ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਲਕਾ ਗੁਰਦਾਸਪੁਰ: ਚੋਣ ਮੈਦਾਨ ਫਤਹਿ ਕਰਨ ਲਈ ਸਾਰੀਆਂ ਧਿਰਾਂ ਕਰ ਰਹੀਆਂ ਨੇ ਜ਼ੋਰ-ਅਜ਼ਮਾਈ

07:48 AM May 22, 2024 IST

ਰਾਜਨ ਮਾਨ
ਰਮਦਾਸ, 21 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਇਸ ਵਾਰ ਕਾਂਗਰਸ ਆਪਣਾ ਕਿਲ੍ਹਾ ਮੁੜ ਫਤਿਹ ਕਰਨ, ਭਾਜਪਾ ਕਿਲ੍ਹਾ ਬਚਾਉਣ ਅਤੇ ‘ਆਪ’ ਸੰਨ੍ਹ ਲਾਉਣ ਲਈ ਪੱਬਾਂ ਭਾਰ ਹਨ। ਇੱਥੇ ਅਕਾਲੀ ਦਲ ਵਲੋਂ ਵੀ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਇਸ ਹਲਕੇ ਤੋਂ ਇਸ ਵਾਰ ਚਹੁਕੋਣਾ ਮੁਕਾਬਲਾ ਹੈ। ਇਸ ਵਾਰ ਭਾਜਪਾ ਤੋਂ ਅਲੱਗ ਹੋ ਕੇ ਮੈਦਾਨ ਵਿੱਚ ਉਤਰਿਆ ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਹੋਂਦ ਦਿਖਾਉਣ ਦੀ ਲੜਾਈ ਲੜ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲੀ ਸਮੇਂ ਇਹ ਸੀਟ ਭਾਜਪਾ ਦੇ ਖਾਤੇ ਵਿੱਚ ਜਾਂਦੀ ਸੀ। ਅਕਾਲੀ ਦਲ ਪਹਿਲੀ ਵਾਰ ਨੀਮ ਪਹਾੜੀ ਇਲਾਕਿਆਂ ਵਿੱਚ ਆਪਣੀ ਥਾਂ ਲੱਭ ਰਿਹਾ ਹੈ। ਪਠਾਨਕੋਟ, ਸੁਜਾਨਪੁਰ, ਭੋਆ ਅਤੇ ਦੀਨਾਨਗਰ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਦਲ ਵੱਲੋਂ ਪਹਿਲਾਂ ਕਦੇ ਧਿਆਨ ਨਹੀਂ ਸੀ ਦਿੱਤਾ ਜਾਂਦਾ ਸੀ ਪਰ ਇਸ ਵਾਰ ਇਨ੍ਹਾਂ ਹਲਕਿਆਂ ਵਿੱਚ ਅਕਾਲੀ ਦਲ ਜ਼ੋਰ ਲਾ ਰਿਹਾ ਹੈ।
ਉਧਰ ਕਾਂਗਰਸ ਪਾਰਟੀ 1952 ਤੋਂ ਬਾਅਦ 12 ਵਾਰ ਇਸ ਹਲਕੇ ’ਤੇ ਕਾਬਜ਼ ਰਹੀ, ਉਹ ਹੁਣ ਆਪਣੇ ਕਿਲ੍ਹੇ ’ਤੇ ਮੁੜ ਕਾਬਜ਼ ਹੋਣ ਲਈ ਪੂਰੀ ਤਾਕਤ ਲਗਾ ਰਹੀ ਹੈ। ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਵੀ ਹਨ ਅਤੇ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਇਕ ਵੀ। ਉਨ੍ਹਾਂ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ। ਗੁਰਦਾਸਪੁਰ ਪੰਜਾਬ ਵਿੱਚ ਇਕੋ ਇਕ ਅਜਿਹਾ ਲੋਕ ਸਭਾ ਹਲਕਾ ਹੈ ਜਿੱਥੇ ਕਾਂਗਰਸ ਦਾ ਸੱਤ ਵਿਧਾਨ ਸਭਾ ਹਲਕਿਆਂ ’ਤੇ ਕਬਜ਼ਾ ਹੈ ਜਦਕਿ ਬਟਾਲਾ ’ਤੇ ‘ਆਪ’ ਅਤੇ ਪਠਾਨਕੋਟ ’ਤੇ ਭਾਜਪਾ ਕਾਬਜ਼ ਹੈ। ਉਧਰ ਭਾਰਤੀ ਜਨਤਾ ਪਾਰਟੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਚਾਰ ਕਰਨ ਲਈ ਆ ਰਹੇ ਹਨ। ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਅਕਾਲੀ ਦਲ ਨਾਲ ਤੋੜ ਵਿਛੋੜੇ ਕਾਰਨ ਪੇਂਡੂ ਹਲਕਿਆਂ ਵਿੱਚ ਭਾਜਪਾ ਲਈ ਰਾਹ ਸੌਖਾ ਨਹੀਂ ਹੈ। ਉਧਰ ਕਾਂਗਰਸ ਲਈ ਜਿੱਤ ਹਾਸਲ ਕਰਨ ਲਈ ਏਕਾ ਬਹੁਤ ਜ਼ਰੂਰੀ ਹੈ। ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕਜੁੱਟ ਹੋ ਕੇ ਚੱਲਣਾ ਪੈਣਾ ਹੈ। ਇਨ੍ਹਾਂ ਤਿੰਨਾਂ ਆਗੂਆਂ ਦੇ ਆਪਸੀ ਮੇਲ ਨਾਲ ਹੀ ਕਾਂਗਰਸ ਦਾ ਬੇੜਾ ਪਾਰ ਲਗ ਸਕਦਾ ਹੈ। ਜੇਕਰ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਗੁੱਟਬੰਦੀ ਕਾਰਨ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਵੱਖਰਾ ਹੁੰਦਾ ਸੀ ਪਰ ਇਸ ਵਾਰ ਇਨ੍ਹਾਂ ਵਿਚਕਾਰ ਨਜ਼ਦੀਕੀਆਂ ਬਣ ਗਈਆਂ ਹਨ ਅਤੇ ਇਹ ਨੇੜਤਾ ਚੋਣਾਂ ਵਿੱਚ ਕਿੰਨੀ ਕੁ ਸਾਰਥਕ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਵਲੋਂ ਪੂਰੇ ਕਮਰਕੱਸੇ ਕੀਤੇ ਗਏ ਹਨ। ‘ਆਪ’ ਵਲੋਂ ਆਪਣੇ ਵਿਧਾਇਕ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਆਪਣੀ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ। ਅਕਾਲੀ ਦਲ ਨੂੰ ਡੇਰਾ ਬਾਬਾ ਨਾਨਕ ਹਲਕੇ ਤੋਂ ਉਨ੍ਹਾਂ ਦੇ ਆਗੂ ਰਵੀਕਰਨ ਸਿੰਘ ਕਾਹਲੋਂ ਦੇ ਭਾਜਪਾ ਵਿੱਚ ਜਾਣ ਦਾ ਝਟਕਾ ਜ਼ਰੂਰ ਲੱਗਾ ਹੈ ਪਰ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਪੇਂਡੂ ਖੇਤਰਾਂ ਵਿੱਚ ਪੂਰੀਆਂ ਰੈਲੀਆਂ ਕਰ ਰਹੇ ਹਨ।

Advertisement

Advertisement