For the best experience, open
https://m.punjabitribuneonline.com
on your mobile browser.
Advertisement

ਗੁਰਦਾਸਪੁਰ: ਕਾਂਗਰਸ ਉਮੀਦਵਾਰ ਦੇ ਐਲਾਨ ਮਗਰੋਂ ਮੁਕਾਬਲਾ ਰੌਚਕ ਬਣਿਆ

11:39 AM Apr 30, 2024 IST
ਗੁਰਦਾਸਪੁਰ  ਕਾਂਗਰਸ ਉਮੀਦਵਾਰ ਦੇ ਐਲਾਨ ਮਗਰੋਂ ਮੁਕਾਬਲਾ ਰੌਚਕ ਬਣਿਆ
ਸੁਖਜਿੰਦਰ ਸਿੰਘ ਰੰਧਾਵਾ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਦਿਨੇਸ਼ ਸਿੰਘ ਬੱਬੂ, ਦਲਜੀਤ ਸਿੰਘ ਚੀਮਾ, ਰਾਜ ਕੁਮਾਰ ਜਨੋਤਰਾ
Advertisement

ਐਨਪੀ ਧਵਨ
ਪਠਾਨਕੋਟ, 29 ਅਪਰੈਲ
ਕਾਂਗਰਸ ਪਾਰਟੀ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਣ ਨਾਲ ਮੁਕਾਬਲਾ ਚਾਰਕੋਣਾ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਜਾਣਕਾਰੀ ਅਨੁਸਾਰ ਭਾਜਪਾ ਤੋਂ ਦਿਨੇਸ਼ ਸਿੰਘ ਬੱਬੂ, ‘ਆਪ’ ਤੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸ਼੍ਰੋਮਣੀ ਅਕਾਲੀ ਦਲ ਤੋਂ ਦਲਜੀਤ ਸਿੰਘ ਚੀਮਾ ਅਤੇ ਬਸਪਾ ਤੋਂ ਰਾਜ ਕੁਮਾਰ ਜਨੋਤਰਾ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਗੁਰਦਾਸਪੁਰ ਸੰਸਦੀ ਹਲਕੇ ਅੰਦਰ 9 ਵਿਧਾਨ ਸਭਾ ਹਲਕੇ ਪਠਾਨਕੋਟ, ਸੁਜਾਨਪੁਰ, ਭੋਆ, ਦੀਨਾਨਗਰ, ਗੁਰਦਾਸਪੁਰ, ਬਟਾਲਾ, ਕਾਦੀਆਂ, ਫ਼ਤਹਿਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਪੈਂਦੇ ਹਨ। ਇਨ੍ਹਾਂ ਵਿੱਚੋਂ ਸੁਜਾਨਪੁਰ, ਦੀਨਾਨਗਰ, ਕਾਦੀਆਂ, ਫਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਦੇ 6 ਹਲਕਿਆਂ ਵਿੱਚ ਮੌਜੂਦਾ ਸਮੇਂ ਵਿੱਚ ਕਾਂਗਰਸ ਦੇ ਵਿਧਾਇਕ ਹਨ ਜਦੋਂਕਿ ਬਟਾਲਾ ਅਤੇ ਭੋਆ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਇਕੱਲਾ ਪਠਾਨਕੋਟ ਹਲਕੇ ਅੰਦਰ ਭਾਜਪਾ ਦਾ ਵਿਧਾਇਕ ਹੈ। ਖੜ੍ਹੇ ਉਮੀਦਵਾਰਾਂ ਵਿੱਚੋਂ ਬਟਾਲਾ ਦਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ (‘ਆਪ’) ਅਤੇ ਡੇਰਾ ਬਾਬਾ ਨਾਨਕ ਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ ਪਾਰਟੀ) ਤੋਂ ਹਨ। ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ-ਮੁੱਖ ਮੰਤਰੀ ਵੀ ਰਹੇ ਹਨ ਤੇ ਉਹ ਮਰਹੂਮ ਪ੍ਰਦੇਸ਼ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਹਨ। ਉਹ 3 ਵਾਰ ਦੇ ਵਿਧਾਇਕ ਹੋਣ ਅਤੇ ਹੰਢੇ ਹੋਏ ਸਿਆਸਤਦਾਨ ਹੋਣ ਕਰ ਕੇ ਪਾਰਟੀ ਨੇ ਉਨ੍ਹਾਂ ਉਪਰ ਦਾਅ ਖੇਡਿਆ ਹੈ। ਕਾਂਗਰਸ ਦਾ ਹਰ ਪਿੰਡ ਵਿੱਚ ਆਧਾਰ ਹੋਣ ਕਰ ਕੇ ਉਨ੍ਹਾਂ ਨੂੰ ਹਰ ਜਗ੍ਹਾ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਪਠਾਨਕੋਟ, ਸੁਜਾਨਪੁਰ, ਭੋਆ, ਗੁਰਦਾਸਪੁਰ, ਬਟਾਲਾ ਤੇ ਦੀਨਾਨਗਰ ਵਿੱਚ ਹਿੰਦੂ ਬਹੁ-ਗਿਣਤੀ ਵੋਟਰ ਹੋਣ ਕਰ ਕੇ ਸ਼ਹਿਰੀ ਵੋਟਰ ਦਾ ਬੱਝਵਾਂ ਹਿੱਸਾ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ ਮਿਲਣ ਦੀ ਸੰਭਾਵਨਾ ਹੈ ਪਰ ਅਕਾਲੀ ਦਲ ਨਾਲ ਭਾਜਪਾ ਦਾ ਇਸ ਵਾਰ ਗੱਠਜੋੜ ਨਾ ਹੋਣ ਦਾ ਭਾਜਪਾ ਉਮੀਦਵਾਰ ਨੂੰ ਨੁਕਸਾਨ ਉਠਾਉਣਾ ਪਵੇਗਾ। ਡੇਰਾ ਬਾਬਾ ਨਾਨਕ, ਫ਼ਤਹਿਗੜ੍ਹ ਚੂੜੀਆਂ, ਕਾਦੀਆਂ, ਗੁਰਦਾਸਪੁਰ, ਬਟਾਲਾ ਵਿੱਚ ਅਕਾਲੀ ਦਲ ਦਾ ਕਾਫ਼ੀ ਜਨ-ਆਧਾਰ ਹੈ। ਇਸ ਦਾ ਲਾਭ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਨੂੰ ਮਿਲਣ ਦੀ ਸੰਭਾਵਨਾ ਹੈ। ਹੁਕਮਰਾਨ ‘ਆਪ’ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਬਟਾਲਾ ਅਤੇ ਹੋਰ ਖੇਤਰਾਂ ਵਿੱਚ ਚੰਗਾ ਪ੍ਰਭਾਵ ਹੋਣ ’ਤੇ ਉਹ ਵੀ ਮਜ਼ਬੂਤ ਉਮੀਦਵਾਰ ਗਿਣੇ ਜਾਂਦੇ ਹਨ। ਇਸ ਤਰ੍ਹਾਂ ਜੋ ਸਮੀਕਰਨ ਬਣੇ ਹਨ, ਉਨ੍ਹਾਂ ਅਨੁਸਾਰ ਚਾਰਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ। ਬਸਪਾ ਨੇ ਰਾਜ ਕੁਮਾਰ ਜਨੋਤਰਾ, ਸੇਵਾਮੁਕਤ ਸੁਪਰਡੈਂਟ ਇੰਜੀਨੀਅਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ ਕਿਸ ਪਾਰਟੀ ਨੂੰ ਖੋਰਾ ਲਗਾਏਗਾ, ਇਸ ਦਾ ਪ੍ਰਭਾਵ ਵੀ ਚੋਣ ਉਪਰ ਦੇਖਣ ਨੂੰ ਮਿਲੇਗਾ।

Advertisement

Advertisement
Author Image

Advertisement
Advertisement
×