ਗੁਰਪ੍ਰੀਤ ਸਿੰਘ ਦੀ ਕਿਤਾਬ ‘1984 : ਜਦੋਂ ਉਹ ਸਿੱਖਾਂ ਲਈ ਆਏ’ ਰਿਲੀਜ਼
ਹਰਦਮ ਮਾਨ
ਸਰੀ: ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਦੀ ਕਿਤਾਬ ‘1984 : ਜਦੋਂ ਉਹ ਸਿੱਖਾਂ ਲਈ ਆਏ’ ਇੱਥੋਂ ਦੀ ਸਟਰਾਬੇਰੀ ਹਿੱਲ ਲਾਇਬ੍ਰੇਰੀ ਵਿਖੇ ਰਿਲੀਜ਼ ਕੀਤੀ ਗਈ। ਸਮਾਗਮ ਦੇ ਪਹਿਲੇ ਬੁਲਾਰੇ ਜੈਨੇਫਰ ਸ਼ੈਰਫ ਨੇ ਮੂਲਵਾਸੀਆਂ ਦੀ ਧਰਤੀ ’ਤੇ ਵਿਚਾਰ ਚਰਚਾ ਦੀ ਸ਼ੁਰੂਆਤ ਕੀਤੀ। ਲੇਖਕ ਗੁਰਪ੍ਰੀਤ ਸਿੰਘ ਦੀ ਹੋਣਹਾਰ ਧੀ ਸ਼ਾਇਸਤਾ ਸਿੰਘ ਦੇ 16ਵੇਂ ਜਨਮ ਦਿਨ ’ਤੇ ਉਸ ਵੱਲੋਂ ਕਿਤਾਬ ਰਿਲੀਜ਼ ਕਰਾਈ ਗਈ। ਇਸ ਸਮਾਗਮ ਰਾਹੀਂ ਇਹ ਨਵੀਂ ਪਿਰਤ ਪਈ ਕਿ ਧੀਆਂ-ਪੁੱਤਾਂ ਦੇ ਜਨਮ ਦਿਨਾਂ ਨੂੰ ਕਿਤਾਬਾਂ ਦੀਆਂ ਸੌਗਾਤਾਂ ਰਾਹੀਂ ਮਨਾਇਆ ਜਾਵੇ।
ਬੁਲਾਰਿਆਂ ਵਿੱਚ ਪੁਸਤਕ ਦੇ ਲੇਖਕ ਗੁਰਪ੍ਰੀਤ ਸਿੰਘ, ਚਿੱਤਰਕਾਰ ਜਰਨੈਲ ਸਿੰਘ, ਇਮਤਿਆਜ਼ ਪੋਪਟ, ਹਰਪ੍ਰੀਤ ਸਿੰਘ ਸੇਖਾ, ਸੁਨੀਲ ਕੁਮਾਰ, ਜਗਤਾਰ ਸਿੰਘ ਸੰਧੂ, ਕੁਲਵਿੰਦਰ ਸਿੰਘ ਢਿੱਲੋਂ, ਕੰਵਲਜੀਤ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸੰਬੋਧਨ ਕਰਦਿਆਂ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਅਤੇ ਹਕੂਮਤਾਂ ਦੀਆਂ ਧੱਕੇਸ਼ਾਹੀਆਂ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਬਾਰੇ ਖੁੱਲ੍ਹੀ ਚਰਚਾ ਕੀਤੀ।
ਅੰਤ ਵਿੱਚ ਕੈਨੇਡਾ ਬੀਸੀ ਦੀ ਵਿੱਦਿਆ ਮੰਤਰੀ ਰਚਨਾ ਸਿੰਘ ਨੇ ਕਿਤਾਬ ਤੇ ਲੇਖਕ ਨਾਲ ਜੁੜੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਇਹ ਕਿਤਾਬ ਗੁਰਪ੍ਰੀਤ ਸਿੰਘ ਵੱਲੋਂ ਅੰਗਰੇਜ਼ੀ ਵਿੱਚ ਲਿਖੀ ਗਈ ਹੈ ਜਿਸ ਦਾ ਪੰਜਾਬੀ ਅਨੁਵਾਦ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ ਅਤੇ ਕਿਤਾਬ ਵਿਚਲੀਆਂ ਪੇਂਟਿੰਗਜ਼ ਜਰਨੈਲ ਸਿੰਘ ਚਿੱਤਰਕਾਰ ਵੱਲੋਂ ਤਿਆਰ ਕੀਤੀਆਂ ਗਈਆਂ ਹਨ।
ਪ੍ਰਕਾਸ਼ ਪੁਰਬ ’ਤੇ ਕਵੀ ਦਰਬਾਰ
ਸਰੀ: ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਕੈਨੇਡਾ ਦੇ ਜੰਮਪਲ ਨੌਜਵਾਨ ਤੇ ਪੁੰਗਰਦੇ ਕਵੀਆਂ ਦੇ ਨਾਲ ਨਾਲ ਪ੍ਰਸਿੱਧ ਕਵੀਆਂ ਨੇ ਗੁਰੂ ਜੀ ਦੇ ਮਹਾਨ ਜੀਵਨ ’ਤੇ ਆਪਣੀਆਂ ਕਵਿਤਾਵਾਂ ਰਾਹੀਂ ਸ਼ਬਦਾਂ ਦੇ ਮੋਤੀਆਂ ਦੀਆਂ ਮਾਲਾਵਾਂ ਸੰਗਤਾਂ ਨੂੰ ਭੇਟਾ ਕੀਤੀਆਂ।
ਇਸ ਕਵੀ ਦਰਬਾਰ ਵਿੱਚ ਪ੍ਰੋ. ਅਮਰੀਕ ਸਿੰਘ ਫੁੱਲ, ਬੀਬੀ ਮੰਨਤ ਕੌਰ, ਹਰਚੰਦ ਸਿੰਘ ਗਿੱਲ ਅੱਚਰਵਾਲ, ਬੀਬੀ ਜਸਲੀਨ ਕੌਰ, ਭਾਈ ਹਰਦਿਆਲ ਸਿੰਘ, ਬੀਬੀ ਇੰਦਰਪ੍ਰੀਤ ਕੌਰ, ਬੀਬੀ ਲਵਲੀਨ ਕੌਰ, ਮਨਪ੍ਰੀਤ ਸਿੰਘ, ਮਾਸਟਰ ਅਮਰੀਕ ਸਿੰਘ ਲੇਹਲ, ਗੁਰਮੀਤ ਸਿੰਘ ਕਾਲਕਟ ਅਤੇ ਕੁਲਵੀਰ ਸਿੰਘ ਸਹੋਤਾ ਡਾਨਸੀਵਾਲ ਨੇ ਹਾਜ਼ਰੀ ਲਵਾਈ। ਕਵੀ ਦਰਬਾਰ ਦਾ ਸੰਚਾਲਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਅੰਤ ਵਿੱਚ ਕਵੀਆਂ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਹਰਜੀਤ ਸਿੰਘ ਬੱਲ ਵੱਲੋਂ ਸਰਟੀਫਿਕੇਟ ਭੇਟ ਕੀਤੇ ਗਏ। ਭਾਈ ਗੁਰਮੀਤ ਸਿੰਘ ਤੂਰ ਨੇ ਗੁਰਦੁਆਰਾ ਸਾਹਿਬ ਵੱਲੋਂ ਕਵੀ ਸਾਹਿਬਾਨ ਦਾ ਧੰਨਵਾਦ ਕੀਤਾ।
ਸੰਪਰਕ: 1 604 308 6663