ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਪੱਤਰ ਪ੍ਰੇਰਕ
ਚੇਤਨਪੁਰਾ, 3 ਨਵੰਬਰ
ਪਿੰਡ ਦਬੁਰਜੀ ’ਚ ਸਥਿਤ ਗੁਰਦੁਆਰਾ ਨਾਨਕ ਨਾਮ ਜਹਾਜ਼ ਹੈ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਿਆਰਵਾਂ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਕਥਾਵਾਚਕ ਭਾਈ ਮਨਦੀਪ ਸਿੰਘ ਝੰਡੇਰ, ਅੰਤਰਰਾਸ਼ਟਰੀ ਕਵੀਸ਼ਰ ਜਥਾ ਭਾਈ ਸੁਲੱਖਣ ਸਿੰਘ ਰਿਆੜ, ਬਾਬਾ ਤਰਨਜੀਤ ਸਿੰਘ ਨਿੱਕੇ ਘੁੰਮਣ, ਢਾਡੀ ਜਥਾ ਭਾਈ ਮੇਜਰ ਸਿੰਘ ਸੁਲਤਾਨਪੁਰ ਲੋਧੀ ਵਾਲੇ, ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ, ਭਾਈ ਨਿਸ਼ਾਨ ਸਿੰਘ ਸ਼ਾਹਕੋਟ ਆਦਿ ਤੋਂ ਇਲਾਵਾ ਹੋਰ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਰੱਬੀ ਬਾਣੀ ਦੇ ਇਲਾਹੀ ਕੀਰਤਨ ਨਾਲ ਨਿਹਾਲ ਕਰਦਿਆਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ’ਤੇ ਸੱਚ ਦਾ ਸੰਦੇਸ਼ ਦਿੱਤਾ ਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਇਨਸਾਨ ਵੱਲੋਂ ਆਪਣਾ ਜੀਵਨ ਸਫ਼ਲ ਕੀਤਾ ਜਾ ਸਕਦਾ ਹੈ। ਇਸ ਮੌਕੇ ਬਾਬਾ ਪ੍ਰਭਜੀਤ ਸਿੰਘ ਕੰਦੋਵਾਲੀ, ਪੀਏ ਗਗਨਦੀਪ ਸਿੰਘ ਭਕਨਾ, ਮੈਨੇਜਰ ਪ੍ਰਗਟ ਸਿੰਘ ਤੇੜਾ, ਮੈਨੇਜਰ ਜਗਜੀਤ ਸਿੰਘ ਵਰਨਾਲੀ, ਇੰਦਰਜੀਤ ਸਿੰਘ ਬੰਬ ਜਗਦੇਵ ਕਲਾਂ, ਪ੍ਰਧਾਨ ਤਰਸੇਮ ਸਿੰਘ, ਬਲਜੀਤ ਸਿੰਘ, ਗੁਰਮੁੱਖ ਸਿੰਘ ਭੱਟੀ, ਡਾ. ਇਕਬਾਲ ਸਿੰਘ ਬੱਬਾ, ਤਲਵਿੰਦਰ ਸਿੰਘ ਸਰਕਾਰੀਆ, ਸਟੇਜ ਸੈਕਟਰੀ ਮਨਿੰਦਰ ਸਿੰਘ ਦਬੁਰਜੀ, ਨੰਬਰਦਾਰ ਰਜਿੰਦਰ ਸਿੰਘ, ਸਤਪਾਲ ਸਿੰਘ ਗੋਲਡੀ ਤੇ ਅਜੀਤ ਸਿੰਘ ਘੁੱਕੇਵਾਲੀ ਆਦਿ ਤੋਂ ਸੰਗਤਾਂ ਹਾਜ਼ਰ ਸਨ।