ਅਕਾਲ ਅਕੈਡਮੀ ਰਸੂਲਪੁਰ ਬੇਟ ’ਚ ਗੁਰਮਤਿ ਸਮਾਗਮ
ਪੱਤਰ ਪ੍ਰੇਰਕ
ਧਾਰੀਵਾਲ, 1 ਫਰਵਰੀ
ਬੜੂ ਸਾਹਿਬ ਟਰੱਸਟ ਅਧੀਨ ਚੱਲ ਰਹੀ ਅਕਾਲ ਅਕੈਡਮੀ ਰਸੂਲਪੁਰ ਬੇਟ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਵਾਇਆ ਗਿਆ। ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 1000 ਤੋਂ ਵੱਧ ਜਪੁਜੀ ਸਾਹਿਬ, ਸੁਖਮਨੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕੀਤੇ ਗਏ। ਪ੍ਰਕਾਸ਼ ਸਬੰਧੀ ਅਕੈਡਮੀ ਵਿੱਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸਬਦ ਕੀਰਤਨ, ਕਵਿਤਾਵਾਂ, ਕਵੀਸ਼ਰੀਆਂ ਅਤੇ ਵਾਰਾਂ ਰਾਹੀਂ ਸਮਾਗਮ ਵਿੱਚ ਆਈ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਮੈਗਾ ਕਲੱਸਟ ਹੈੱਡ (ਐੱਮਸੀਐੱਚ) ਹਰਜੀਤ ਸਿੰਘ ਤੇ ਅਕਾਲੀ ਅਕੈਡਮੀ ਤਿੱਬੜ ਦੀ ਪ੍ਰਿੰਸੀਪਲ ਗੁਰਵਿੰਦਰ ਕੌਰ ਸਮੇਤ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਅਕੈਡਮੀ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਦੌਰਾਨ ਅਹਿਮ ਸਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੀ ਸਮਾਪਤੀ ਵਿਦਿਆਰਥੀਆਂ ਵੱਲੋਂ ਖਾਲਸਾਈ ਫੌਜ ਦੇ ਜਾਹੋ-ਜਲਾਲ ਨੂੰ ਦਰਸਾਉਂਦੇ ਗਤਕੇ ਦੇ ਪ੍ਰਦਰਸ਼ਨ ਨਾਲ ਹੋਈ।