ਗੁਰਦਾਸਪੁਰ: ਡੀਸੀ ਵੱਲੋਂ ਕੇਂਦਰੀ ਜੇਲ੍ਹ ’ਚ ਹਿੰਸਾ ਦੀ ਜਾਂਚ ਸ਼ੁਰੂ, ਡਿਪਟੀ ਸੁਪਰਡੈਂਟ ਨੂੰ ਛੁੱਟੀ ’ਤੇ ਭੇਜਿਆ
ਕੇਪੀ ਸਿੰਘ
ਗੁਰਦਾਸਪੁਰ, 15 ਮਾਰਚ
ਇਥੋਂ ਦੀ ਕੇਂਦਰੀ ਜੇਲ੍ਹ ਵਿੱਚ ਵੀਰਵਾਰ ਨੂੰ ਕੈਦੀਆਂ ਦੇ ਦੋ ਧੜਿਆਂ ਵਿੱਚ ਹੋਈ ਝੜਪ ਮਗਰੋਂ ਭੜਕੀ ਹਿੰਸਾ ਕਾਰਨ ਪੰਜਾਬ ਸਰਕਾਰ ਨੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ। ਛੁੱਟੀ 'ਤੇ ਭੇਜੇ ਡੀਐੱਸਪੀ ਹਰਭਜਨ ਸਿੰਘ ਦੀ ਥਾਂ ਉਸੇ ਰੈਂਕ ਦੇ ਤਿੰਨ ਅਧਿਕਾਰੀਆਂ ਨੂੰ ਲਾਇਆ ਗਿਆ ਹੈ, ਜਿਨ੍ਹਾਂ ਵਿੱਚ ਨਵਦੀਪ ਸਿੰਘ ਬੈਨੀਵਾਲ, ਦਰਸ਼ਨ ਸਿੰਘ ਅਤੇ ਮੰਗਲ ਸਿੰਘ ਸ਼ਾਮਲ ਹਨ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਸੀ ਅਗਰਵਾਲ ਨੇ ਦੱਸਿਆ ਕਿ ਗੁਰਦਾਸਪੁਰ ਦੇ ਐਸਡੀਐੱਮ ਕਰਮਜੀਤ ਸਿੰਘ ਨੂੰ ਜਾਂਚ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ 72 ਘੰਟਿਆਂ ਅੰਦਰ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐੱਸਡੀਐਮ ਵੱਲੋਂ ਤਿੰਨ ਦਿਨਾਂ ਵਿੱਚ ਕਾਰਵਾਈ ਪੂਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਚੋਣ ਸਬੰਧੀ ਬਹੁਤ ਸਾਰਾ ਕੰਮ ਐੱਸਡੀਐਮ ਅਤੇ ਉਨ੍ਹਾਂ ਦੇ ਦਫ਼ਤਰ ਵੱਲੋਂ ਕੀਤਾ ਜਾਣਾ ਹੈ। ਜੇ ਐੱਸਡੀਐੱਮ ਚਾਹੁਣ ਤਾਂ ਸਮਾਂ ਵਧਾਇਆ ਜਾ ਸਕਦਾ ਹੈ। ਜੇਲ੍ਹ ਸੁਪਰਡੈਂਟ ਨਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੈਦੀਆਂ ਵੱਲੋਂ ਕੀਤੇ ਨੁਕਸਾਨ ਦੀ ਜਾਂਚ ਲਈ ਕਮੇਟੀ ਬਣਾਈ ਸੀ। ਜੇਲ੍ਹ ਕੰਪਲੈਕਸ ਦੇ ਅੰਦਰ ਹਸਪਤਾਲ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ, ਜਿਸ ਕਾਰਨ ਜਿਸ ਇਲਾਕੇ ਵਿਚ ਹਿੰਸਾ ਹੋਈ ਸੀ, ਉਸ ਵਿਚ ਬਹੁਤ ਸਾਰੀ ਨਿਰਮਾਣ ਸਮੱਗਰੀ ਪਈ ਸੀ। ਕੈਦੀਆਂ ਨੇ ਉਸਾਰੀ ਸਮੱਗਰੀ ਦਾ ਫ਼ਾਇਦਾ ਉਠਾਉਂਦੇ ਹੋਏ ਪੁਲੀਸ 'ਤੇ ਪੱਥਰ, ਟਾਈਲਾਂ ਅਤੇ ਇੱਟਾਂ ਸੁੱਟੀਆਂ। ਜੇਲ੍ਹ ਅੰਦਰ ਸਰਕਾਰੀ ਜਾਇਦਾਦ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਬਣਾਈ ਗਈ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਜਾਂਚ ਸਮਾਂਬੱਧ ਜਾਂਚ ਨਹੀਂ ਹੈ ਪਰ ਫਿਰ ਵੀ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਲਿਆ ਜਾਵੇਗਾ।