ਗੁਰਮੀਤ ਸਿੱਧੂ ਦਾ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਰਿਲੀਜ਼
ਹਰਦਮ ਮਾਨ
ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਰਿਲੀਜ਼ ਕਰਨ ਅਤੇ ਇਸ ’ਤੇ ਵਿਚਾਰ ਚਰਚਾ ਕਰਨ ਲਈ ਗਰੈਂਡ ਤਾਜ ਬੈਂਕੁਇਟ ਹਾਲ ਸਰੀ ਵਿੱਚ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅਜੈਬ ਸਿੰਘ ਸਿੱਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਪਰੰਤ ਗੋਗੀ ਬੈਂਸ ਅਤੇ ਡਾ. ਰਣਦੀਪ ਮਲਹੋਤਰਾ ਨੇ ਪੁਸਤਕ ਵਿਚਲੀਆਂ ਦੋ ਗ਼ਜ਼ਲਾਂ ਨੂੰ ਤਰੰਨੁਮ ਵਿੱਚ ਪੇਸ਼ ਕੀਤਾ।
ਸਟੇਜ ਦਾ ਸੰਚਾਲਨ ਸੰਭਾਲਦਿਆਂ ਗ਼ਜ਼ਲ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਗੁਰਮੀਤ ਸਿੰਘ ਸਿੱਧੂ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਪੁਸਤਕ ‘ਪਿੰਡ ਤੋਂ ਬ੍ਰਹਿਮੰਡ’ ਉੱਪਰ ਸ਼ਾਇਰ ਇੰਦਰਜੀਤ ਧਾਮੀ ਅਤੇ ਸ਼ਾਇਰ ਪ੍ਰੀਤ ਮਨਪ੍ਰੀਤ ਨੇ ਆਪਣੇ ਪਰਚੇ ਪੜ੍ਹੇ। ਇੰਦਰਜੀਤ ਧਾਮੀ ਨੇ ਆਪਣੀ ਖ਼ੂਬਸੂਰਤ ਕਾਵਿਕ ਸ਼ੈਲੀ ਵਿੱਚ ਪਰਚਾ ਪੜ੍ਹਦਿਆਂ ਕਿਹਾ ਕਿ ਗੁਰਮੀਤ ਸਿੱਧੂ ਦੀਆਂ ਗ਼ਜ਼ਲਾਂ ਹੀਰਿਆਂ ਦੇ ਫਰਸ਼ ’ਤੇ ਬਹਿ ਕੇ ਮੋਹ ਭਿੱਜੇ ਸ਼ਬਦਾਂ ਦਾ ਮਹਿਮਾ ਗਾਨ ਹੈ। ਪੁਸਤਕ ਵਿੱਚ ਸ਼ਾਇਰ ਦੀ ਸਰੀਰਕ ਤੇ ਆਤਮਿਕ ਸੂਖ਼ਮਤਾ ਨਜ਼ਰ ਆਉਂਦੀ ਹੈ। ਇਹ ਸ਼ਾਇਰੀ ਚਿੰਤਨ ਅਵਸਥਾ ਵਿੱਚ ਉਜਾਲੇ ਵੱਲ ਨੂੰ ਇਸ਼ਾਰੇ ਕਰਦੀ ਸ਼ਾਇਰੀ ਹੈ।
ਪ੍ਰੀਤ ਮਨਪ੍ਰੀਤ ਨੇ ਆਪਣੇ ਪਰਚੇ ਰਾਹੀਂ ਕਿਹਾ ਕਿ ਗੁਰਮੀਤ ਸਿੱਧੂ ਗਜ਼ਲ ਮੰਚ ਸਰੀ ਦਾ ਮਾਣਮੱਤਾ, ਸੰਵੇਦਨਸ਼ੀਲ ਤੇ ਊਰਜਾ ਭਰਪੂਰ ਸ਼ਾਇਰ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਸਾਹਿਤ ਦੇ ਪਿੜ ਵਿੱਚ ਸ਼ਬਦ ਸਾਧਨਾਂ ਨਾਲ ਜੁੜਿਆ ਹੋਇਆ ਹੈ। ਇਹ ਕਿਤਾਬ ਪੜ੍ਹਦਿਆਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੁਰਮੀਤ ਸਿੱਧੂ ਨੇ ਅਧਿਆਤਮ ਤੇ ਖ਼ਾਸ ਕਰਕੇ ਗੁਰਬਾਣੀ ਦਾ ਗਹਿਰਾ ਅਧਿਐਨ ਕੀਤਾ ਹੈ। ਉਸ ਦੀਆਂ ਗ਼ਜ਼ਲਾਂ ਵਿਚਲੇ ਬਹੁਯਾਮੀ ਵਿਸ਼ੇ, ਭਾਸ਼ਾ ਅਤੇ ਖ਼ਿਆਲਾਂ ਦੀ ਪਰਿਪੱਕਤਾ ਇਸ ਪੁਸਤਕ ਦੇ ਨਾਂ ‘ਪਿੰਡ ਤੋਂ ਬ੍ਰਹਿਮੰਡ’ ਨੂੰ ਸਾਰਥਿਕ ਤੇ ਢੁੱਕਵਾਂ ਸਿੱਧ ਕਰਦੇ ਹਨ। ਇਨ੍ਹਾਂ ਗ਼ਜ਼ਲਾਂ ਦਾ ਕਾਵਿ ਮੁਹਾਂਦਰਾ ਪੇਂਡੂ ਸੱਭਿਆਚਾਰ ਦੇ ਬਹੁਤ ਨੇੜੇ ਹੈ। ਠੇਠ ਪੰਜਾਬੀ ਸ਼ਬਦਾਂ ਦੀ ਵਰਤੋਂ ਗ਼ਜ਼ਲ ਦੇ ਸ਼ਿਅਰਾਂ ਵਿੱਚ ਹੁਸਨ ਪੈਦਾ ਕਰਦੀ ਹੈ। ਇਹ ਗ਼ਜ਼ਲਾਂ ਪਾਠਕਾਂ ਦੇ ਅੰਤਰਮਨ ਨਾਲ ਸਾਂਝ ਪਾ ਕੇ ਆਪਣੇ ਨਾਲ ਤੋਰਨ ਦੀ ਸਮਰੱਥਾ ਰੱਖਦੀਆਂ ਹਨ।
ਪਰਿਚਆਂ ਤੋਂ ਬਾਅਦ ਗ਼ਜ਼ਲ ਮੰਚ ਦੇ ਮੈਂਬਰਾਂ, ਮਹਿਮਾਨ ਲੇਖਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੁਸਤਕ ‘ਪਿੰਡ ਤੋਂ ਬ੍ਰਹਿਮੰਡ’ ਰਿਲੀਜ਼ ਕੀਤੀ ਗਈ। ਇਸ ਰਸਮ ਵਿੱਚ ਇੱਕ ਸਦੀ ਜੀਵਨ ਬਤੀਤ ਕਰਨ ਵਾਲੇ ਗੁਰਮੀਤ ਸਿੱਧੂ ਦੇ ਪਿਤਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਪਰੰਤ ਰਾਜਵੰਤ ਰਾਜ ਨੇ ਪੁਸਤਕ ਵਿਚਲੇ ਦਰਸ਼ਨ ਦੀ ਗੱਲ ਕੀਤੀ। ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਪ੍ਰਿਥੀਪਾਲ ਸਿੰਘ ਸੋਹੀ, ਮੋਹਨ ਗਿੱਲ, ਮੇਜਰ ਸਿੰਘ ਰੰਧਾਵਾ, ਬਲਦੇਵ ਸਿੰਘ ਬਾਠ, ਬਖਸ਼ਿੰਦਰ, ਭੁਪਿੰਦਰ ਸਿੰਘ ਮੱਲ੍ਹੀ, ਅਸ਼ੋਕ ਭਾਰਗਵ, ਕ੍ਰਿਸ਼ਨ ਬੈਕਟਰ, ਕ੍ਰਿਸ਼ਨ ਭਨੋਟ, ਕਵਿੰਦਰ ਚਾਂਦ, ਅਮਰੀਕ ਪਲਾਹੀ, ਪਰਮਿੰਦਰ ਸਵੈਚ ਅਤੇ ਅੰਮ੍ਰਿਤ ਦੀਵਾਨਾ ਨੇ ਵੀ ਪੁਸਤਕ ਉੱਪਰ ਆਪਣੇ ਵਿਚਾਰ ਪੇਸ਼ ਕੀਤੇ।
ਅੰਤ ਵਿੱਚ ਗੁਰਮੀਤ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਵੱਲੋਂ ਮਿਲੇ ਸਹਿਯੋਗ ਦੀ ਪ੍ਰਸੰਸਾ ਕੀਤੀ। ਪੁਸਤਕ ਵਿੱਚੋਂ ਕੁਝ ਗ਼ਜ਼ਲਾਂ ਦੇ ਚੋਣਵੇਂ ਸ਼ਿਅਰ ਸਰੋਤਿਆਂ ਦੀ ਨਜ਼ਰ ਕੀਤੇ ਅਤੇ ਸਮਾਗਮ ਵਿੱਚ ਹਾਜ਼ਰ ਸਭਨਾਂ ਮਹਿਮਾਨਾਂ, ਸਾਹਿਤਕਾਰਾਂ, ਸਹਿਯੋਗੀਆਂ ਅਤੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ।
ਸੰਪਰਕ: +1 604 308 6663