ਦੇਵੀਗੜ੍ਹ: ਪਿੰਡ ਸ਼ੇਖਪੁਰ ਜਗੀਰ ਵਿੱਚ ਸਰਪੰਚ ਗੁਰਮੀਤ ਸਿੰਘ ਵਿਰਕ ਨੇ ਆਪਣੇ ਖੇਤਾਂ ਵਿੱਚ ਰਵਾਇਤੀ ਝੋਨੇ ਦੀ ਬਿਜਾਈ ਛੱਡ ਕੇ ਸਿੱਧੀ ਝੋਨੇ ਦੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾਦਾਇਕ ਕੰਮ ਕੀਤਾ ਹੈ। ਸਰਪੰਚ ਗੁਰਮੀਤ ਸਿੰਘ ਵਿਰਕ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ, ਪਾਣੀ ਦੀ ਖਪਤ ਨੂੰ ਘੱਟ ਕਰਨ ਲਈ ਝੋਨੇ ਦੀ ਫਸਲ ਨੂੰ ਸਿੱਧੀ ਬਿਜਾਈ ਨਾਲ ਲਾਉਣਾ ਇਕ ਸਰਲ ਅਤੇ ਵਧੀਆ ਢੰਗ ਹੈ ਕਿਉਂਕਿ ਇਕ ਤਾਂ ਇਸ ਨਾਲ ਪਾਣੀ ਦੀ ਬਰਬਾਦੀ ਘੱਟ ਹੁੰਦੀ ਹੈ ਅਤੇ ਦੂਜਾ ਇਸ ਨੂੰ ਬੀਜਣ ’ਤੇ ਖਰਚਾ ਘੱਟ ਆਉਂਦਾ ਹੈ ਅਤੇ ਲੇਬਰ ਦੀ ਵੀ ਬਹੁਤ ਘੱਟ ਲੋੜ ਪੈਂਦੀ ਹੈ। ਇਸ ਮੌਕੇ ਉਨ੍ਹਾਂ 12 ਏਕੜ ਵਿੱਚ ਸਿੱਧੀ ਝੋਨੇ ਦੀ ਬਿਜਾਈ ਕੀਤੀ। ਇਸ ਤੋਂ ਇਲਾਵਾ ਪੰਚਾਇਤ ਮੈਂਬਰ ਗੱਜਣ ਸਿੰਘ ਨੇ 4 ਏਕੜ, ਗੁਰਦੇਵ ਸਿੰਘ ਨੇ 8 ਏਕੜ ਤੋਂ ਇਲਾਵਾ ਹੋਰ ਵੀ ਪਿੰਡ ਵਾਸੀਆਂ ਨੇ ਸਿੱਧੀ ਬਿਜਾਈ ਕੀਤੀ ਹੈ। -ਪੱਤਰ ਪ੍ਰੇਰਕ