ਸੰਤ ਅਤਰ ਸਿੰਘ ਦੀ ਯਾਦ ’ਚ ਗੁਰਮਤਿ ਸਮਾਗਮ
ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 4 ਫਰਵਰੀ
ਗੁਰਦੁਆਰਾ ਮਾਤਾ ਭੋਲੀ ਜੀ ਮਸਤੂਆਣਾ ਸਾਹਿਬ ਵਿੱਚ ਸੰਤ ਅਤਰ ਸਿੰਘ ਦੀ ਯਾਦ ਨੂੰ ਸਮਰਪਿਤ ਗਿਆਰਾਂ ਰੋਜ਼ਾ ਗੁਰਮਤਿ ਸਮਾਗਮ ਬਾਬਾ ਹਰਬੇਅੰਤ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਬਾਬਾ ਕਸ਼ਮੀਰਾ ਸਿੰਘ ਅਲਹੌਰਾਂ ਵਾਲੇ, ਬਾਬਾ ਅਵਤਾਰ ਸਿੰਘ ਧੂਰਕੋਟ ਵਾਲੇ, ਬਾਬਾ ਇੰਦਰਜੀਤ ਸਿੰਘ ਰਤੀਏ ਵਾਲੇ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ ਤੇ ਬਾਬਾ ਸੱਤਪਾਲ ਸਿੰਘ ਭੂਰੇ ਵਾਲੇ ਆਦਿ ਨੇ ਦੀਵਾਨ ਸਜਾਏ ਅਤੇ ਸੰਤ ਬਾਬਾ ਅਤਰ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ।
ਬਰਸੀ ਸਮਾਗਮ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਸੰਤ ਬਾਬਾ ਅਤਰ ਸਿੰਘ ਦੀ ਬਰਸੀ ਸਮਾਗਮ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ-ਬਰਨਾਲਾ ਜ਼ੋਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਕੋਆਰਡੀਨੇਟਰ ਗੁਰਮੀਤ ਸਿੰਘ ਬਰਨਾਲਾ, ਅਵਤਾਰ ਸਿੰਘ ਲੀਲਾ ਪ੍ਰਧਾਨ ਬਰਨਾਲਾ, ਲਾਭ ਸਿੰਘ, ਗੁਰਮੇਲ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਆਗੂਆਂ ਦੀ ਦੇਖ ਰੇਖ ਹੇਠ ਲਗਾਇਆ ਗਿਆ। ਰਘੂਨਾਥ ਹਸਪਤਾਲ ਲੁਧਿਆਣਾ ਅਤੇ ਮਿੱਤਲ ਹੈਲਥ ਕੇਅਰ ਬਲੱਡ ਸੈਂਟਰ ਹਸਪਤਾਲ ਸੰਗਰੂਰ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ 100 ਯੂਨਿਟ ਖੂਨ ਇਕੱਤਰ ਕੀਤਾ ਗਿਆ।