ਗੁਰਜੀਤ ਸਿੰਘ ਵੱਲੋਂ ਖੁਦ ਨੂੰ ਗੋਲੀ ਮਾਰਨ ਦਾ ਫ਼ੈਸਲਾ ਮੁਲਤਵੀ
ਸੁਭਾਸ਼ ਚੰਦਰ
ਸਮਾਣਾ, 5 ਨਵੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਕਾਰਨ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲੈ ਕੇ ਭਾਰਤੀ ਸੰਚਾਰ ਨਿਗਮ ਸਮਾਣਾ ਦੇ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਸਾਬਕਾ ਫੌਜੀ ਗੁਰਜੀਤ ਸਿੰਘ ਨੇ ਪੰਜ ਪਿਆਰਿਆਂ ਦੇ ਹੁਕਮ ਤੋਂ ਬਾਅਦ 6 ਨਵੰਬਰ ਨੂੰ ਖੁਦ ਨੂੰ ਗੋਲੀ ਮਾਰਨ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ, ਜਿਸ ਨੂੰ ਭਾਰੀ ਗਿਣਤੀ ਵਿਚ ਸੰਗਤਾਂ ਨੇ ਜੈਕਾਰਿਆਂ ਨਾਲ ਪ੍ਰਵਾਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪਾਰਕ ਵਿਚ ਚੱਲ ਰਹੇ ਮੋਰਚੇ ਵਿਚ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਸਣੇ ਵੱਖ-ਵੱਖ ਬੁਲਾਰਿਆਂ ਨੇ ਗੁਰਜੀਤ ਸਿੰਘ ਖੇੜੀ ਨਗ੍ਹਾਈਆਂ ਨੂੰ ਬੇਨਤੀ ਕੀਤੀ ਕਿ ਉਹ ਮੰਗ ਨਾ ਮੰਨਣ ਕਰਕੇ 6 ਨਵੰਬਰ ਨੂੰ ਖ਼ੁਦ ਨੂੰ ਗੋਲੀ ਮਾਰਨ ਦਾ ਫ਼ੈਸਲਾ ਮੁਲਤਵੀ ਕਰ ਦੇਣ ਕਿਉਂਕਿ ਕੇਂਦਰ ਸਰਕਾਰ ਦੇ ਅੱਗੇ ਇਸ ਕਾਨੂੰਨ ਦੀ ਪੈਰਵੀ ਕੀਤੀ ਜਾ ਰਹੀ ਹੈ। ਸਰਬਜੀਤ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਹੀ ਆਉਣਾ ਚਾਹੁੰਦੇ ਸਨ ਪਰ ਦੇਰੀ ਹੋਣ ਦੀ ਉਹ ਮੁਆਫ਼ੀ ਮੰਗਦੇ ਹਨ। ਅੱਜ ਦੇ ਸਮਾਗਮ ਵਿਚ ਵੱਖ-ਵੱਖ ਜੱਥੇਬੰਦੀਆਂ ਸਮੇਤ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ।
ਉਪ-ਕਪਤਾਨ ਪੁਲੀਸ ਸਮਾਣਾ ਗੁਰਇਕਬਾਲ ਸਿੰਘ ਸਿਕੰਦ ਸਮੇਤ ਭਾਰੀ ਗਿਣਤੀ ਪੁਲੀਸ ਅਧਿਕਾਰੀ ਅਤੇ ਨੌਜਵਾਨ ਤਾਇਨਾਤ ਕੀਤੇ ਹੋਏ ਸਨ। ਸਮਾਗਮ ਵਿਚ ਰਾਜਿੰਦਰ ਸਿੰਘ ਫ਼ਤਹਿਗੜ੍ਹ ਛੰਨਾ, ਸਰੂਪ ਸਿੰਘ ਸੰਧਾ, ਬਗੀਚਾ ਸਿੰਘ ਅਤੇ ਤਲਵਿੰਦਰ ਸਿੰਘ ਔਲਖ ਨੇ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਬਹੁਗਿਣਤੀਆਂ ਨਾਲ ਚੱਲ ਰਹੀਆਂ ਹਨ ਅਤੇ ਘੱਟ ਗਿਣਤੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਬਾਅਦ ਦੁਪਹਿਰ ਤੱਕ ਜਦੋਂ ਟਾਵਰ ’ਤੇ ਚੜ੍ਹੇ ਗੁਰਜੀਤ ਸਿੰਘ ਆਪਣੇ ਫ਼ੈਸਲੇ ’ਤੇ ਅੜ੍ਹੇ ਰਹੇ ਤਾਂ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਬਾ ਸੁਖਦੇਵ ਸਿੰਘ, ਬਾਬਾ ਨਾਮਦੇਵ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਬੂਟਾ ਸਿੰਘ ਅਤੇ ਬਾਬਾ ਲਖਵੀਰ ਸਿੰਘ ਨੇ ਗੁਰਜੀਤ ਸਿੰਘ ਨੂੰ ਖ਼ੁਦ ਨੂੰ ਗੋਲੀ ਮਾਰਨ ਦਾ ਫ਼ੈਸਲਾ ਮੁਲਤਵੀ ਕਰਨ ਦਾ ਹੁਕਮ ਕੀਤਾ ਜਿਸ ਨੂੰ ਗੁਰਜੀਤ ਸਿੰਘ ਨੇ ਟਾਵਰ ਤੋਂ ਹੀ ਜੈਕਾਰਾ ਗਜਾ ਕੇ ਪ੍ਰਵਾਨ ਕਰ ਲਿਆ। ਉਨ੍ਹਾਂ ਆਖਿਆ ਕਿ ਮੰਗ ਮੰਨੇ ਜਾਣ ਤੱਕ ਉਹ ਟਾਵਰ ’ਤੇ ਹੀ ਰਹਿਣਗੇ।