For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਕਰਤਾਰਪੁਰ ਸਾਹਿਬ ਬਣਿਆ ਵਿਛੜਿਆਂ ਨੂੰ ਮਿਲਾਉਣ ਦਾ ਜ਼ਰੀਆ

07:27 AM Nov 23, 2023 IST
ਗੁਰਦੁਆਰਾ ਕਰਤਾਰਪੁਰ ਸਾਹਿਬ ਬਣਿਆ ਵਿਛੜਿਆਂ ਨੂੰ ਮਿਲਾਉਣ ਦਾ ਜ਼ਰੀਆ
ਚੜ੍ਹਦੇ ਪੰਜਾਬ ਤੋਂ ਗਏ ਓਮ ਪ੍ਰਕਾਸ਼ ਸੈਣੀ ਦਾ ਸਨਮਾਨ ਕਰਦੇ ਹੋਏ ਨਿਸਾਰ ਅਲੀ ਤੇ ਹੋਰ।
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 22 ਨਵੰਬਰ
ਗੁਰਦੁਆਰਾ ਕਰਤਾਰਪੁਰ ਸਾਹਿਬ ਦੇਸ਼ ਦੀ ਵੰਡ ਮਗਰੋਂ ਵਿਛੜੇ ਪੰਜਾਬੀਆਂ ਨੂੰ ਮਿਲਾਉਣ ਦਾ ਜ਼ਰੀਆ ਬਣਿਆ ਹੋਇਆ ਹੈ। ਇਸ ਦੀ ਇੱਕ ਹੋਰ ਮਿਸਾਲ ਲੰਘੇ ਦਿਨੀਂ ਉਦੋਂ ਮਿਲੀ ਜਦੋਂ ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਵਿੱਚ ਪੈਂਦੇ ਪਿੰਡ ਢੱਡਾ ਸਨੌਰ ਤੋਂ ਪਾਕਿਸਤਾਨ ਜਾ ਵੱਸੇ ਇੱਕ ਪਰਿਵਾਰ ਦੇ ਮੈਂਬਰ ਨਿਸਾਰ ਅਲੀ ਦਾ ਉਸ ਦੇ ਪੁਰਖਿਆਂ ਦੇ ਪਿੰਡਾਂ ਦੇ ਵਸਨੀਕਾਂ ਨਾਲ ਮਿਲਾਪ ਹੋਇਆ। ਵੇਰਵਿਆਂ ਅਨੁਸਾਰ ਪਾਕਿਸਤਾਨ ਰਹਿੰਦੇ ਨਿਸਾਰ ਅਲੀ ਨੂੰ ਉਨ੍ਹਾਂ ਦੇ ਪੜਦਾਦਾ ਗੁਲਾਮ ਖਾਨ ਤੇ ਦਾਦਾ ਸੁਲਤਾਨ ਖਾਨ ਦੇ ਪਿੰਡ ਢੱਡਾ ਸਨੌਰ ਦੇ ਨੇੜਲੇ ਪਿੰਡ ਭੂੰਦੀਆਂ ਅਤੇ ਜੰਡੀਰ ਦੇ ਕੁਝ ਲੋਕਾਂ ਦੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਕਰਨ ਆਉਣ ਬਾਰੇ ਜਾਣਕਾਰੀ ਮਿਲੀ ਸੀ।
ਪਿੰਡ ਭੂੰਦੀਆਂ ਵਾਸੀ ਓਮ ਪ੍ਰਕਾਸ਼ ਸੈਣੀ ਨੇ ਦੱਸਿਆ ਕਿ ਉਹ 17 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਪਿੰਡ ਜੰਡੀਰ ਰਹਿੰਦੇ ਰਿਸ਼ਤੇਦਾਰਾਂ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੇ ਦੋਸਤ ਪਿੰਡ ਢੱਡੇ ਸਨੌਰਾ ਦੇ ਵਾਸੀ ਹੌਲਦਾਰ ਮਨਜੀਤ ਸਿੰਘ ਨੇ ਪੱਛਮੀ ਪੰਜਾਬ ਦੇ ਜ਼ਿਲ੍ਹਾ ਫ਼ੈਸਲਾਬਾਦ ਦਾ ਪਿੰਡ ਸ਼ਾਹਬਾਜ਼ਪੁਰ ਵਾਸੀ ਨਿਸਾਰ ਅਲੀ ਨੂੰ ਮੋਬਾਈਲ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਦੇ ਨੇੜਲੇ ਪਿੰਡਾਂ ਤੋਂ ਕੁਝ ਵਿਅਕਤੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਮਿਲਣ ’ਤੇ ਨਿਸਾਰ ਅਲੀ ਵੀ ਆਪਣੇ ਕੁਝ ਸਾਥੀਆਂ ਨਾਲ 350 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਪਹੁੰਚਿਆ। ਓਮ ਪ੍ਰਕਾਸ਼ ਸੈਣੀ ਮੁਤਾਬਕ ਨਿਸਾਰ ਅਲੀ ਅਤੇ ਉਸ ਦੇ ਸਾਥੀਆਂ ਨੇ ਉੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਕੁਝ ਤੋਹਫ਼ੇ ਭੇਟ ਕੀਤੇ। ਓਮ ਪ੍ਰਕਾਸ਼ ਸੈਣੀ ਨੇ ਵੀ ਲੋਈ, ਸ਼ਾਲ, ਹਾਥੀ ਦੰਦ ਦਾ ਬਣਿਆ ਚਰਖਾ, ਬਟਾਲੇ ਸ਼ਹਿਰ ਦੇ ਪੇੜਿਆਂ ਦੇ ਡੱਬੇ ਭੇਟ ਕੀਤੇ। ਓਮ ਪ੍ਰਕਾਸ਼ ਸੈਣੀ ਮੁਤਾਬਕ ਨਿਸਾਰ ਅਲੀ ਨੇ ਹੌਲਦਾਰ ਮਨਜੀਤ ਸਿੰਘ ਲਈ ਵੀ ਘੜੀ ਭੇਜੀ। ਸ੍ਰੀ ਸੈਣੀ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਪਿੰਡ ਢੱਡਾ ਸਨੌਰਾ ਤੋਂ ਗਏ ਮੁਸਲਮਾਨ ਭਾਈਚਾਰੇ ਦੀ ਤੀਸਰੀ ਪੀੜ੍ਹੀ (ਨਿਸਾਰ ਅਲੀ) ਨੇ ਜਿੰਨਾ ਪਿਆਰ ਦਿੱਤਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਦੋਵਾਂ ਮੁਲਕਾਂ ਵਿਚਾਲੇ ਪਿਆਰ ਵਧਾਉਣ ਲਈ ਧਰਮ ਅਤੇ ਜਾਤਾਂ ਨੂੰ ਅਣਗੌਲਿਆਂ ਕਰਕੇ ਪੰਜਾਬੀਆਂ ਨੂੰ ਦੁਬਾਰਾ ਇੱਕ ਮਾਲਾ ਵਿੱਚ ਪਰੋਣਾ ਸਮੇਂ ਦੀ ਲੋੜ ਹੈ।

Advertisement

Advertisement
Advertisement
Author Image

joginder kumar

View all posts

Advertisement