ਕੇਂਦਰ ਤੇ ਸੂਬਾ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹੈ ਗੁਰਦੁਆਰਾ ਚੋਣ ਕਮਿਸ਼ਨ: ਵਡਾਲਾ
ਜਗਜੀਤ ਸਿੰਘ
ਮੁਕੇਰੀਆਂ, 30 ਨਵੰਬਰ
ਸਿੱਖ ਸਦਭਾਵਨਾ ਦਲ ਅਤੇ ਸ਼ੇਰ-ਏ-ਪੰਜਾਬ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਦਬਾਅ ਹੇਠ ਗੁਰਦੁਆਰਾ ਚੋਣ ਕਮਿਸ਼ਨ ਸ਼੍ਰੋਮਣੀ ਕਮੇਟੀ ਚੋਣਾਂ ਲਈ ਗੰਭੀਰ ਨਹੀਂ ਹੈ, ਜਿਸ ਖ਼ਿਲਾਫ਼ ਉਨ੍ਹਾਂ ਮੁੜ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਉਹ ਇੱਥੇ ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਗੁਰਦੁਆਰਾ ਸੁਧਾਰ ਲਹਿਰ ਮੁਹਿੰਮ ਤਹਿਤ ਬਾਬਾ ਲੱਖੀ ਸ਼ਾਹ ਲੁਬਾਣਾ ਭਵਨ ਵਿੱਚ ਕਰਵਾਏ ਗੁਰਮਤਿ ਸਮਾਗਮ ’ਚ ਸ਼ਾਮਲ ਹੋਣ ਲਈ ਪੁੱਜੇ ਸਨ। ਭਾਈ ਵਡਾਲਾ ਨੇ ਕਿਹਾ ਕਿ ਹਾਈ ਕੋਰਟ ਨੇ 29 ਅਕਤੂਬਰ ਨੂੰ ਗੁਰਦੁਆਰਾ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਸੀ ਕਿ ਉਨ੍ਹਾਂ ਵੱਲੋਂ ਦਾਇਰ ਰਿੱਟ ਅਨੁਸਾਰ ਇਤਰਾਜ਼ ਦੂਰ ਕਰ ਕੇ ਚੋਣਾਂ ਸਮੇਂ ਸਿਰ ਕਰਾਉਣ ਲਈ ਕਾਰਵਾਈ ਕੀਤੀ ਜਾਵੇ ਪਰ ਮਹੀਨੇ ਬਾਅਦ ਵੀ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਤੂਬਰ 2023 ਤੋਂ 2024 ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਸ਼੍ਰੋਮਣੀ ਕਮੇਟੀ ਵੋਟਾਂ ਦੀ ਸੁਧਾਈ ਦੀਆਂ ਤਰੀਕਾਂ ਲਈ ਸਮਾਂ ਦੇਣਾ ਸਰਕਾਰ ਵੱਲੋਂ ਵੋਟਾਂ ਟਾਲਣ ਦਾ ਯਤਨ ਹੈ, ਜਿਸ ਖ਼ਿਲਾਫ਼ ਸਿੱਖ ਸਦਭਾਵਨਾ ਦਲ ਨੇ ਮੁੜ ਹਾਈ ਕੋਰਟ ਦਾ ਰੁਖ਼ ਕੀਤਾ ਹੈ।
ਇਸ ਮੌਕੇ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ 14 ਸਾਲਾਂ ਬਾਅਦ ਵੀ ਸ਼੍ਰੋਮਣੀ ਕਮੇਟੀ ਚੋਣਾਂ ਨਾ ਕਰਾਉਣਾ ਸਰਕਾਰਾਂ ਦੀ ਬਦਨੀਤੀ ਜ਼ਾਹਿਰ ਕਰਦਾ ਹੈ, ਜਿਸ ਖ਼ਿਲਾਫ਼ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਕੀਤੀ ਗਈ ਹੈ। ਸ੍ਰੀ ਵਡਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਪਿੰਡ ਪੱਧਰ ਤੱਕ ਲਾਮਬੰਦੀ ਕੀਤੀ ਜਾਵੇ।