ਗੁਰਪ੍ਰੀਤ ਸਿੰਘ ਤਲਵੰਡੀ ਦੀ ਕਿਤਾਬ ਲੋਕ ਅਰਪਣ
ਟ੍ਰਬਿਿਊੂਨ ਨਿਊਜ਼ ਸਰਵਿਸ
ਸਰੀ: ਕੈਨੇਡਾ ਰਹਿੰਦੇ ਪੱਤਰਕਾਰ ਤੇ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਦੀ ਕਿਤਾਬ ‘ਹੂਕ ਸਮੁੰਦਰੋਂ ਪਾਰ ਦੀ’ ਦਾ ਲੋਕ ਅਰਪਣ ਸਮਾਰੋਹ ਇੱਥੇ ਪੰਜਾਬ ਭਵਨ ਵਿਖੇ ਕਰਵਾਇਆ ਗਿਆ। ਇਕੱਤਰ ਹੋਏ ਸਾਹਿਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ, ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਰਾਏ ਅਜ਼ੀਜ਼ ਉੱਲਾ ਖਾਨ ਨੇ ਕਿਹਾ ਕਿ ਪੰਜਾਬੀ ਨੌਜਵਾਨੀ ਨੂੰ ਸਾਹਿਤ, ਸੱਭਿਆਚਾਰ ਤੇ ਇਤਿਹਾਸ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੌਜਵਾਨ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਨੂੰ ਉਨ੍ਹਾਂ ਦੀ ਤੀਜੀ ਕਿਤਾਬ ਦੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਸਾਡੀ ਨੌਜਵਾਨੀ ਦਾ ਕਿਤਾਬ ਸੱਭਿਆਚਾਰ ਤੋਂ ਦੂਰ ਹੋਣਾ ਚਿੰਤਾਜਨਕ ਹੈ।
ਉਨ੍ਹਾਂ ਨੇ ਕਿਹਾ ਕਿ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਪੰਜਾਬੀਆਂ ਵੱਲੋਂ ਕੈਨੇਡਾ ਵਿੱਚ ਸਥਾਪਤੀ ਲਈ ਯਤਨ ਕਰਦਿਆਂ ਹੰਢਾਏ ਦਰਦਾਂ ਨੂੰ ਬਿਆਨ ਕਰਨ ਸਮੇਤ ਕੌਮਾ ਗਾਟਾਮਾਰੂ ਦੁਖਾਂਤ ਦੇ ਹੁਣ ਤੱਕ ਅਣਛੋਹੇ ਪੱਖਾਂ ਨੂੰ ਇਸ ਕਿਤਾਬ ਜ਼ਰੀਏ ਉਜਾਗਰ ਕੀਤਾ ਗਿਆ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪੰਜਾਬ ਭਵਨ ਦੇ ਪ੍ਰਬੰਧਕ ਸੁੱਖੀ ਬਾਠ ਨੇ ਪੰਜਾਬੀਆਂ ਦੇ ਕਿਤਾਬਾਂ ਨਾਲੋਂ ਟੁੱਟਣ ’ਤੇ ਗਹਿਰੀ ਚਿੰਤਾ ਕਰਦਿਆਂ ਕਿਹਾ ਕਿ ਭਾਵੇਂ ਸਾਡੇ ਵੱਲੋਂ ਪੰਜਾਬ ਭਵਨ ਦੀ ਉਸਾਰੀ ਕਰਵਾ ਕੇ ਲੇਖਕਾਂ ਨੂੰ ਵਧੀਆ ਮੰਚ ਪ੍ਰਦਾਨ ਕੀਤਾ ਗਿਆ ਹੈ, ਪਰ ਇਹ ਦੁਖ ਹੁੰਦਾ ਹੈ ਕਿ ਇੱਥੇ ਹੋਣ ਵਾਲੇ ਸਮਾਗਮਾਂ ਦੌਰਾਨ ਨੌਜਵਾਨਾਂ ਦੀ ਗਿਣਤੀ ਨਾ ਦੇ ਬਰਾਬਰ ਹੀ ਹੁੰਦੀ ਹੈ। ਉਨ੍ਹਾਂ ਤਲਵੰਡੀ ਦੀ ਇਸ ਕਿਤਾਬ ਵਿੱਚ ਛੋਹੇ ਵੱਖ ਵੱਖ ਪਹਿਲੂਆਂ ਨੂੰ ਵੱਡਾ ਯਤਨ ਕਰਾਰ ਦਿੰਦਿਆਂ ਕਿਹਾ ਕਿ ਕੈਨੇਡਾ ਵਿੱਚ ਪੰਜਾਬੀਆਂ ਦੀ ਸੰਘਰਸ਼ੀ ਗਾਥਾ ਅਤੇ ਇੱਥੋਂ ਦੀਆਂ ਸਮਾਜਿਕ ਤੇ ਭੂਗੋਲਿਕ ਪ੍ਰਸਥਿਤੀਆਂ ਨੂੰ ਸਾਹਮਣੇ ਲਿਆਉਣਾ ਵੀ ਸਾਰਥਿਕ ਯਤਨ ਹੈ। ਪੱਤਰਕਾਰ ਜੋਗਿੰਦਰ ਸਿੰਘ ਰਾਮਗੜ੍ਹ ਭੁੱਲਰ ਨੇ ਕਿਤਾਬ ਵਿਚਲੇ ਇੱਕ ਇੱਕ ਵਿਸ਼ੇ ਬਾਰੇ ਭਾਵਪੂਰਤ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਦਾ ਇਤਿਹਾਸ ਲਿਖਣ ਲਈ ਬੜਾ ਕੁਝ ਵਿਚਾਰਨਾ ਤੇ ਖੋਜਣਾ ਪੈਂਦਾ ਹੈ। ਰੰਗਕਰਮੀ ਗੋਪੀ ਡੱਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਇਤਿਹਾਸ ਤੇ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਤਲਵੰਡੀ ਵਰਗੇ ਨੌਜਵਾਨ ਲੇਖਕਾਂ ਦਾ ਅੱਗੇ ਆਉਣਾ ਜ਼ਰੂਰੀ ਹੈ। ਸਰੀ ਸਕੂਲ ਬੋਰਡ ਦੇ ਟਰੱਸਟੀ ਗੈਰੀ ਥਿੰਦ ਅਤੇ ਸਮਾਜ ਸੇਵਕ ਤੇ
ਓਵਰਸੀਜ਼ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਰਣਜੀਤ ਸਿੰਘ ਸੋਹੀ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਰਾਏ ਅਜ਼ੀਜ਼ ਉੱਲਾ ਖਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬ ਭਵਨ ਦੀ ਪ੍ਰਬੰਧਕ ਕਮੇਟੀ ਵੱਲੋਂ ਸੁੱਖੀ ਬਾਠ ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ ਤਲਵੰਡੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਸਮਾਜ ਸੇਵਕ ਰਵੀ ਹਜ਼ੂਰੀਆ, ਗੁਰਪ੍ਰੀਤ ਸਿੰਘ ਤੂਰ, ਰੁਪਿੰਦਰ ਸਿੰਘ ਉੱਪਲ, ਰਣਜੀਤ ਸਿੰਘ ਨਾਹਲ, ਸੁਖਦੇਵ ਸਿੰਘ ਢੇਸੀ, ਅੰਮ੍ਰਿਤਪਾਲ ਸਿੰਘ ਧਲੇਰ, ਹਰਮਨਦੀਪ ਸਿੰਘ, ਅਨੂਪ ਸਿੰਘ ਤੂਰ, ਬਨਜੋਤ ਸਿੰਘ ਸੰਘੇੜਾ, ਅਮਨਜੀਤ ਕੌਰ ਸੰਘੇੜਾ, ਗੁਰਿੰਦਰ ਕੌਰ ਤੂਰ ਅਤੇ ਅਗਮ ਕੌਰ ਤੂਰ ਵੀ ਹਾਜ਼ਰ ਸਨ।