ਢੋਲ ਦੀ ਥਾਪ ਨਾਲ ਜਗੇੜੇ ਤੋਂ ਵਜੀਦਗੜ੍ਹ ਰੋਹਣੋਂ ਵੋਟ ਪਾਉਣ ਪੁੱਜਿਆ ਗੁਰਜੰਟ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 15 ਅਕਤੂਬਰ
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਗੇੜਾ ਦਾ ਵਸਨੀਕ ਗੁਰਜੰਟ ਸਿੰਘ ਜੰਟਾ ਦਾੜ੍ਹੀ ਵਾਲਾ ਜਦੋਂ ਆਪਣੇ ਪਰਿਵਾਰ ਸਮੇਤ ਢੋਲ੍ਹ ਢਮੱਕੇ ਨਾਲ ਵੀਹ ਕਿਲੋਮੀਟਰ ਦੂਰ ਸਥਿਤ ਆਪਣੇ ਜੱਦੀ ਪਿੰਡ ਵਜੀਦਗੜ੍ਹ ਰੋਹਣੋਂ ਜਾ ਕੇ ਵੋਟ ਪਾਉਣ ਲਈ ਕੂਚ ਕਰਨ ਲੱਗਿਆ ਤਾਂ ਲੋਕੀਂ ਖੜ੍ਹ-ਖੜ੍ਹ ਕੇ ਉਨ੍ਹਾਂ ਨੂੁੰ ਤੱਕਣ ਲੱਗੇ। ਦਰਅਸਲ, ਜਗੇੜਾ ਪੁਲ ਕੋਲ ਹੀ ਖੇਤਾਂ ਵਿੱਚ ਆਪਣੀ ਛੋਟੀ ਜਿਹੀ ਦਾੜ੍ਹੀ ਮੁੱਛਾਂ ਦੇ ਕੁੰਡਲ ਪਾਉਣ ਵਾਲੀ ਦੁਕਾਨ ਨਾਲ ਨੌਜਵਾਨਾਂ ਵਿੱਚ ਹਰਮਨ ਪਿਆਰਾ ਹੋਇਆ ਹੋਇਆ ਜੰਟਾ ਜਦੋਂ ਆਪਣੇ ਪਿੰਡ ਦੇ ਪੋਲਿੰਗ ਬੂਥ ’ਤੇ ਪਹੁੰਚਿਆ ਤਾਂ ਪਿੰਡ ਵਾਸੀਆਂ ਵੱਲੋਂ ਉਸਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਵੇਂ ਉਸਦੇ ਪਰਿਵਾਰ ਨੇ ਵੋਟ ਪਾਉਣ ਤੋਂ ਬਾਅਦ ਇਹ ਐਲਾਨ ਕੀਤਾ ਸੀ ਕਿ ਉਹ ਆਖਰੀ ਵਾਰ ਆਪਣੇ ਜੱਦੀ ਪਿੰਡ ਵੋਟ ਪਾਉਣ ਆਏ ਹਨ। ਜੰਟੇ ਨੇ ਦੱਸਿਆ ਕਿ ਹੁਣ ਉਹ ਪੱਕੇ ਤੌਰ ’ਤੇ ਜਗੇੜਾ ਰਹਿਣ ਲੱਗ ਗਿਆ ਹੈ, ਇਸ ਲਈ ਹੁਣ ਆਪਣੀ ਵੋਟ ਵਜੀਦਗੜ੍ਹ ਰੋਹਣੋਂ ਤੋਂ ਕਟਵਾ ਲਵੇਗਾ। ਉਸ ਨੇ ਦਾਅਵਾ ਕੀਤਾ ਕਿ ਉਹ ਕਿਸੇ ਪਾਰਟੀ ਵਿਸ਼ੇਸ਼ ਨਾਲ ਸਬੰਧਤ ਨਹੀਂ ਹੈ ਪਰ ਲੋਕਤੰਤਰ ਵਿੱਚ ਵੋਟ ਦੇ ਹੱਕ ਦੀ ਅਹਿਮੀਅਤ ਨੂੰ ਪ੍ਰਗਟ ਕਰਨ ਲਈ ਢੋਲ ਦੀ ਥਾਪ ਨਾਲ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਵੋਟ ਪਾਉਣ ਆਇਆ ਹੈ। ਉਸ ਦੇ ਪਰਿਵਾਰ ਦੇ ਮੈਂਬਰ ਵੀ ਅਨੋਖੇ ਢੰਗ ਨਾਲ ਵੋਟਾਂ ਪਾਉਣ ਦੇ ਬਹਾਨੇ ਆਪਣੇ ਜੱਦੀ ਪਿੰਡ ਆਉਣ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਸਨ।