ਰਾਮਗੜ੍ਹੀਆ ਭਵਨ ਵਿੱਚ ਗੁਰਮਤਿ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਖੰਨਾ, 30 ਸਤੰਬਰ
ਇਥੋਂ ਦੇ ਰਾਮਗੜ੍ਹੀਆ ਭਵਨ ਭੱਟੀਆ ਵਿੱਚ ਅੱਜ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਿਤਨੇਮ ਦੀਆਂ ਬਾਣੀਆਂ, ਸੁਖਮਨੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਸੰਗਤ ਰੂਪ ਵਿੱਚ ਕੀਤੇ ਗਏ ਉਪਰੰਤ ਭਾਈ ਗੁਰਭੇਜ ਸਿੰਘ ਤੇ ਭਾਈ ਕਰਨੈਲ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਉਨ੍ਹਾਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਭਾਈ ਲਾਲੋ ਜੀ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਤੇ ਗੁਰੂ ਨਾਨਕ ਦੇਵ ਦਾ ਜੋਤੀ ਜੋਤ ਦਿਵਸ ਵੀ ਮਨਾਇਆ ਗਿਆ। ਇਸ ਮੌਕੇ ਅਮਰਜੀਤ ਸਿੰਘ ਘਟੌੜਾ ਨੇ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਆ।
ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਤੇ ਭੁਪਿੰਦਰ ਸਿੰਘ ਸੌਂਦ ਨੇ ਕਿਹਾ ਕਿ ਰਾਮਗੜ੍ਹੀਆ ਸਭਾ ਵੱਲੋਂ ਸਮੇਂ ਸਮੇਂ ’ਤੇ ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਸਖਸ਼ੀਅਤਾਂ ਨੂੰ ਸਨਮਾਨਿਆ ਗਿਆ ਤੇ ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ਭਵਨ ਸਥਿਤ ਕਮਿਊਨਿਟੀ ਸੈਂਟਰ ਵਿੱਚ ਕਾਰਜ ਕਰਵਾਏ ਜਾਂਦੇ ਹਨ। ਅੰਤ ਵਿੱਚ ਲੰਗਰ ਵਰਤਾਇਆ ਗਿਆ। ਇਸ ਮੌਕੇ ਭੁਪਿੰਦਰ ਸਿੰਘ, ਚਰਨਜੀਤ ਸਿੰਘ ਪਨੇਸਰ, ਪਰਮਜੀਤ ਸਿੰਘ ਪੰਮੀ, ਜਸਵੀਰ ਸਿੰਘ ਤੇ ਵਰਿੰਦਰ ਸਿੰਘ ਦਹੇਲੇ ਹਾਜ਼ਰ ਸਨ।