ਗੁਰਪੁਰਬ: ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਅਕਤੂਬਰ
ਪੰਜਾਬ ਸਰਕਾਰ ਨੇ ਗੁਰਪੁਰਬ ਮੌਕੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਵਿਦਿਅਕ ਅਦਾਰਿਆਂ ਵਿੱਚ ਭਲਕੇ 19 ਅਕਤੂਬਰ ਦੀ ਛੁੱਟੀ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਵੀ ਗੁਰਪੁਰਬ ਮੌਕੇ ਬੰਦ ਰੱਖੇ ਜਾਣਗੇ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਫੁੱਲਾਂ ਦੀ ਸਜਾਵਟ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਹਰਿਮੰਦਰ ਸਾਹਿਬ ਸਮੂਹ ਵਿੱਚ ਸੁੰਦਰ ਦੀਪਮਾਲਾ ਕੀਤੀ ਗਈ ਹੈ।
ਹਰਿਮੰਦਰ ਸਾਹਿਬ ਵਿੱਚ ਫੁੱਲਾਂ ਨਾਲ ਸਜਾਵਟ ਕਰਨ ਵਾਸਤੇ ਲਗਪਗ 10 ਟਨ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਫੁੱਲ ਦੇਸ਼-ਵਿਦੇਸ਼ ਤੋਂ ਮੰਗਵਾਏ ਗਏ ਹਨ। ਫੁੱਲਾਂ ਦੀ ਸਜਾਵਟ ਦੀ ਸੇਵਾ ਮੁਕੰਮਲ ਹੋ ਗਈ ਹੈ। ਗੁਰੂ ਘਰ ਦੀਆਂ ਇਮਾਰਤਾਂ ’ਤੇ ਦੀਪਮਾਲਾ ਕੀਤੀ ਗਈ ਹੈ ਤੇ ਭਲਕੇ ਰਾਤ ਨੂੰ ਆਤਿਸ਼ਬਾਜ਼ੀ ਹੋਵੇਗੀ।
ਇਸ ਦੌਰਾਨ ਚੀਫ ਖਾਲਸਾ ਦੀਵਾਨ ਵੱਲੋਂ ਅੱਜ ਨਗਰ ਕੀਰਤਨ ਦੇ ਭਗਤਾਂ ਵਾਲਾ ਗੇਟ ਵਿਖੇ ਪੁੱਜਣ ’ਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਨਿੱਘਾ ਸਵਾਗਤ ਕੀਤਾ ਗਿਆ।