ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੇ ਹਲਕੇ ’ਚ ਵੀ ਹਾਰ ਗਏੇ ਗੁਰਮੀਤ ਖੁੱਡੀਆਂ
ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 6 ਜੂਨ
ਲੋਕ ਸਭਾ ਚੋਣਾਂ ਦੌਰਾਨ ਹਰ ਪਾਰਟੀ ਦੇ ਲੀਡਰਾਂ ਨੂੰ ਆਮ ਲੋਕਾਂ ਨੇ ਔਕਾਤ ਦਿਖਾ ਦਿੱਤੀ ਹੈ। ਬੁਢਲਾਡਾ ਹਲਕੇ ’ਚ ਸਭ ਤੋਂ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਬੁੱਧ ਰਾਮ ਨੂੰ ਲੱਗਿਆ ਹੈ ਜਿੱਥੇ ਪਾਰਟੀ ਦਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਸੱਤ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 2022 ਦੀ ਵਿਧਾਨ ਸਭਾ ਚੋਣ ਮੁਕਾਬਲੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਬੈਂਕ 48,243 ਤੱਕ ਘਟ ਗਿਆ ਹੈ। 2022 ਦੀ ਵਿਧਾਨ ਸਭਾ ਚੋਣ ਮੌਕੇ ਜੇਤੂ ਵਿਧਾਇਕ ਬੁੱਧ ਰਾਮ ਨੂੰ 88,282 ਵੋਟਾਂ ਮਿਲੀਆਂ ਸਨ ਜੋ ਕੁੱਲ ਪੋਲ ਵੋਟਾਂ ਦਾ 55 ਫੀਸਦੀ ਬਣਦਾ ਹੈ। ਲੋਕ ਸਭਾ ਚੋਣ ਦੌਰਾਨ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ 40,039 ਵੋਟਾਂ ਹੀ ਮਿਲੀਆਂ ਜਦੋਂਕਿ ਜੇਤੂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ 47,223 ਵੋਟਾਂ ਮਿਲੀਆਂ ਹਨ। ਸ਼ਹਿਰੀ ਵੋਟਰਾਂ ਨੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਬੁਢਲਾਡਾ ਸ਼ਹਿਰ ਦੇ 33 ਬੂਥਾਂ ਵਿੱਚੋਂ 26, ਬਰੇਟਾ ਸ਼ਹਿਰ ਦੇ 16 ਬੂਥਾਂ ਵਿੱਚੋਂ 15 ਅਤੇ ਬੋਹਾ ਮੰਡੀ ਦੇ ਸਾਰੇ 10 ਬੂਥਾਂ ਉੱਤੇ ਆਪ ਦੇ ਉਮੀਦਵਾਰ ਖੁੱਡੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੇਂਡੂ ਖੇਤਰ ਅੰਦਰ ਵੀ ਹਰਸਿਮਰਤ ਕੌਰ ਬਾਦਲ ਨੇ ਖੁੱਡੀਆਂ ਨੂੰ ਉਨ੍ਹਾਂ ਬਹੁਗਿਣਤੀ ਪਿੰਡਾਂ ਵਿੱਚ ਬੁਰੀ ਤਰ੍ਹਾਂ ਹਰਾਇਆ ਜਿੱਥੇ 2022 ਦੀ ਚੋਣ ਮੌਕੇ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਹਾਸਲ ਕੀਤੀ ਸੀ। ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੱਧੂ ਨੂੰ ਪਿੰਡਾਂ ਦੇ 99 ਫੀਸਦੀ ਬੂਥਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।