For the best experience, open
https://m.punjabitribuneonline.com
on your mobile browser.
Advertisement

ਦਸਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ

07:20 AM Mar 17, 2025 IST
ਦਸਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ
Advertisement

ਬਹਾਦਰ ਸਿੰਘ ਗੋਸਲ

ਪੰਜਾਬ ਦੀ ਇਤਿਹਾਸਕ ਅਤੇ ਪਵਿੱਤਰ ਨਗਰੀ ਮਾਛੀਵਾੜਾ ਸਾਹਿਬ ਉਹ ਅਸਥਾਨ ਹੈ, ਜਿੱਥੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਜੰਗ ਵਿੱਚ ਆਪਣੇ ਦੋ ਵੱਡੇ ਜਿਗਰ ਦੇ ਟੋਟੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ਆਪਣੇ ਪੁੱਤਰਾਂ ਵਰਗੇ 40 ਹੋਰ ਸਿੰਘਾਂ ਦਾ ਬਲੀਦਾਨ ਦੇਣ ਤੋਂ ਬਾਅਦ ਹਨੇਰੀ ਰਾਤ ਅਤੇ ਕੰਡਿਆਲੀਆਂ ਝਾੜੀਆਂ ’ਚੋਂ ਗੁਜ਼ਰਦੇ ਹੋਏ ਆਪਣੇ ਚਰਨ ਪਾਏ ਸਨ। ਇੱਥੇ ਹੀ ਉਨ੍ਹਾਂ ਵੱਲੋਂ ਹਰ ਮਨ ਨੂੰ ਟੁੰਬ ਜਾਣ ਵਾਲਾ ਸ਼ਬਦ ‘ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ’ ਉਚਾਰਿਆ ਗਿਆ ਸੀ ਅਤੇ ਮਾਛੀਵਾੜੇ ਦਾ ਇਤਿਹਾਸ ਚਿੱਤਰਿਆ ਸੀ।
ਭਾਵੇਂ ਨਗਰੀ ਵਿੱਚ ਬਹੁਤ ਹੀ ਮਹੱਤਵਪੂਰਣ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ ਪਰ ਇਸ ਨਗਰੀ ਦੇ ਬਾਹਰ ਮੀਲ ਕੁ ਦੀ ਵਿਥ ’ਤੇ ਦੱਖਣ ਵੱਲ ਬਹੁਤ ਹੀ ਰਮਣੀਕ ਅਤੇ ਵਾਤਾਵਰਨ ਅਨੁਕੂਲ ਇੱਕ ਹੋਰ ਅਹਿਮ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਪਵਿੱਤਰ ਅਸਥਾਨ ਦਾ ਨਾਂ ਹੈ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ। ਇਸ ਅਸਥਾਨ ’ਤੇ ਲਿਖੇ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਚਮਕੌਰ ਸਾਹਿਬ ਦੀ ਜੰਗ ਵਿੱਚ ਆਪਣੇ ਦੋ ਵੱਡੇ ਜਿਗਰ ਦੇ ਟੋਟੇ, ਤਿੰਨ ਪਿਆਰੇ ਅਤੇ ਪੈਂਤੀ ਸਿੰਘ ਸ਼ਹੀਦ ਕਰਵਾ ਕੇ ਪੰਜਾਂ ਸਿੰਘਾਂ ਦੇ ਹੁਕਮ ‘ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਨੂੰ ਪ੍ਰਵਾਨ ਕਰਦਿਆਂ ਅੱਠ ਪੋਹ ਦੀ ਰਾਤ ਨੂੰ ਸਿੰਘਾਂ ਨੂੰ ਕਿਹਾ, ‘ਅਸੀਂ ਤੁਹਾਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਮਿਲਾਂਗੇ, ਧਰੂ ਤਾਰੇ ਦੀ ਸੇਧ ਚੱਲੇ ਆਉਣਾ।’ ਇਸ ਤਰ੍ਹਾਂ ਉਨ੍ਹਾਂ ਚਮਕੌਰ ਦੀ ਕੱਚੀ ਗੜ੍ਹੀ ਨੂੰ ਛੱਡਿਆ ਸੀ।
ਰਾਤ ਨੂੰ ਸ਼ਾਹੀ ਫੌਜਾਂ ਵਿੱਚ ਸਿੰਘਾਂ ਦੇ ਜੈਕਾਰੇ ਸੁਣ ਕੇ ਭਾਜੜਾਂ ਪੈ ਗਈਆਂ ਸਨ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਟਿੰਡ ਦਾ ਸਿਰਹਾਣਾ ਲੈ ਕੇ ਆਰਾਮ ਕਰ ਰਹੇ ਗੁਰੂ ਜੀ ਨੂੰ ਜੰਡ ਹੇਠ ਆ ਮਿਲੇ ਸਨ। ਅੰਮ੍ਰਿਤ ਵੇਲੇ ਗੁਰੂ ਜੀ ਨੂੰ ਭਾਈ ਗੁਲਾਬਾ ਅਤੇ ਭਾਈ ਪੰਜਾਬਾ ਆਪਣੇ ਘਰ ਚੁਬਾਰਾ ਸਾਹਿਬ ਲੈ ਆਏ ਸਨ। ਇਨ੍ਹਾਂ ਦੇ ਘਰੋਂ ਹੀ ਭਾਈ ਨਬੀ ਖਾਂ ਅਤੇ ਗਨੀ ਖਾਂ ਦਸਮੇਸ਼ ਪਿਤਾ ਨੂੰ ਸਿੰਘਾਂ ਨਾਲ ਆਪਣੇ ਨਿੱਜੀ ਘਰ ਲੈ ਆਏ। ਭਾਈ ਨਬੀ ਖਾਂ ਅਤੇ ਗਨੀ ਖਾਂ ਗੁਰੂ ਜੀ ਦੇ ਪੱਕੇ ਸੇਵਕ ਸਨ। ਸਵੇਰੇ ਚਮਕੌਰ ਸਾਹਿਬ ਵਿੱਚ ਦਸਮੇਸ਼ ਪਿਤਾ ਦਾ ਸ਼ਾਹੀ ਫ਼ੌਜਾਂ ਨੂੰ ਪਤਾ ਨਾ ਲੱਗਣ ’ਤੇ 10 ਹਜ਼ਾਰ ਦੀਆਂ ਫ਼ੌਜੀ ਟੁਕੜੀਆਂ ਗੁਰੂ ਜੀ ਦੀ ਭਾਲ ਵਿੱਚ ਨਿਕਲ ਪਈਆਂ। ਦਿਲਾਵਰ ਖਾਂ ਦੀ ਫ਼ੌਜ ਨੇ ਮਾਛੀਵਾੜਾ ਸਾਹਿਬ ਦੀ ਘੇਰਾਬੰਦੀ ਕਰ ਲਈ। ਦਿੱਲੀਓਂ ਚੱਲਣ ਸਮੇਂ ਦਿਲਾਵਰ ਖਾਂ ਨੇ ਸੁੱਖਣਾ ਸੁੱਖੀ ਸੀ ਕਿ ‘ਅੱਲਾ ਤਾਲਾ, ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਟਾਕਰਾ ਨਾ ਕਰਨਾ ਪਵੇ, ਇਸ ਬਦਲੇ ਮੈਂ 500 ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਾਂਗਾ।’
ਸ਼ਾਹੀ ਫੌਜ ਦੇ ਘੇਰੇ ’ਚੋਂ ਨਿਕਲਣ ਲਈ ਉਚ ਦੇ ਪੀਰ ਦੀ ਵਿਓਂਤ ਬਣਾਈ ਗਈ। ਅੱਜ ਵੀ ਬਹਾਵਲਪੁਰ ਦੇ ਸਾਰੇ ਸੂਫੀ ਫਕੀਰ ਕੇਸਧਾਰੀ ਹਨ ਅਤੇ ਨੀਲੇੇ ਕੱਪੜੇ ਪਾਉਂਦੇ ਹਨ। ਨੀਲੇ ਕਪੜੇ ਪਾ ਕੇ ਗੁਰੂ ਜੀ ਨੂੰ ਪਲੰਗ ’ਤੇ ਬਿਠਾ ਕੇ ਚੌਰ ਸਾਹਿਬ ਦੀ ਸੇਵਾ ਭਾਈ ਦਇਆ ਸਿੰਘ ਕਰ ਰਹੇ ਸਨ, ਜਦਕਿ ਨਬੀ ਖਾਂ, ਗਨੀ ਖਾਂ, ਭਾਈ ਧਰਮ ਸਿੰਘ ਅਤੇ ਮਾਨ ਸਿੰਘ ਪਲੰਗ ਚੁੱਕ ਕੇ ਲਿਜਾ ਰਹੇ ਸਨ। ਸਿਰਫ ਡੇਢ ਕਿਲੋਮੀਟਰ ਹੀ ਗਏ ਸਨ ਕਿ ਸ਼ਾਹੀ ਫੌਜਾਂ ਨੇ ਰੋਕ ਲਿਆ। ਦਿਲਾਵਰ ਖਾਂ ਨੇ ਪੁੱਛਿਆ ‘ਕੌਣ ਹਨ, ਕਿੱਥੇ ਚੱਲੇ ਹਨ?’ ਭਾਈ ਨਬੀ ਖਾਂ ਨੇ ਕਿਹਾ, ‘ਸਾਡੇ ਉੱਚ ਦੇ ਪੀਰ ਹਨ, ਪਵਿੱਤਰ ਅਸਥਾਨ ਦੀ ਯਾਤਰਾ ਕਰ ਰਹੇ ਹਨ।’ ਦਿਲਾਵਰ ਖਾਂ ਨੇ ਕਿਹਾ, ‘ਤੁਹਾਡੇ ਉੱਚ ਦੇ ਪੀਰ ਦੀ ਸ਼ਨਾਖਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ, ਸਾਡੇ ਨਾਲ ਖਾਣਾ ਖਾਣ।’ ਭਾਈ ਨਬੀ ਖਾਂ ਅਤੇ ਗਨੀ ਖਾਂ ਬੋਲੇ, ‘ਪੀਰ ਜੀ ਤਾਂ ਰੋਜ਼ੇ ’ਤੇ ਹਨ, ਅਸੀਂ ਸਾਰੇ ਖਾਣੇ ਵਿਚ ਸ਼ਰੀਕ ਹੋਵਾਂਗੇ।’ ਇਹ ਸੁਣ ਦਸਮੇਸ਼ ਪਿਤਾ ਨੂੰ ਦਇਆ ਸਿੰਘ ਨੇ ਕਿਹਾ, ‘ਤੁਸੀਂ ਤਾਂ ਰੋਜ਼ੇ ਦੇ ਬਹਾਨੇ ਬਚ ਗਏ, ਸਾਡਾ ਕੀ ਬਣੇਗਾ।’ ਗੁਰੂ ਜੀ ਨੇ ਆਪਣੇ ਕਮਰਕਸੇ ’ਚੋਂ ਛੋਟੀ ਕ੍ਰਿਪਾਨ ਭਾਈ ਦਇਆ ਸਿੰਘ ਨੂੰ ਦਿੱਤੀ ਅਤੇ ਕਿਹਾ, ‘ਇਸ ਨੂੰ ਖਾਣੇ ਵਿੱਚ ਫੇਰ ਲੈਣਾ, ਖਾਣਾ ਦੇਗ ਬਣ ਜਾਵੇਗਾ ਅਤੇ ਵਾਹਿਗੁਰੂ ਕਹਿ ਕੇ ਛੱਕ ਲੈਣਾ।’ ਖਾਣਾ ਤਿਆਰ ਕਰਵਾ ਕੇ ਸਾਰਿਆਂ ਅੱਗੇ ਰੱਖਿਆ ਗਿਆ। ਭਾਈ ਦਇਆ ਸਿੰਘ ਨੇ ਕ੍ਰਿਪਾਨ ਕੱਢ ਕੇ ਖਾਣੇ ਵਿੱਚ ਫੇਰੀ। ਦਿਲਾਵਰ ਖਾਂ ਜਰਨੈਲ ਬੋਲਿਆ, ‘ਇਹ ਕੀ ਕਰ ਰਹੇ ਹੋ?’ ਤਾਂ ਭਾਈ ਨਬੀ ਖਾਂ ਬੋਲੇ, ‘ਜਰਨੈਲ ਸਾਹਿਬ ਹੁਣੇ ਮੱਕਾ-ਮਦੀਨਾ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਭੇਟ ਜ਼ਰੂਰ ਹੋਵੇ।’ ਫਿਰ ਸ਼ਨਾਖਤੀ ਲਈ ਕਾਜੀ ਨੂਰ ਮੁਹੰਮਦ, ਜੋ ਗੁਰੂ ਜੀ ਦਾ ਮਿੱਤਰ ਸੀ, ਨੂੰ ਨਾਲ ਦੇ ਪਿੰਡੋਂ ਨੂਰਪੁਰ ਤੋਂ ਬੁਲਾਇਆ ਗਿਆ ਸੀ। ਭਾਈ ਨੂਰ ਮੁਹੰਮਦ ਨੇ ਆ ਕੇ ਦਿਲਾਵਰ ਖਾਂ ਨੂੰ ਕਿਹਾ, ‘ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਗ ਰੋਕਣ ’ਤੇ ਕੋਈ ਬਦ-ਦੁਆ ਨਹੀਂ ਦਿੱਤੀ, ਇਹ ਪੀਰਾਂ ਦੇ ਪੀਰ ਹਨ।’ ਦਿਲਾਵਰ ਖਾਂ ਨੇ ਸਿਜਦਾ ਕਰਕੇ ਖਿਮਾ ਮੰਗੀ ਅਤੇ ਬਾ-ਇੱਜ਼ਤ ਅੱਗੇ ਜਾਣ ਲਈ ਕਿਹਾ। ਪਰ ਸਭ ਕੁਝ ਜਾਣੀ ਜਾਣ ਸਤਿਗੁਰਾਂ ਨੇ ਕਿਹਾ, ‘ਦਿਲਾਵਰ ਖਾਂ ਤੂੰ ਤਾਂ 500 ਮੋਹਰਾਂ ਉੱਚ ਦੇ ਪੀਰ ਨੂੰ ਭੇਟ ਕਰਨ ਦੀ ਸੁੱਖਣਾ ਸੁੱਖੀ ਸੀ, ਪੂਰੀ ਕਰੋ।’ ਦਿਲਾਵਰ ਖਾਂ ਦਾ ਨਿਸ਼ਚਾ ਪੱਕਾ ਹੋ ਗਿਆ। ਝੱਟ 500 ਮੋਹਰਾਂ ਅਤੇ ਕੀਮਤੀ ਦੁਸ਼ਾਲੇ ਮੰਗਵਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖੇ ਅਤੇ ਭੁੱਲ ਬਖਸ਼ਾਈ। ਗੁਰੂ ਜੀ ਨੇ ਇਹ ਭੇਟਾ ਨਬੀ ਖਾਂ ਅਤੇ ਗਨੀ ਖਾਂ ਨੂੰ ਦੇ ਦਿੱਤੀ। ਦੇਗ ਅਤੇ ਖਾਣੇ ਵਿੱਚ ਕ੍ਰਿਪਾਨ ਭੇਟ ਕਰਨ ਦਾ ਰਿਵਾਜ਼ ਗੁਰਦੁਆਰਾ ਕ੍ਰਿਪਾਨ ਭੇਟ ਤੋਂ ਚੱਲਿਆ ਅਤੇ ਚੱਲਦਾ ਰਹੇਗਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਦੁਆਰਾ ਕ੍ਰਿਪਾਨ ਭੇਟ ਅਸਥਾਨ ਜਿੱਥੇ ਇਤਿਹਾਸਿਕ ਮਹੱਤਤਾ ਰੱਖਦਾ ਹੈ, ਉੱਥੇ ਹੀ ਇਸ ਦੀ ਇਮਾਰਤ ਬਹੁਤ ਹੀ ਰਮਣੀਕ ਸਥਾਨ ’ਤੇ ਬਣੀ ਹੋਈ ਹੈ। ਚੰਗਾ ਖੁੱਲ੍ਹਾ ਸਥਾਨ ਹੋਣ ਕਾਰਨ ਇੱਥੇ ਚੰਗੇ ਰੁਖ ਲੱਗੇ ਹਨ ਅਤੇ ਇੱਕ ਅੰਬ ਦਾ ਪੁਰਾਣਾ ਦਰੱਖਤ ਤਾਂ ਬਹੁਤ ਹੀ ਵਿਲੱਖਣ ਹੈ, ਜੋ ਬਹੁਤ ਵੱਡਾ ਅਤੇ ਖੂਬ ਫੈਲਿਆ ਹੋਇਆ ਹੈ। ਇਸ ਦੇ ਟਾਹਣੇ ਦੂਰ ਤੱਕ ਫੈਲੇ ਹਨ ਅਤੇ ਸੁੰਦਰ ਲੱਗਦੇ ਹਨ। ਨਾਲ ਹੀ ਪੁਰਾਤਣ ਖੂਹ ਹੈ, ਜਿਸ ਨੂੰ ਹੁਣ ਢੱਕ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਕਰ ਰਹੇ ਹਨ। ਗੁਰਦੁਆਰਾ ਸਾਹਿਬ ਨਾਲ ਖੁੱਲ੍ਹੀ ਜ਼ਮੀਨ ਹੋਣ ਕਾਰਨ ਇਸ ਦੇ ਕੁਦਰਤੀ ਵਾਤਾਵਰਨ ਵਿੱਚ ਵਾਧਾ ਹੁੰਦਾ ਹੈ। ਮਾਛੀਵਾੜਾ ਗੁਰੂਘਰਾਂ ਦੇ ਦਰਸ਼ਨ ਕਰਨ ਆਉਂਦੀ ਸੰਗਤ ਇਸ ਅਸਥਾਨ ’ਤੇ ਵੀ ਨਤਮਸਤਕ ਹੁੰਦੀ ਹੈ, ਜੋ ਸਿੱਖ ਇਤਿਹਾਸ ਦੀ ਇੱਕ ਅਹਿਮ ਕੜੀ ਨੂੰ ਦਰਸਾਉਂਦਾ ਹੈ।

Advertisement

ਸੰਪਰਕ: 98764-52223

Advertisement
Advertisement

Advertisement
Author Image

sukhwinder singh

View all posts

Advertisement