ਗੁਰਦੁਆਰਾ ਸ੍ਰੀ ਦੂਖਨਿਵਾਰਨ ਵਿੱਚ ਬੂਟੇ ਲਾਉਣ ਦੀ ਮੁਹਿੰਮ ਆਰੰਭੀ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 28 ਜੁਲਾਈ
ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਗੁਰਧਾਮਾਂ ਨੂੰ ਹਰਿਆ ਭਰਿਆ ਮਨਾਉਣ ਦੇ ਮੰਤਵ ਨਾਲ ਬੂਟੇ ਲਾਉਣ ਦੀ ਮੁਹਿੰਮ ਤਹਿਤ ਅੱਜ ਇਸਤਰੀ ਅਕਾਲੀ ਦਲ ਦਿਹਾਤੀ ਵੱਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪਾਰਕਾਂ ’ਚ ਬੂਟੇ ਲਾਉਣ ਦੀ ਮੁਹਿੰਮ ਆਰੰਭੀ। ਇਸ ਮੌਕੇ ਇਸਤਰੀ ਅਕਾਲੀ ਦਲ ਨੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਹੈੱਡ ਗ੍ਰੰਥੀ ਭਾਈ ਪ੍ਰਨਾਮ ਅਤੇ ਮੈਨੇਜਰ ਕਰਨੈਲ ਸਿੰਘ ਨਾਭਾ ਤੋਂ ਬੂਟੇ ਲਗਾ ਕੇ ਕੀਤੀ। ਇਸ ਮੌਕੇ ਬੀਬੀ ਗੁਰਸ਼ਰਨ ਕੌਰ ਕੋਹਲੀ, ਬੀਬੀ ਸਵਰਨ ਲਤਾ, ਬੀਬੀ ਹਰਭਜਨ ਕੌਰ, ਬੀਬੀ ਦਵਿੰਦਰ ਕੌਰ, ਬੀਬੀ ਹਰਿੰਦਰ ਕੌਰ, ਬੀਬੀ ਰੀਤੂ ਨੇ ਕਿਹਾ ਕਿ ਇਸਤਰੀ ਅਕਾਲੀ ਦਲ ਦਿਹਾਤੀ ਦੀ ਪ੍ਰਧਾਨ ਬਲਵਿੰਦਰ ਕੌਰ ਚੀਮਾ ਦੀ ਪ੍ਰੇਰਨਾ ਸਦਕਾ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਜ਼ਿਲ੍ਹੇ ਦੇ ਇਤਿਹਾਸਕ ਗੁਰਧਾਮਾਂ ਵਿੱਚ ਬੂਟੇ ਲਗਾਏ ਜਾਣਗੇ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਅਮਰਪਾਲ ਸਿੰਘ, ਗੁਰਦੀਪ ਸਿੰਘ, ਆਤਮ ਪ੍ਰਕਾਸ਼ ਸਿੰਘ, ਗੁਰਵਿੰਦਰ ਸਿੰਘ ਹਾਜ਼ਰ ਸਨ।
ਬਸੰਤ ਰਿਤੂ ਕਲੱਬ ਨੇ ਵਣ ਮਹਾਉਤਸਵ ਮਨਾਇਆ
ਪਟਿਆਲਾ (ਪੱਤਰ ਪ੍ਰੇਰਕ ): ਬਸੰਤ ਰਿੱਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਅਤੇ ਨਹਿਰੂ ਯੁਵਾ ਕੇਂਦਰ ਪਟਿਆਲਾ ਵੱਲੋਂ ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਦੇ ਸਹਿਯੋਗ ਨਾਲ ਸਰਕਾਰੀ ਕਲੋਨੀ ਘਲੌੜੀ ਗੇਟ ਵਿੱਚ 627ਵਾਂ ਵਣ ਮਹਾਉਤਸਵ ਮਨਾਇਆ ਗਿਆ। ਪ੍ਰਧਾਨਗੀ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਲੋਨੀ ਵਾਸੀ ਕਰਮਜੀਤ ਸਿੰਘ ਕਰਮਾ, ਰਿੰਕੂ ਕੁਮਾਰ ਅਤੇ ਸਰਬਜੀਤ ਸਿੰਘ ਨੇ ਮਿਲ ਕੇ ਪੌਦਾ ਲਗਾ ਕੇ ਵਣ ਮਹਾਂਉਤਸਵ ਪ੍ਰੋਗਰਾਮ ਦਾ ਉਦਘਾਟਨ ਕੀਤਾ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਪ੍ਰਧਾਨ ਇੰਜਨੀਅਰ ਆਕਰਸ਼ ਸ਼ਰਮਾ ਅਤੇ ਸਕੱਤਰ ਇੰਜਨੀਅਰ ਰੋਬਨਿ ਸਿੰਘ ਨੇ ਇਸ ਮੌਕੇ ਸੰਬੋਧਨ ਕੀਤੀ। ਘਲੌੜੀ ਗੇਟ ਸਰਕਾਰੀ ਕਲੋਨੀ ਦੇ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਕਰਮਜੀਤ ਸਿੰਘ ਕਰਮਾ ਨੇ ਕਿਹਾ ਕਿ ਕਲੋਨੀ ਵਿੱਚ ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਜਿਹੜੇ 50 ਫਲਦਾਰ ਪੌਦੇ ਲਗਾਏ ਗਏ ਹਨ ਉਨ੍ਹਾਂ ਦੀ ਸੰਭਾਲ ਕਲੋਨੀ ਵਾਸੀ ਕਰਨਗੇ।