For the best experience, open
https://m.punjabitribuneonline.com
on your mobile browser.
Advertisement

ਪਾਤਸ਼ਾਹੀ ਛੇਵੀਂ ਤੇ ਦਸਵੀਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਟਾਣਾ ਸਾਹਿਬ

05:40 PM Jun 23, 2023 IST
ਪਾਤਸ਼ਾਹੀ ਛੇਵੀਂ ਤੇ ਦਸਵੀਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਟਾਣਾ ਸਾਹਿਬ
Advertisement

ਬਹਾਦਰ ਸਿੰਘ ਗੋਸਲ

Advertisement

ਸਿੱਖ ਗੁਰੂ ਸਾਹਿਬਾਨ ਨੇ ਜਿੱਥੇ-ਜਿੱਥੇ ਵੀ ਆਪਣੇ ਚਰਨ ਪਾਏ ਹਨ, ਉਹ ਸਥਾਨ ਸੰਗਤ ਲਈ ਬਹੁਤ ਹੀ ਪਵਿੱਤਰ ਅਤੇ ਸ਼ਰਧਾਵਾਨ ਬਣ ਗਿਆ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਇਤਿਹਾਸ ਬਹੁਤ ਹੀ ਵਿਲੱਖਣ ਅਤੇ ਕੁਰਬਾਨੀਆਂ ਭਰਿਆ ਰਿਹਾ ਹੈ ਜਿਸ ਨੇ ਸੰਗਤ ‘ਤੇ ਅਥਾਹ ਪ੍ਰਭਾਵ ਪਾਇਆ। ਸਿੱਖ ਧਰਮ ਬਹੁਤ ਪੁਰਾਣਾ ਨਹੀਂ ਹੈ, ਜਿਸ ਕਰਕੇ ਸਿੱਖ ਇਤਿਹਾਸ ਦੀ ਹਰ ਘਟਨਾ ਦੀ ਤਰੀਕ ਆਦਿ ਅਸਾਨੀ ਨਾਲ ਮਿਲ ਜਾਂਦੀ ਹੈ। ਪੰਜਾਬ ਦੀ ਧਰਤੀ ਨੂੰ ਸਾਰੇ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਰਿਹਾ ਹੈ।

Advertisement

ਅਜਿਹਾ ਹੀ ਇੱਕ ਪਿੰਡ ਕਟਾਣਾ (ਜ਼ਿਲ੍ਹਾ ਲੁਧਿਆਣਾ) ਹੈ, ਜਿੱਥੇ ਛੇਵੀਂ ਪਾਤਸ਼ਾਹੀ ਅਤੇ ਫਿਰ ਦਸਵੀਂ ਪਾਤਸ਼ਾਹੀ ਨੇ ਆਪਣੇ ਚਰਨ ਛੋਹਾਂ ਨਾਲ ਇਸ ਦੀ ਧਰਤੀ ਨੂੰ ਪਵਿੱਤਰ ਕੀਤਾ। ਇੱਥੇ ਅੱਜ-ਕੱਲ੍ਹ ਗੁਰਦੁਆਰਾ ਕਟਾਣਾ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰੇ ਦੇ ਪਿੰਡ ਨੀਲੋਂ ਦੇ ਪੁਲ ‘ਤੇ ਦੋਰਾਹਾ ਨੂੰ ਜਾਣ ਸਮੇਂ ਸਰਹਿੰਦ ਨਹਿਰ ਦੇ ਕਿਨਾਰੇ ਪਿੰਡ ਕਟਾਣਾ ਵਿਖੇ ਦੂਰੋਂ ਹੀ ਦਰਸ਼ਨ ਦੀਦਾਰੇ ਹੋ ਜਾਂਦੇ ਹਨ। ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਪਿਛੋਕੜ ਨੂੰ ਜਾਣ ਕੇ ਸੰਗਤ ਇੱਥੋਂ ਦੇ ਦਰਸ਼ਨ ਕਰਨ ਲਈ ਵਿਆਕੁਲ ਹੋ ਜਾਂਦੀ ਹੈ।

ਇਸ ਗੁਰਦੁਆਰੇ ਦੀ ਇਤਿਹਾਸਕ ਮਹੱਤਤਾ ਅਨੁਸਾਰ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਦੀ ਕੈਦ ‘ਚੋਂ ਰਿਹਾ ਹੋ ਕੇ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਸਮੇਂ 20 ਫੱਗਣ 1675 ਬਿਕਰਮੀ ਨੂੰ ਇੱਥੇ ਆਏ ਸਨ। ਉਸ ਸਮੇਂ ਗੁਰੂ ਜੀ ਕੋਲ 7 ਤੋਪਾਂ ਸਨ ਅਤੇ ਨਾਲ ਹੀ 1100 ਘੋੜ ਸਵਾਰ, ਕੈਦੀ ਚੰਦੂ (ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ) ਇਕ 52 ਕਲੀਆਂ ਵਾਲਾ ਜਾਮਾ, ਜਿਸ ਨਾਲ ਗਵਾਲੀਅਰ ਦੇ ਕਿਲ੍ਹੇ ‘ਚੋਂ 52 ਕੈਦੀ ਰਾਜੇ ਆਜ਼ਾਦ ਕਰਵਾਏ ਸਨ, ਗੁਰੂ ਜੀ ਦੇ ਨਾਲ ਸਨ। ਉਨ੍ਹਾਂ ਨੇ ਇਕ ਰਾਤ ਇੱਥੇ ਵਿਸ਼ਰਾਮ ਕੀਤਾ ਅਤੇ ਇਕ ਬੇਰੀ ਦੇ ਰੁੱਖ ਨਾਲ ਆਪਣਾ ਘੋੜਾ ਬੰਨ੍ਹਿਆ ਜੋ ਅੱਜ ਵੀ ਵੱਡੇ ਰੁੱਖ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਸ ਦੀ ਸੰਭਾਲ ਪ੍ਰਬੰਧਕਾਂ ਵਲੋਂ ਬਹੁਤ ਹੀ ਸਲੀਕੇ ਨਾਲ ਕੀਤੀ ਜਾ ਰਹੀ ਹੈ। ਗੁਰੂ ਜੀ ਵਲੋਂ ਲਿਆਦੀਆਂ 7 ਤੋਪਾਂ ਵੀ ਬੇਰੀ ਸਾਹਿਬ ਦੇ ਕੋਲ ਰੱਖੀਆਂ ਹੋਈਆਂ ਹਨ। ਇਹ ਅਸਥਾਨ ਆਪ ਜੀ ਦਾ ਦਮਦਮਾ ਸਾਹਿਬ ਅਖਵਾਇਆ।

ਇਸੇ ਤਰ੍ਹਾਂ ਹੀ ਇਸ ਧਰਤ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ। ਗੁਰੂ ਗੋਬਿੰਦ ਸਿੰਘ ਜੀ ਉੱਚ ਕੇ ਪੀਰ ਬਣ ਕੇ 11 ਪੋਹ ਸੰਮਤ 1761 ਨੂੰ ਇੱਥੇ ਆਏ ਸਨ। ਉਸ ਸਮੇਂ ਉਨ੍ਹਾਂ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਨਬੀ ਖਾਂ ਅਤੇ ਭਾਈ ਗਨੀ ਖਾਂ ਸਨ। ਇੱਥੇ ਆ ਕੇ ਗੁਰੂ ਜੀ ਨੇ ਬੇਰੀ ਹੇਠਾਂ ਆਪਣਾ ਪਲੰਘ ਰਖਵਾ ਕੇ ਵਿਸ਼ਰਾਮ ਕੀਤਾ। ਇੱਥੇ ਹੀ ਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਦੇਗ ਵਰਤਾਈ ਅਤੇ ਗੁਰਦੁਆਰੇ ਦਾ ਨਾਮ ਸ੍ਰੀ ਦੇਗਸਰ ਸਾਹਿਬ ਰੱਖਿਆ।

ਇਸ ਤਰ੍ਹਾਂ ਇਹ ਸਥਾਨ ਦੋਹਾਂ ਗੁਰੂ ਸਾਹਿਬਾਨ ਦੇ ਚਰਨਾਂ ਨਾਲ ਅਥਾਹ ਪਵਿੱਤਰ ਹੋ ਗਿਆ, ਪਰ ਇਕ ਘਟਨਾ ਸੰਨ 1854 ਵਿੱਚ ਇੱਥੇ ਵਾਪਰੀ ਜਿਸ ਨੇ ਇਲਾਕੇ ਦੀ ਸੰਗਤ ਵਿੱਚ ਅਥਾਹ ਵਿਸ਼ਵਾਸ ਭਰ ਦਿੱਤਾ ਅਤੇ ਇਸ ਅਸਥਾਨ ਨੂੰ ਨਵਾਂ ਸ਼ਰਧਾ ਸਥੱਲ ਬਣਾ ਦਿੱਤਾ। ਇਸ ਘਟਨਾ ਅਨੁਸਾਰ ਜਦੋਂ ਸੰਨ 1854ਈ: ਵਿੱਚ ਸਰਹਿੰਦ ਨਹਿਰ ਲਈ ਸਰਵੇਖਣ ਹੋਇਆ ਅਤੇ ਇਸ ਅਸਥਾਨ ‘ਚੋਂ ਨਹਿਰ ਲੰਘਾਉਣ ਦੀ ਵਿਓਂਤ ਬਣੀ ਅਤੇ ਖੁਦਾਈ ਵੀ ਸ਼ੁਰੂ ਹੋ ਗਈ ਤਾਂ ਖੁਦਾਈ ਕਰਵਾਉਣ ਵਾਲਾ ਅੰਗਰੇਜ਼ ਇੰਜਨੀਅਰ ਸਮਿੱਥ, ਜਦੋਂ ਇਸ ਬੇਰੀ ਨੂੰ ਵੱਢਣ ਲੱਗਾ ਤਾਂ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਜਿੱਥੇ-ਜਿੱਥੇ ਬੇਰੀ ਦੇ ਟੱਕ ਲੱਗੇ, ਬੇਰੀ ਦੇ ਰੁੱਖ ‘ਚੋੋਂ ਖੂਨ ਨਿਕਲਿਆ। ਅੰਗਰੇਜ਼ ਇੰਜਨੀਅਰ ਨੂੰ ਬਹੁਤ ਅਫਸੋਸ ਹੋਇਆ ਅਤੇ ਉਸ ਨੇ ਗੁਰੂ ਅਸਥਾਨ ‘ਤੇ 51 ਰੁਪਏ ਦੀ ਦੇਗ ਕਰਵਾ ਕੇ ਗਲਤੀ ਦੀ ਮੁਆਫ਼ੀ ਮੰਗੀ। ਹੁਣ ਉਸ ਨੇ ਇਸ ਅਸਥਾਨ ਨੂੰ ਸੁਰੱਖਿਅਤ ਰੱਖਣ ਲਈ ਨਹਿਰ ਵਿੱਚ ਮੋੜ ਪਾ ਦਿੱਤਾ ਅਤੇ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ‘ਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਠੀਕ ਹੋ ਗਈ। ਫਿਰ ਖੁਸ਼ੀ ਅਤੇ ਸ਼ਰਧਾ ਦੇ ਰੂਪ ਵਿੱਚ ਉਸ ਅੰਗਰੇਜ਼ ਇੰਜਨੀਅਰ ਮਿਸਟਰ ਸਮਿੱਥ ਨੇ ਇੱਕ ਛੋਟੀ ਥੇਹ ਉਪਰ ਇੱਕ ਛੋਟਾ ਗੁਰਦੁਆਰਾ ਸਾਹਿਬ ਵੀ ਬਣਵਾਇਆ ਜੋ ਅੱਜ ਵੀ ਦੇਖਣਯੋਗ ਹੈ। ਪਹਿਲਾ ਗੁਰਦੁਆਰਾ ਅੱਜ ਵੀ ਪੂਰੀ ਸ਼ਾਨ ਨਾਲ ਸੁਸ਼ੋਭਿਤ ਹੈ ਅਤੇ ਹੁਣ ਇਸ ਦੀ ਵੱਡੀ ਸ਼ਾਨਦਾਰ ਇਮਾਰਤ ਬਣ ਚੁੱਕੀ ਹੈ। ਇਸ ਦਾ ਬਹੁਤ ਵੱਡਾ ਆਲੀਸ਼ਾਨ ਕੈਂਪਸ ਹੈ। ਕੈਂਪਸ ਵਿੱਚ ਪਵਿੱਤਰ ਸਰੋਵਰ ਲੰਗਰ ਹਾਲ, ਰਿਹਾਇਸ਼ੀ ਕਮਰੇ ਅਤੇ ਪ੍ਰਬੰਧਕੀ ਕਮਰੇ ਬਣੇ ਹੋਏ ਹਨ। ਬਹੁਤ ਹੀ ਸ਼ਾਨਦਾਰ ਵੱਡ ਅਕਾਰੀ ਮੁੱਖ ਦੁਆਰ ਅੱਜ-ਕੱਲ੍ਹ ਬਣ ਕੇ ਤਿਆਰ ਹੋ ਰਿਹਾ ਹੈ ਜੋ ਗੁਰਦੁਆਰਾ ਸਾਹਿਬ ਦੀ ਪਵਿੱਤਰ ਦਿੱਖ ਨੂੰ ਚਾਰ ਚੰਨ ਲਗਾ ਰਿਹਾ ਹੈ। ਇਸ ਅਸਥਾਨ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹਰ ਸੰਗਰਾਦ ਇੱਥੇ ਦਸਮੇਸ਼ ਪਿਤਾ ਦੇ ਉਦੇਸ਼ਾਂ ਦੀ ਪੂਰਤੀ ਲਈ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ।
ਸੰਪਰਕ: 98764-52223

Advertisement
Advertisement