ਗੁਰਸ਼ਰਨ ਸਿੰਘ ਗੈਲਰੀ ਦੇਖਣ ਪੁੱਜੇ ਗੁਰਪ੍ਰੀਤ ਘੁੱਗੀ
ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 13 ਜੁਲਾਈ
ਪੰਜਾਬੀ ਫ਼ਿਲਮ ਜਗਤ ਦੇ ਦਿੱਗਜ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਸੁਚੇਤਕ ਸਕੂਲ ਆਫ਼ ਐਕਟਿੰਗ ਵਿੱਚ ਅਦਾਕਾਰੀ ਸਿੱਖ ਰਹੇ ਭਵਿੱਖ ਦੇ ਕਲਾਕਾਰਾਂ ਦੇ ਰੂਬਰੂ ਹੋਏ। ਅਨੀਤਾ ਸ਼ਬਦੀਸ਼ ਦੀ ਅਗਵਾਈ ਹੇਠ ਚੱਲ ਰਹੇ ਇਸ ਸਕੂਲ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਨਾਟਕ ‘ਘਰ ਵਾਪਸੀ’ ਵੇਖ ਕੇ ਸ੍ਰੀ ਘੁੱਗੀ ਨੇ ਕਲਾਕਾਰਾਂ ਦੀ ਅਦਾਕਾਰੀ ਨੂੰ ਸਰਾਹਿਆ। ਇਸ ਮੌਕੇ ਉਨ੍ਹਾਂ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਨੂੰ ਨੀਝ ਨਾਲ ਵੇਖਿਆ ਤੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਗੁਰਸ਼ਰਨ ਸਿੰਘ ਦੀ ਟੀਮ ਵਿੱਚ ਸ਼ਾਮਲ ਹੋ ਕੇ ਦੂਰਦਰਸ਼ਨ ਲਈ ‘ਦਾਸਤਾਨ-ਏ-ਪੰਜਾਬ’ ਸੀਰੀਅਲ ਵਿੱਚ ਨਵੇਂ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਅਦਾ ਕਰ ਰਹੇ ਸਨ। ਉਨ੍ਹਾਂ ਆਪਣੇ ਜੀਵਨ ਦੇ ਉਸ ਲੰਮੇ ਸੰਘਰਸ਼ ਬਾਰੇ ਖੁੱਲ੍ਹ ਕੇ ਚਰਚਾ ਕੀਤੀ, ਜੋ ਉਸ ਦੌਰ ਦੌਰਾਨ ਬਹੁਤ ਹੀ ਤੰਗੀਆਂ-ਤੁਰਸ਼ੀਆਂ ਵਿੱਚ ਗੁਜ਼ਰ ਰਿਹਾ ਸੀ। ਇਸ ਸਬੰਧੀ ਉਨ੍ਹਾਂ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ ਤੇ ਨਵੇਂ ਕਲਾਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼ੰਕੇ ਵੀ ਦੂਰ ਕੀਤੇ। ਅਨੀਤਾ ਸਬਦੀਸ਼ ਨੇ ਗੁਰਪ੍ਰੀਤ ਘੁੱਗੀ ਦਾ ਧੰਨਵਾਦ ਕੀਤਾ।