੁਰਸੇਵਕ ਸਿੰਘ ਦੀ ਕਮਾਈ ਨਾਲ ਹੀ ਚੱਲਦਾ ਸੀ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪਰਵਿਾਰਕ ਜੀਅ ਤੇ ਪਿੰਡ ਵਾਸੀ ਥਾਣਾ ਖੇੜਕੀ ਗਏ ਸਨ ਪਰ ਖ਼ਬਰ ਲਿਖੇ ਜਾਣ ਤੱਕ ਗੁਰਸੇਵਕ ਸਿੰਘ ਦੀ ਦੇਹ ਫ਼ਤਿਹਪੁਰੀ ਨਹੀਂ ਪੁੱਜੀ ਸੀ।