ਗੁਰਪਤਵੰਤ ਸਿੰਘ ਪੰਨੂ ’ਤੇ ਦਲਿਤ ਨੌਜਵਾਨ ਦੇ 15 ਹਜ਼ਾਰ ਡਾਲਰ ਠੱਗਣ ਦੇ ਦੋਸ਼
ਨਵੀਂ ਦਿੱਲੀ, 23 ਅਗਸਤ
ਅਮਰੀਕਾ ਵਿਚ ਰਹਿੰਦੇ ਇੱਕ ਸਿੱਖ ਵਿਅਕਤੀ ਨੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰੰਨੂ ’ਤੇ ਪੰਜਾਬ ਦੇ ਇੱਕ ਦਲਿਤ ਨੌਜਵਾਨ ਨਾਲ 15,000 ਡਾਲਰ ਦੀ ਠੱਗੀ ਮਾਰਨ ਦੇ ਦੋਸ਼ ਲਾਏ ਹਨ। ਸੋਸ਼ਲ ਮੀਡੀਆ ’ਤੇ ਪਾਈ ਇਸ ਵੀਡੀਓ ਵਿੱਚ ਕੈਲੀਫੋਰਨੀਆ ਦੇ ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਵਰ੍ਹੇ ਏਜੰਟ ਰਾਹੀਂ ਅਮਰੀਕਾ ਆਏ ਪੰਜਾਬ ਦੇ ਇੱਕ ਦਲਿਤ ਨੌਜਵਾਨ ਨੂੰ ਜੇਲ੍ਹ ਹੋ ਗਈ। ਊਸ ਦਾ ਕੇਸ ਲੜਨ ਲਈ ਊਨ੍ਹਾਂ ਨੇ ਪੰਨੂ ਨਾਲ ਸੰਪਰਕ ਕੀਤਾ। ਪੰਨੂ ਨੇ 15,000 ਡਾਲਰ ਮੰਗੇ ਪ੍ਰੰਤੂ ਰਕਮ ਮਿਲਣ ਮਗਰੋਂ ਪੰਨੂ ਨੇ ਨਾ ਤਾਂ ਕੇਸ ਦੀ ਪੈਰਵੀ ਕੀਤੀ ਅਤੇ ਨਾ ਹੀ ਰਕਮ ਵਾਪਸ ਕੀਤੀ। ਅਖੀਰ ਊਸ ਦਲਿਤ ਨੌਜਵਾਨ ਨੂੰ ਦਸੰਬਰ ਵਿੱਚ ਵਾਪਸ ਪੰਜਾਬ ਭੇਜ ਦਿੱਤਾ ਗਿਆ। ਊਨ੍ਹਾਂ ਦੋਸ਼ ਲਾਇਆ ਕਿ ਪੰਨੂ ਲੋਕਾਂ ਨੂੰ ਮੂਰਖ ਬਣਾ ਕੇ ਪੈਸੇ ਠੱਗ ਰਿਹਾ ਹੈ ਅਤੇ ਬਾਅਦ ਵਿੱਚ ਫੋਨ ਕਾਲ ਦਾ ਜਵਾਬ ਵੀ ਨਹੀਂ ਦਿੰਦਾ। ਊਨ੍ਹਾ ਪੰਨੂ ਨੂੰ ਧੋਖੇਬਾਜ਼ ਵਿਅਕਤੀ ਦੱਸਦਿਆਂ ਕਿਹਾ ਕਿ ਹੁਣ ਊਹ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨਾਲ ਖੇਡ ਰਿਹਾ ਹੈ। ਭੋਲੇ-ਭਾਲੇ ਨੌਜਵਾਨਾਂ ਨੂੰ ਲਾਲਚ ਦੇ ਕੇ ਖਾਲਿਸਤਾਨ ਦੇ ਝੰਡੇ ਲਹਿਰਾਊਣ ਲਈ ਆਖਦਾ ਹੈ ਅਤੇ ਬਾਅਦ ਵਿੱਚ ਕਿਸੇ ਨੂੰ ਕੋਈ ਰਕਮ ਨਹੀਂ ਭੇਜਦਾ। -ਆਈਏਐੱਨਐੱਸ