For the best experience, open
https://m.punjabitribuneonline.com
on your mobile browser.
Advertisement

ਗੁਰਪ੍ਰੀਤ ਸਿੰਘ ਸਹੋਤਾ ਨੂੰ ਪ੍ਰਧਾਨ ਤੇ ਜਰਨੈਲ ਸਿੰਘ ਆਰਟਿਸਟ ਨੂੰ ਜਨਰਲ ਸਕੱਤਰ ਚੁਣਿਆ

08:56 AM Dec 13, 2023 IST
ਗੁਰਪ੍ਰੀਤ ਸਿੰਘ ਸਹੋਤਾ ਨੂੰ ਪ੍ਰਧਾਨ ਤੇ ਜਰਨੈਲ ਸਿੰਘ ਆਰਟਿਸਟ ਨੂੰ ਜਨਰਲ ਸਕੱਤਰ ਚੁਣਿਆ
Advertisement

ਹਰਦਮ ਮਾਨ

ਸਰੀ: ਬੀਤੇ ਦਿਨ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੀ ਵਿਸ਼ੇਸ਼ ਮੀਟਿੰਗ ਅੰਪਾਇਰ ਬੈਂਕੁਇਟ ਹਾਲ ਸਰੀ ਵਿਖੇ ਹੋਈ ਜਿਸ ਵਿੱਚ ਗੁਰਪ੍ਰੀਤ ਸਿੰਘ ਸਹੋਤਾ ਨੂੰ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਅਤੇ ਜਰਨੈਲ ਸਿੰਘ ਆਰਟਿਸਟ ਨੂੰ ਜਨਰਲ ਸਕੱਤਰ ਚੁਣਿਆ ਗਿਆ।

Advertisement

ਗੁਰਪ੍ਰੀਤ ਸਿੰਘ ਸਹੋਤਾ

ਚੜ੍ਹਦੀ ਕਲਾ ਨਿਊਜ਼ ਦੇ ਸੰਪਾਦਕ ਅਤੇ ਚੈਨਲ ਪੰਜਾਬੀ ਦੇ ਸਹੋਤਾ ਸ਼ੋਅ ਦੇ ਸੰਚਾਲਕ ਗੁਰਪ੍ਰੀਤ ਸਿੰਘ (ਲੱਕੀ ਸਹੋਤਾ) ਪੰਜਾਬੀ ਪ੍ਰੈੱਸ ਕਲੱਬ ਦੇ ਮੁੱਢਲੇ ਮੈਂਬਰਾਂ ਵਿੱਚੋਂ ਹਨ ਅਤੇ ਇਸ ਤੋਂ ਪਹਿਲਾਂ ਉਹ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਜਰਨੈਲ ਸਿੰਘ ਆਰਟਿਸਟ ਵੀ ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਮੋਢੀ ਮੈਂਬਰਾਂ ਵਿੱਚੋਂ ਹਨ। ਕਾਰਜਕਾਰਨੀ ਲਈ ਚੁਣੇ ਗਏ ਹੋਰ ਅਹੁਦੇਦਾਰਾਂ ਵਿੱਚ ਬਲਜਿੰਦਰ ਕੌਰ ਮੀਤ ਪ੍ਰਧਾਨ, ਬਲਦੇਵ ਸਿੰਘ ਮਾਨ ਖ਼ਜ਼ਾਨਚੀ, ਰਸ਼ਪਾਲ ਸਿੰਘ ਗਿੱਲ ਸਹਾਇਕ ਸਕੱਤਰ, ਸੁੱਖੀ ਰੰਧਾਵਾ ਸਹਾਇਕ ਖ਼ਜ਼ਾਨਚੀ ਅਤੇ ਬਲਵੀਰ ਕੌਰ ਢਿੱਲੋਂ ਕਾਰਜਕਾਰੀ ਮੈਂਬਰ ਸ਼ਾਮਲ ਹਨ।

Advertisement

ਜਰਨੈਲ ਸਿੰਘ ਆਰਟਿਸਟ

ਸਤਵੰਤ ਕੌਰ ਪੰਧੇਰ ਦੀ ਪੁਸਤਕ ‘ਕਾਦਰ ਦੀ ਕੁਦਰਤ’ ਰਿਲੀਜ਼

ਸਰੀ: ਪੰਜਾਬੀ ਸਾਹਿਤ ਸਭਾ ਮੁੱਢਲੀ, ਐਬਟਸਫੋਰਡ ਵੱਲੋਂ ਪੰਜਾਬੀ ਕਵਿੱਤਰੀ ਸਤਵੰਤ ਕੌਰ ਪੰਧੇਰ ਦੀ ਚੌਥੀ ਪੁਸਤਕ ‘ਕਾਦਰ ਦੀ ਕੁਦਰਤ’ ਲੋਕ ਅਰਪਣ ਕਰਨ ਲਈ ਸਮਾਗਮ ਕਰਵਾਇਆ ਗਿਆ। ਸਭਾ ਦੇ ਸਕੱਤਰ ਸੁਰਜੀਤ ਸਿੰਘ ਸਹੋਤਾ ਨੇ ਪੁਸਤਕ ਦੀ ਜਾਣ ਪਛਾਣ ਕਰਵਾਈ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿੱਚ ਕੁਦਰਤ ਦੇ ਰੰਗ ਵਿੱਚ ਰੰਗੀਆਂ ਹੋਈਆਂ 85 ਕਵਿਤਾਵਾਂ ਹਨ। ਇਹ ਕਵਿਤਾਵਾਂ ਮਨੁੱਖ ਨੂੰ ਕੁਦਰਤ ਨਾਲ ਜੋੜਦੀਆਂ ਹਨ।
ਸਤਵੰਤ ਕੌਰ ਪੰਧੇਰ ਨੇ ਇਸ ਪੁਸਤਕ ਦੀ ਪਿੱਠਭੂਮੀ ਬਾਰੇ ਦੱਸਿਆ ਕਿ ਉਨ੍ਹਾਂ ਕੁਦਰਤ ਦੀ ਖ਼ੂਬਸੂਰਤ ਕਾਇਨਾਤ ਨਾਲ ਗੱਲਾਂ ਕਰਦਿਆਂ ਜ਼ਿੰਦਗੀ ਦੇ ਅਨਮੋਲ ਪਲ ਮਾਣੇ ਹਨ ਅਤੇ ਉਨ੍ਹਾਂ ਪਲਾਂ ਨੂੰ ਕਵਿਤਾਵਾਂ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਪੇਸ਼ ਕਰ ਕੇ ਕੁਦਰਤ ਦੇ ਵੱਖ ਵੱਖ ਰੰਗਾਂ ਨੂੰ ਦ੍ਰਿਸ਼ਟੀਮਾਨ ਕੀਤਾ। ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਸਤਵੰਤ ਕੌਰ ਪੰਧੇਰ ਨੇ ਭਾਈ ਵੀਰ ਸਿੰਘ ਨੂੰ ਆਪਣੀ ਸਾਹਿਤਕ ਪ੍ਰੇਰਨਾ ਦਾ ਸਰੋਤ ਬਣਾਇਆ ਹੈ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ‘ਕਾਦਰ ਦੀ ਕੁਦਰਤ ਦਾ ਜਲਵਾ’ ਬਾਖੂਬੀ ਝਲਕਦਾ ਹੈ। ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਨੇ ਕਿਹਾ ਕਿ ਸਤਵੰਤ ਪੰਧੇਰ ਦੇ ਲਫ਼ਜ਼ਾਂ ਵਿੱਚੋਂ ਕੁਦਰਤ ਦੀ ਮਹਿਕ ਆਉਂਦੀ ਹੈ। ਇੰਦਰਜੀਤ ਕੌਰ ਸਿੱਧੂ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਪ੍ਰਸੰਸਾ ਕਰਦਿਆਂ ਕਵਿੱਤਰੀ ਨੂੰ ਮੁਬਾਰਕਬਾਦ ਦਿੱਤੀ। ਗ਼ਜ਼ਲਗੋ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਕਵਿੱਤਰੀ ਪੰਧੇਰ ਨੇ ਕੁਦਰਤ ਨਾਲ ਮਨੁੱਖ ਦੀ ਡੂੰਘੀ ਸਾਂਝ ਨੂੰ ਬਿਆਨ ਕਰਦਿਆਂ ਮਨੁੱਖ ਨੂੰ ਕੁਦਰਤ ਦੀ ਬਰਬਾਦੀ ਕਰਨ ਤੋਂ ਵਰਜਿਆ ਹੈ। ਅੰਕੇਸ਼ਵਰ ਨੇ ਸੁਰੀਲੀ ਆਵਾਜ਼ ਵਿੱਚ ਇਸ ਕਿਤਾਬ ਵਿੱਚੋਂ ਇੱਕ ਗੀਤ ਸਾਂਝਾ ਕੀਤਾ। ਪ੍ਰਿੰ. ਮਲੂਕ ਚੰਦ ਕਲੇਰ, ਰਾਜਿੰਦਰ ਸਿੰਘ ਪੰਧੇਰ, ਹਰਚੰਦ ਸਿੰਘ ਬਾਗੜੀ, ਦਵਿੰਦਰ ਕੌਰ ਜੌਹਲ, ਹਰਕੀਰਤ ਕੌਰ ਚਾਹਲ, ਹਰੀ ਸਿੰਘ ਤਾਤਲਾ ਅਤੇ ਪਵਨ ਗਿੱਲਾਂ ਵਾਲਾ ਨੇ ਵੀ ਕਵਿੱਤਰੀ ਨੂੰ ਮੁਬਾਰਕਾਂ ਦਿੱਤੀਆਂ। ਸਮਾਗਮ ਦਾ ਸੰਚਾਲਨ ਗੁਰਪ੍ਰੀਤ ਸਿੰਘ ਚਾਹਲ ਨੇ ਕੀਤਾ। ਸਮਾਗਮ ਵਿੱਚ ਬਲਵੰਤ ਸਿੰਘ ਰੁਪਾਲ, ਜਸਬੀਰ ਕੌਰ ਮਾਨ, ਪਰਮਿੰਦਰ ਕੌਰ ਸਵੈਚ, ਪ੍ਰੀਤਪਾਲ ਪੂਨੀ ਅਟਵਾਲ, ਨਿਰਮਲ ਗਿੱਲ, ਡਾ. ਜਸਮਲਕੀਤ ਕੌਰ, ਗੁਰਵਿੰਦਰ ਸਿੰਘ ਸੰਧੂ, ਨਵਰੂਪ ਸਿੰਘ, ਡਾ. ਸੁਖਵਿੰਦਰ ਸਿੰਘ ਵਿਰਕ, ਗੁਰਦੇਵ ਸਿੰਘ ਬੁੱਟਰ, ਲੱਖੀ ਗਾਖਲ, ਜਰਨੈਲ ਸਿੰਘ ਅਤੇ ਦਿਲਬਾਗ ਸਿੰਘ ਹਾਜ਼ਰ ਸਨ।

ਅਸੀਸ ਮੰਚ ਵੱਲੋਂ ਸੁਸ਼ੀਲ ਦੁਸਾਂਝ ਦਾ ਸਨਮਾਨ

ਸਰੀ: ਬੀਤੇ ਦਿਨੀਂ ਅਸੀਸ ਮੰਚ, ਟੋਰਾਂਟੋ ਵੱਲੋਂ ਦਿਸ਼ਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿੱਚ ਪੰਜਾਬ ਤੋਂ ਆਏ ਪੱਤਰਕਾਰ ਅਤੇ ਸ਼ਾਇਰ ਸੁਸ਼ੀਲ ਦੁਸਾਂਝ ਨਾਲ ਵਿਸ਼ੇਸ਼ ਸਮਾਗਮ ਰਚਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਇੰਦਰਜੀਤ ਸਿੰਘ ਬੱਲ, ਕਹਾਣੀਕਾਰ ਵਰਿਆਮ ਸਿੰਘ ਸੰਧੂ, ਸ਼ਾਇਰ ਭੁਪਿੰਦਰ ਦੁਲੇ, ਪੰਜਾਬੀ ਭਵਨ ਦੇ ਸੰਸਥਾਪਕ ਦਲਬੀਰ ਸਿੰਘ ਕਥੂਰੀਆ, ਸੁਸ਼ੀਲ ਦੁਸਾਂਝ ਅਤੇ ਸ਼ਾਇਰਾ ਪਰਮਜੀਤ ਦਿਓਲ ਨੇ ਕੀਤੀ।
ਸਮਾਗਮ ਦੇ ਆਗਾਜ਼ ਵਿੱਚ ਰਿੰਟੂ ਭਾਟੀਆ ਨੇ ਅਸੀਸ ਮੰਚ ਦੇ ਕਾਰਜਾਂ ਬਾਰੇ ਅਤੇ ਪ੍ਰੋਗਰਾਮ ਦੇ ਵੇਰਵੇ ਸਾਂਝੇ ਕੀਤੇ। ਪਿਆਰਾ ਸਿੰਘ ਕੁੱਦੋਵਾਲ ਨੇ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਣੇ ਸਭ ਵਿਦਵਾਨਾਂ ਬਾਰੇ ਸਰੋਤਿਆਂ ਨਾਲ ਜਾਣ ਪਛਾਣ ਸਾਂਝੀ ਕੀਤੀ। ਸੁਸ਼ੀਲ ਦੁਸਾਂਝ ਨੇ ਇਸ ਸਮਾਗਮ ਲਈ ਅਸੀਸ ਮੰਚ, ਟੋਰਾਂਟੋ ਦੀ ਸੰਸਥਾਪਕ ਪਰਮਜੀਤ ਦਿਓਲ ਅਤੇ ਤੀਰਥ ਦਿਓਲ ਦਾ ਧੰਨਵਾਦ ਕਰਦਿਆਂ ਆਪਣੀ ਪੱਤਰਕਾਰੀ ਦੇ ਸ਼ੁਰੂਆਤੀ ਸਮੇਂ ਬਾਰੇ, ਆਪਣੀ ਲੇਖਣੀ ਬਾਰੇ ਅਤੇ ਸਮੁੱਚੀ ਪੱਤਰਕਾਰੀ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਆਪਣੀਆਂ ਕੁਝ ਗਜ਼ਲਾਂ ਅਤੇ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਸਨਮਾਨ ਪੱਤਰ ਅਤੇ ਦੁਸ਼ਾਲੇ ਨਾਲ ਸੁਸ਼ੀਲ ਦੁਸਾਂਝ ਦਾ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਸੁਖਚਰਨ ਕੌਰ ਗਿੱਲ, ਸਰਬਜੀਤ ਕੌਰ ਕਾਹਲੋਂ, ਹਰਪਾਲ ਸਿੰਘ ਭਾਟੀਆ, ਜਗੀਰ ਕਾਹਲੋਂ, ਰਾਜਵੰਤ ਕੌਰ ਸੰਧੂ, ਜਸਪਾਲ ਢਿੱਲੋਂ, ਹਰੀ ਦੇਵ ਕੰਡਾ, ਪ੍ਰਿਤਪਾਲ ਸਿੰਘ ਚੱਗਰ, ਸੁਖਚਰਨਜੀਤ ਗਿੱਲ, ਅੰਮ੍ਰਿਤ ਢਿੱਲੋਂ, ਚਰਜੀ ਬਾਜਵਾ, ਹਰਬੰਸ ਮੱਲ੍ਹੀ, ਗੁਰਦਿਆਲ ਸਿੰਘ ਬੱਲ, ਇਕਬਾਲ ਮਾਹਲ, ਜਨਕ ਜੋਸ਼ੀ, ਸੁਰਜੀਤ ਕੌਰ, ਡਾ. ਜਗਮੋਹਨ ਸੰਘਾ, ਜਸਵੀਰ (ਜੱਸੀ) ਭੁੱਲਰ, ਮਲਵਿੰਦਰ, ਹੀਰਾ ਰੰਧਾਵਾ, ਡਾ. ਦਵਿੰਦਰ ਲੱਧੜ, ਪਰਮਜੀਤ ਸਿੰਘ ਬਿਰਦੀ, ਹਰਜੀਤ ਸਿੰਘ ਗਿੱਲ, ਜਗਜੀਤ ਸਿੰਘ ਅਰੋੜਾ, ਅਫਜ਼ਲ ਰਾਜ਼, ਨਾਹਰ ਔਜਲਾ, ਹਰਦਿਆਲ ਸਿੰਘ ਝੀਤਾ, ਹਰਨੇਕ ਸਿੰਘ ਗਰੇਵਾਲ, ਜੇਬੀਐੱਸ ਰੰਧਾਵਾ, ਮਤਲੂਬ ਵੜੈਚ, ਹੀਰਾ ਸਿੰਘ ਹੰਸਪਾਲ, ਪ੍ਰਭਜੋਤ ਰਾਠੌਰ ਅਤੇ ਪਰਮਜੀਤ ਸਿੰਘ ਢਿੱਲੋਂ ਸ਼ਾਮਲ ਸਨ।

ਵੈਨਕੂਵਰ ਵਿਚਾਰ ਮੰਚ ਵੱਲੋਂ ਪਰਵਾਸੀ ਪੰਜਾਬੀ ਕਹਾਣੀ ’ਤੇ ਸੈਮੀਨਾਰ

ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਆਨਲਾਈਨ ਸੈਮੀਨਾਰ ਲੜੀ ਤਹਿਤ ‘21ਵੀਂ ਸਦੀ ਦੀ ਪਰਵਾਸੀ ਪੰਜਾਬੀ ਕਹਾਣੀ: ਇੱਕ ਸੰਵਾਦ’ ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਭਾਰਤੀ ਪੰਜਾਬ ਦੇ ਚਿੰਤਕਾਂ ਵੱਲੋਂ ਇੱਕੀਵੀਂ ਸਦੀ ਵਿੱਚ ਰਚੀ ਗਈ ਪਰਵਾਸੀ ਪੰਜਾਬੀ ਕਹਾਣੀ ’ਤੇ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਆਲੋਚਨਾਤਮਕ ਪਰਚੇ ਪੜ੍ਹੇ ਗਏ।
ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਕੁਲਜੀਤ ਮਾਨ (ਪਰਵਾਸੀ ਪੰਜਾਬੀ ਸਾਹਿਤਕਾਰ) ਅਤੇ ਪ੍ਰੋਫੈਸਰ (ਡਾ.) ਰਵਿੰਦਰ ਸਿੰਘ (ਦਿਆਲ ਸਿੰਘ ਕਾਲਜ, ਦਿੱਲੀ ਅਤੇ ਰਿਸਰਚ ਫੈਲੋ ਇੰਡੀਅਨ ਇੰਸਟੀਚਿਊਟ ਆਫ ਅਡਵਾਂਸ ਸਟੱਡੀਜ਼, ਸ਼ਿਮਲਾ) ਸ਼ਾਮਲ ਹੋਏ। ਮੰਚ ਵੱਲੋਂ ਆਨਲਾਈਨ ਕਰਵਾਏ ਜਾ ਰਹੇ ਸੈਮੀਨਾਰਾਂ ਦਾ ਮੁੱਖ ਮਨੋਰਥ ਖੋਜਾਰਥੀਆਂ ਨੂੰ ਪਰਵਾਸੀ ਪੰਜਾਬੀ ਸਾਹਿਤ ਦੇ ਨਾਲ ਜੋੜਨ ਅਤੇ ਨਵੀਂ ਸਾਹਿਤਕ ਖੋਜ ਨੂੰ ਹੱਲਾਸ਼ੇਰੀ ਦੇਣਾ ਹੈ।
ਇਸ ਸੈਮੀਨਾਰ ਵਿੱਚ ਭਾਰਤ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਵੱਲੋਂ ਡਾ. ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪਰਚੇ ਪੜ੍ਹੇ ਗਏ।

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਚੋਣ ਵਿੱਚ ਚਾਨਾ ਗਰੁੱਪ ਦੀ ਜਿੱਤ

ਬਲਬੀਰ ਸਿੰਘ ਚਾਨਾ

ਸਰੀ: ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਸਾਲਾਨਾ ਮੀਟਿੰਗ ਬੀਤੇ ਦਿਨ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਸਾਲ 2024 ਅਤੇ 2025 ਲਈ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਚੋਣ ਲਈ ਉਮੀਦਵਾਰਾਂ ਦੀਆਂ ਦੋ ਸਲੇਟਾਂ ਨਾਮਜ਼ਦ ਹੋਈਆਂ ਅਤੇ ਇਨ੍ਹਾਂ ਵਿੱਚੋਂ ਬਲਬੀਰ ਸਿੰਘ ਚਾਨਾ ਦੀ ਸਮੁੱਚੀ ਸਲੇਟ ਨੂੰ ਸੁਸਾਇਟੀ ਦੇ ਪ੍ਰਬੰਧ ਅਤੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੇਵਾ ਸੰਭਾਲ ਲਈ ਬਹੁਮਤ ਨਾਲ ਚੁਣਿਆ ਗਿਆ।
ਸੁਸਾਇਟੀ ਦੀ ਕਾਰਜਕਾਰੀ ਕਮੇਟੀ ਵਿੱਚ ਬਲਬੀਰ ਸਿੰਘ ਚਾਨਾ ਨੂੰ ਪ੍ਰਧਾਨ, ਦੀਪ ਸਿੰਘ ਕਲਸੀ ਸੀਨੀਅਰ ਮੀਤ ਪ੍ਰਧਾਨ, ਕਿਰਪਾਲ ਸਿੰਘ ਧਿੰਜਲ ਪ੍ਰਧਾਨ, ਚਰਨਜੀਤ ਸਿੰਘ ਮਰਵਾਹਾ ਸਕੱਤਰ, ਧਰਮ ਸਿੰਘ ਪਨੇਸਰ ਸੀਨੀਅਰ ਮੀਤ ਸਕੱਤਰ, ਹਰਜੀਤ ਸਿੰਘ ਸੇਹਰਾ ਮੀਤ ਸਕੱਤਰ, ਦਵਿੰਦਰ ਸਿੰਘ ਜੱਬਲ ਖ਼ਜ਼ਾਨਚੀ, ਮਨਜੀਤ ਸਿੰਘ ਮੁੱਧਰ ਸੀਨੀਅਰ ਮੀਤ ਖ਼ਜ਼ਾਨਚੀ, ਅਮਰੀਕ ਸਿੰਘ ਭੱਜੂ ਮੀਤ ਖ਼ਜ਼ਾਨਚੀ, ਸੁਰਿੰਦਰ ਸਿੰਘ ਜੱਬਲ ਲੋਕ ਸੰਪਰਕ ਸਕੱਤਰ ਅਤੇ ਅਮਰਜੀਤ ਸਿੰਘ ਬਰਮੀ, ਹਰਭਜਨ ਸਿੰਘ ਭੱਜੂ, ਸੁਖਵਿੰਦਰ ਸਿੰਘ ਭਾਰਜ, ਸੰਤੋਖ ਸਿੰਘ ਬਿਲਖੂ ਅਤੇ ਮਨਜੀਤ ਸਿੰਘ ਵਾਹਰਾ ਅਤੇ ਟਰੱਸਟੀ ਜਸਵੰਤ ਸਿੰਘ ਜੰਡੂ ਗੁਰਨਾਮ ਸਿੰਘ ਕਲਸੀ ਅਤੇ ਤਰਸੇਮ ਸਿੰਘ ਵਿਰਦੀ ਮੈਂਬਰ ਚੁਣੇ ਗਏ।
ਸੰਪਰਕ: +1 604 308 6663

Advertisement
Author Image

joginder kumar

View all posts

Advertisement