ਗੁਰਦੁਆਰਾ ਸਿੱਧਸਰ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ
ਪੱਤਰ ਪ੍ਰੇਰਕ
ਪਾਇਲ, 29 ਨਵੰਬਰ
ਗੁਰਦੁਆਰਾ ਸਿੱਧਸਰ ਸਾਹਿਬ ਦੀ ਜਾਇਦਾਦ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਆਰਟੀਆਈ ਰਾਹੀਂ ਤਹਿਸੀਲਦਾਰ ਪਾਇਲ ਗੁਰਪ੍ਰੀਤ ਸਿੰਘ ਢਿੱਲੋਂ ਕੋਲੋਂ ਮੰਗੀ ਗਈ ਸੂਚਨਾ ਨਾ ਮਿਲਣ ’ਤੇ ਡੀਸੀ ਲੁਧਿਆਣਾ ਕੋਲ ਅਪੀਲ ਕੀਤੀ ਗਈ ਸੀ, ਜਿਸ ਦੇ ਬਾਵਜੂਦ ਸੂਚਨਾ ਨਹੀਂ ਮਿਲੀ। ਇਸ ਦੇ ਮੱਦੇਨਜ਼ਰ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧਸਰ ਸਾਹਿਬ ਨੇ ਮੀਟਿੰਗ ਕਰਕੇ ਛੇਤੀ ਹੀ ਹਾਈਕੋਰਟ ਜਾਣ ਦਾ ਮਤਾ ਪਾਸ ਕੀਤਾ ਹੈ। ਪ੍ਰਧਾਨ ਸਵਰਨ ਸਿੰਘ ਲਸਾੜਾ, ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਤੇ ਮਲੂਕ ਸਿੰਘ ਜੁਲਮਗੜ੍ਹ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਜਰਨੈਲ ਬਾਬਾ ਸੀਹਾਂ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਇਸ ਗੁਰਦੁਆਰੇ ਵਿੱਚ 44 ਪਿੰਡਾਂ ਦੇ ਸ਼ਰਧਾਲੂ ਨਤਮਸਤਕ ਹੁੰਦੇ ਹਨ ਤੇ ਹੁਣ ਇਸ ਗੁਰਦੁਆਰੇ ਦੀ ਜ਼ਮੀਨ ’ਤੇ ਸ਼ੋਮਣੀ ਕਮੇਟੀ ਵੱਲੋਂ ਆਪਣਾ ਹੱਕ ਜਮਾਇਆ ਜਾ ਰਿਹਾ ਹੈ। ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਨੇ ਇਸ ਮਸਲੇ ਦੇ ਹੱਲ ਲਈ ਆਰਟੀਆਈ ਪਾਈ ਸੀ ਪਰ ਪਾਇਲ ਦੇ ਸਿਵਲ ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਫ਼ੋਨ ’ਤੇ ਗੱਲ ਕਰਨ ਤੋਂ ਮਨਾ ਕਰ ਦਿੱਤਾ।